ਆਪਣੀਆਂ 2 ਚਚੇਰੀਆਂ ਭੈਣਾਂ ਨੂੰ ਮਾਰ ਕੇ ਭੱਜੇ ਨੌਜਵਾਨ ਦੀ ਵੀ ਸੜਕ ਹਾਦਸੇ ‘ਚ ਮੌਤ

246

ਚੰਡੀਗੜ, 23 ਮਈ (ਜਗਸੀਰ ਸਿੰਘ ਸੰਧੂ) : ਪੰਜਾਬ ਦੇ ਜਿਲਾ ਤਰਨਤਾਰਨ ‘ਚ ਪੈਂਦੇ ਕਸਬਾ ਪੱਟੀ ਦੇ ਖਾਰਾ ਲਿੰਕ ਸੜਕ ‘ਤੇ ਪਿੰਡ ਕੋਟ ਦਾਤਾ ਵਿੱਚ ਅੱਜ ਦੁਪਹਿਰ ਬਾਅਦ ਇਕ ਨੌਜਵਾਨ ਨੇ ਆਪਣੇ ਸਾਥੀ ਨਾਲ ਮਿਲ ਕੇ ਆਪਣੀਆਂ ਹੀ 2 ਚਚੇਰੀਆਂ ਭੈਣਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਹੈ, ਜਦੋਂਕਿ ਇਕ ਹੋਰ ਕੁੜੀ ਘਟਨਾ ਦੌਰਾਨ ਵਾਲ-ਵਾਲ ਬਚ ਗਈ ਹੈ। ਇਸ ਦਿਲ ਦਹਿਲਾਊ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਰਹੇ ਕਾਤਲ ਦੀ ਵੀ ਇੱਕ ਸੜਕ ਹਾਦਸੇ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਜੋਬਨਜੀਤ ਸਿੰਘ ਨਾਮ ਦਾ ਨੌਜਵਾਨ ਆਪਣੀਆਂ ਚਚੇਰੀਆਂ ਭੈਣਾਂ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ, ਜਿਸ ਦੇ ਚਲਦਿਆਂ ਹੀ ਅੱਜ ਉਸਨੇ ਆਪਣੇ ਸਾਥੀਆਂ ਦੀ ਮੱਦਦ ਨਾਲ ਪੱਟੀ ਤੋਂ ਪਿੰਡ ਕੋਟਦਾਤਾ ਵੱਲੋਂ ਮੋਟਰਸਾਇਕਲ ‘ਤੇ ਆ ਰਹੀਆਂ ਆਪਣੀਆਂ ਚਚੇਰੀਆਂ ਭੈਣਾਂ ਰਮਨਦੀਪ ਕੌਰ, ਅਮਨਦੀਪ ਕੌਰ ਤੇ ਸਿਮਰਦੀਪ ਕੌਰ ਰਸਤੇ ਵਿੱਚ ਘੇਰ ਕੇ ਉਹਨਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਦੇ ਚੱਲਦਿਆਂ ਰਮਨਦੀਪ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ,ਜਦਕਿ ਅਮਨਦੀਪ ਕੌਰ ਨੇ ਕੁਝ ਦੇਰ ਬਾਅਦ ਦਮ ਤੋੜ ਦਿੱਤਾ, ਜਦੋਂ ਕਿ ਇਸ ਹਮਲੇ ਵਿਚੋਂ ਸਿਮਰਦੀਪ ਕੌਰ ਵਾਲ-ਵਾਲ ਬਚ ਗਈ।ਇਸ ਮੌਕੇ ‘ਤੇ ਪੁੱਜੇ ਥਾਣਾ ਹਰੀਕੇ ਦੇ ਮੁਖੀ ਇੰਸਪੈਕਟਰ ਜਰਨੈਲ ਸਿੰਘ ਸਰਾਂ ਨੇ ਦੱਸਿਆ ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਭੱਜਣ ਸਮੇਂ ਜੋਬਨਜੀਤ ਸਿੰਘ ਦਾ ਮੋਟਰਸਾਈਕਲ ਟਰੈਕਟਰ ਨਾਲ ਜਾ ਟਕਰਾਇਆ, ਜਿਸ ਕਾਰਨ ਉਸ ਦੀ ਵੀ ਮੌਤ ਹੋ ਗਈ ਹੈ।

Real Estate