ਕੱਟੇ ਗਏ ਰਾਸ਼ਨ ਕਾਰਡਾਂ ਨੂੰ ਮੁੜ ਚਲਾਉਣ ਦੀ ਮੰਗ ਲੈ ਕੇ ਧਨੌਲੇ ਦੇ ਮਜ਼ਦੂਰ ਟੈਂਕੀ ‘ਤੇ ਚੜ੍ਹੇ

189

ਬਰਨਾਲਾ ਪ੍ਰਸ਼ਾਸਨ ਸਮੇਤ ਪੰਜਾਬ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ

ਧਨੌਲਾ 23 ਮਈ (ਵਿਕਰਮ ਸਿੰਘ ਧਨੌਲਾ): ਬੀਤੀ ਮਾਰਚ ਦੇ ਵਿੱਚ ਧਨੌਲਾ ਵਿੱਚੋਂ ਤਕਰੀਬਨ ਨੌ ਸੌ ਪਰਿਵਾਰਾਂ ਦੇ ਸਸਤੀ ਕਣਕ ਵਾਲੇ ਰਾਸ਼ਨ ਕਾਰਡ ਕੱਟ ਦਿੱਤੇ ਗਏ ਸੀ। ਇਨ੍ਹਾਂ ਰਾਸ਼ਨ ਕਾਰਡਾਂ ਨੂੰ ਮੁੜ ਬਹਾਲ ਕਰਵਾਉਣ ਦੇ ਲਈ ਧਨੌਲੇ ਦੇ ਵੱਖ ਵੱਖ ਅਗਵਾੜਾਂ ਵਿਚੋਂ ਮਜ਼ਦੂਰ ਪਰਿਵਾਰਾਂ ਨਾਲ ਸਬੰਧਤ ਲੋਕ ਲਗਾਤਾਰ ਧਨੌਲਾ ਦੇ ਤਹਿਸੀਲਦਾਰ ਫੂਡ ਸਪਲਾਈ ਅਫ਼ਸਰ ਅਤੇ ਨਗਰ ਕੌਂਸਲ ਦੇ ਚੱਕਰ ਕੱਢ ਰਹੇ ਸਨ ਪਰ ਹਰ ਵਾਰ ਉਨ੍ਹਾਂ ਨੂੰ ਕੋਈ ਨਾ ਕੋਈ ਲਾਰਾ ਲਗਾ ਕੇ ਤੋਰ ਦਿੱਤਾ ਜਾਂਦਾ ਸੀ। ਬੀਤੇ ਦਿਨੀਂ ਵੀ ਤਕਰੀਬਨ ਦੋ ਸੌ ਔਰਤਾਂ ਅਤੇ ਕੁਝ ਮਰਦਾਂ ਨੇ ਇਕੱਠੇ ਹੋ ਕੇ ਧਨੌਲਾ ਤਹਿਸੀਲ ਨੂੰ ਘੇਰਨ ਦਾ ਪ੍ਰੋਗਰਾਮ ਬਣਾਇਆ ਸੀ। ਪਰ ਐੱਸ ਐੱਚ ਓ ਧਨੌਲਾ ਨੇ ਰਸਤੇ ਵਿੱਚ ਹੀ ਸਾਰਿਆਂ ਨੂੰ ਰੋਕ ਕੇ ਭਰੋਸੇ ਵਿੱਚ ਲਿਆ ਅਤੇ ਆਖਿਆ ਕਿ ਉਨ੍ਹਾਂ ਨੂੰ ਪ੍ਰਸ਼ਾਸਨ ਨਾਲ ਗੱਲ ਕਰਨ ਦਾ ਸਮਾਂ ਦਿਓ ਦੋ ਘੰਟੇ ਦੇ ਵਿੱਚ ਵਿੱਚ ਤੁਹਾਡੇ ਕਾਰਨ ਚਲਾ ਦਿੱਤੇ ਜਾਣਗੇ। ਇਹ ਵਾਅਦਾ ਪੂਰਾ ਨਾ ਹੁੰਦਿਆਂ ਦੇਖ ਕੇ ਅੱਜ ਸਥਾਨਕ ਇਲਾਕੇ ਦੇ ਵੱਖ ਵੱਖ ਅਗਵਾੜਾਂ ਵਿਚੋਂ ਭਾਰੀ ਗਿਣਤੀ ਵਿੱਚ ਔਰਤਾਂ ਅਤੇ ਮਰਦ ਇਕੱਠੇ ਹੋ ਕੇ ਤਹਿਸੀਲ ਧਨੌਲਾ ਦੇ ਨਜ਼ਦੀਕ ਇੱਕ ਪਾਣੀ ਵਾਲੀ ਟੈਂਕੀ ਦੇ ਕੋਲ ਪਹੁੰਚੇ ਜਿੱਥੇ ਜਾ ਕੇ ਕੁਝ ਨੌਜਵਾਨ ਟੈਂਕੀ ਦੇ ਉੱਤੇ ਚੜ੍ਹ ਗਏ ਅਤੇ ਬਾਕੀ ਲੋਕ ਟੈਂਕੀ ਦੇ ਹੇਠਾਂ ਧਰਨਾ ਲਗਾ ਕੇ ਬੈਠ ਗਏ। ਧਰਨੇ ਤੇ ਮੌਜੂਦ ਬੀਬੀਆਂ ਨੇ ਤਹਿਸੀਲਦਾਰ ਨਗਰ ਕੌਂਸਲ ਅਤੇ ਧਨੌਲਾ ਪ੍ਰਸ਼ਾਸਨ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਦਾ ਵੀ ਪਿੱਟ ਸਿਆਪਾ ਕੀਤਾ। ਜਦੋਂ ਇਸ ਸਬੰਧੀ ਟੈਂਕੀ ਉੱਤੇ ਚੜ੍ਹੇ ਸੁਖਵਿੰਦਰ ਸਿੰਘ ਮੁੰਦਰੀ ਨਾਲ ਗੱਲ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਬੀਤੀ ਤੇਰਾਂ ਮਾਰਚ ਨੂੰ ਤਹਿਸੀਲਦਾਰ ਵੱਲੋਂ ਉਨ੍ਹਾਂ ਨੂੰ ਲਿਖਤੀ ਰੂਪ ਵਿਚ ਆਖਿਆ ਗਿਆ ਸੀ ਕਿ ਵੀਹ ਦਿਨ ਦੇ ਵਿੱਚ ਵਿੱਚ ਸਾਰੇ ਰਾਸ਼ਨ ਕਾਰਡ ਚਲਾ ਦਿੱਤੇ ਜਾਣਗੇ। ਜਦੋਂ ਤਕਰੀਬਨ ਤਿੰਨ ਮਹੀਨੇ ਬਾਅਦ ਵੀ ਰਾਸ਼ਨ ਕਾਰਡ ਨਾ ਚੱਲੇ ਤਾਂ ਸਬੰਧਤ ਲੋਕਾਂ ਵੱਲੋਂ ਖ਼ੁਦ ਤਹਿਸੀਲਦਾਰ ਨੂੰ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਕੱਟੇ ਹੋਏ ਰਾਸ਼ਨ ਕਾਰਡਾਂ ਦੀ ਸੂਚੀ ਮੰਗੀ ਗਈ ਜਿਸ ਨੂੰ ਉਕਤ ਲੋਕਾਂ ਨੇ ਤਿਆਰ ਕਰ ਲਿਆ। ਪ੍ਰਦਰਸ਼ਨਕਾਰੀਆਂ ਅਨੁਸਾਰ ਜਦੋਂ ਇਹ ਸੂਚੀ ਤਹਿਸੀਲਦਾਰ ਨੂੰ ਦੇਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅਧਿਕਾਰੀ ਆਨੇ ਬਹਾਨੇ ਉਨ੍ਹਾਂ ਨੂੰ ਮਿਲਣ ਤੋਂ ਟਲਦੇ ਰਹੇ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਈ ਦਿਨਾਂ ਦੀ ਖੱਜਲ ਖੁਆਰੀ ਤੋਂ ਬਾਅਦ ਸਬੰਧਤ ਪੀੜਤ ਲੋਕਾਂ ਨੇ ਅੱਜ ਟੈਂਕੀ ਤੇ ਚੜ੍ਹਨ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਕੱਟੇ ਗਏ ਸਾਰੇ ਕਾਰਡ ਨਹੀਂ ਚੱਲਦੇ ਉਨੀ ਦੇਰ ਤੱਕ ਟੈਂਕੀ ਤੋਂ ਨਹੀਂ ਉਤਰਨਗੇ ਚਾਹੇ ਇਸ ਲਈ ਜਿੰਨਾ ਮਰਜ਼ੀ ਸਮਾਂ ਲੱਗ ਜਾਵੇ। ਇਹ ਧਰਨਾ ਦਿਨ ਰਾਤ ਇਸੇ ਤਰ੍ਹਾਂ ਜਾਰੀ ਰਹੇਗਾ । ਧਰਨਾਕਾਰੀਆਂ ਦੀ ਹਮਾਇਤ ਲਈ ਸਮਾਜ ਸੁਧਾਰ ਕਮੇਟੀ ਧਨੌਲਾ ਦੀ ਉਥੇ ਮੌਜੂਦ ਸੀ ਜਿਸ ਦੇ ਨੁਮਾਇੰਦੇ ਮਹਿੰਦਰ ਪਾਲ ਸਿੰਘ ਦਾਨਗੜ੍ਹ ਪ੍ਰਧਾਨ ਇਨਸਾਫ ਦੀ ਆਵਾਜ਼ ਪਾਰਟੀ, ਮਹਿੰਦਰ ਸਿੰਘ ਬੰਗੇਹਰ ਕਿਸਾਨ ਆਗੂ, ਗੁਰਮੁੱਖ ਸਿੰਘ ਖਾਲਸਾ ਸਮਾਜਸੇਵਕ ਅਤੇ ਰੱਬੀ ਸਿੰਘ ਪੇਂਟਰ ਮੌਜੂਦ ਸਨ ਗੱਲਬਾਤ ਕਰਦਿਆਂ ਮਹਿੰਦਰਪਾਲ ਸਿੰਘ ਦਾਨਗੜ੍ਹ ਨੇ ਆਖਿਆ ਕਿ ਪੰਜਾਬੀ ਪੂਰੇ ਵਿਸ਼ਵ ਦੇ ਵਿੱਚ ਕਰੋੜਾਂ ਦੇ ਦੌਰਾਨ ਲੰਗਰ ਲਗਾ ਕੇ ਸਿਫ਼ਤਾਂ ਖੱਟ ਰਹੇ ਹਨ ਪਰ ਖ਼ੁਦ ਪੰਜਾਬ ਦੇ ਵਿੱਚ ਲੋਕ ਭੁੱਖੇ ਮਰਨ ਲਈ ਮਜ਼ਬੂਰ ਹਨ ਉਨ੍ਹਾਂ ਕੈਪਟਨ ਸਰਕਾਰ ਨੂੰ ਘੇਰਦਿਆਂ ਆਖਿਆ ਕਿ ਉਹ ਨਿੱਜੀ ਤੌਰ ਤੇ ਇਸ ਮਾਮਲੇ ਦੀ ਪੜਚੋਲ ਕਰਨ ਅਤੇ ਜਿਹੜੇ ਦੋਸ਼ੀ ਹਨ, ਜਿਨ੍ਹਾਂ ਕਾਰਨ ਇਹ ਗਰੀਬ ਲੋਕਾਂ ਦੇ ਕਾਰਡ ਕੱਟੇ ਗਏ ਹਨ ਉਨ੍ਹਾਂ ਤੇ ਬਣਦੀ ਕਾਰਵਾਈ ਕਰਦਿਆਂ ਕਾਰਡਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ ਤਾਂ ਜੋ ਮਜ਼ਦੂਰ ਵਰਗ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲ ਸਕੇ। ਦਾਨਗੜ੍ਹ ਨੇ ਆਖਿਆ ਕਿ ਉਹ ਇਸ ਧਰਨੇ ਦੀ ਪੂਰੀ ਸਪੋਰਟ ਕਰਦੇ ਹਨ ਜਿੰਨੀ ਦੇਰ ਤੱਕ ਮਸਲੇ ਦਾ ਕੋਈ ਹੱਲ ਨਹੀਂ ਹੁੰਦਾ ਚਾਹੇ ਜਿੰਨਾ ਮਰਜ਼ੀ ਸਮਾਂ ਲੱਗ ਜਾਵੇ ਉਹ ਧਰਨੇ ਉੱਤੇ ਦਿਨ ਰਾਤ ਮੌਜੂਦ ਰਹਿਣਗੇ। ਉੱਥੇ ਹੀ ਮਾਮਲਾ ਭਾਰਤ ਦੇ ਭਖਦੇ ਬਰਨਾਲਾ ਦੇ ਵਿਧਾਇਕ ਮੀਤ ਹੇਅਰ ਵੀ ਮੌਕੇ ਤੇ ਪਹੁੰਚ ਗਏ। ਉਨ੍ਹਾਂ ਨੇ ਵੀ ਕੈਪਟਨ ਸਰਕਾਰ ਨੂੰ ਕੋਸਦਿਆਂ ਆਖਿਆ ਕਿ ਇਹ ਸਰਕਾਰ ਹਰ ਫਰੰਟ ਤੇ ਫੇਲ ਹੈ। ਖ਼ਬਰ ਲਿਖੇ ਜਾਣ ਤੱਕ ਉਕਤ ਨੌਜਵਾਨ ਟੈਂਕੀ ਉੱਤੇ ਚੜ੍ਹੇ ਹੋਏ ਸਨ ਅਤੇ ਟੈਂਕੀ ਦੇ ਹੇਠਾਂ ਔਰਤਾਂ ਦਾ ਭਾਰੀ ਇਕੱਠ ਲੱਗਿਆ ਹੋਇਆ ਸੀ। ਇਸ ਮੌਕੇ ਤੇ ਸਤਨਾਮ ਸਿੰਘ ਫਤਹਿ ਬੂਟਾ ਸਿੰਘ ਜਗਜੀਤ ਸਿੰਘ ਬਹਾਦਰ ਸਿੰਘ ਲਖਵਿੰਦਰ ਰਜਨੀ ਕੌਰ ਸਿਮਰਜੀਤ ਕੌਰ ਸੁਖਵਿੰਦਰ ਕੌਰ ਅਮਰਜੀਤ ਕੌਰ ਕੁਲਦੀਪ ਕੌਰ ਸੋਮਾ ਰਾਣੀ ਆਦਿ ਮੌਜੂਦ ਸਨ। ਉਧਰ ਮੌਕੇ ‘ਤੇ ਪਹੁੰਚੇ ਡੀ ਐਫ ਐਸ ਓ ਬਰਨਾਲਾ ਨੇ ਪ੍ਰਦਰਸ਼ਨਕਾਰੀਆਂ ਨੂੰ ਇਹ ਕਹਿੰਦਿਆਂ ਕਹਿੰਦਿਆਂ ਧਰਨਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਇੱਕ ਮਹੀਨਾ ਇੰਤਜ਼ਾਰ ਕਰਨ ਉਸ ਤੋਂ ਬਾਅਦ ਉਨ੍ਹਾਂ ਦੇ ਰਾਸ਼ਨ ਕਾਰਡ ਚਲਾ ਦਿੱਤੇ ਜਾਣਗੇ ਪਰ ਪ੍ਰਦਰਸ਼ਨਕਾਰੀਆਂ ਨੇ ਉਕਤ ਅਫਸਰ ਦੀ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ

Real Estate