ਮੋਹਾਲੀ ਪੁਲਸ ਦੇ ਭੂਤਰੇ ਥਾਣੇਦਾਰ ਵੱਲੋਂ ਪੱਤਰਕਾਰ ਮੇਜਰ ਸਿੰਘ ਪੰਜਾਬੀ ਦੀ ਕੁੱਟਮਾਰ

311

ਚੰਡੀਗੜ, 22 ਮਈ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਪੁਲਸ ਵੱਲੋਂ ਪੱਤਰਕਾਰਾਂ ਨਾਲ ਧੱਕੇਸ਼ਾਹੀ ਦੀਆਂ ਘਟਨਾਵਾਂ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ ਹੈ। ਮੋਹਾਲੀ ਪੁਲਸ ਦੇ ਇੱਕ ਭੂਤਰੇ ਥਾਣੇਦਾਰ ਵੱਲੋਂ ਚੰਡੀਗੜ ਅਤੇ ਮੋਹਾਲੀ ਤੋ ਪਹਿਰੇਦਾਰ ਦੇ ਜ਼ਿਲਾ ਇੰਚਾਰਜ ਮੇਜਰ ਸਿੰਘ ਪੰਜਾਬੀ ਦੀ ਬੁਰੀ ਤਰਾਂ ਕੁੱਟਮਾਰ ਕੀਤੀ ਗਏ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪੱਤਰਕਾਰ ਮੇਜਰ ਸਿੰਘ ਪੰਜਾਬੀ ਨੂੰ ਏ.ਐਸ.ਆਈ ਓਮ ਪ੍ਰਕਾਸ਼ ਅਤੇ ਅਮਰ ਨਾਥ ਨੇ ਧੱਕੇ ਨਾਲ ਪਹਿਲੇ ਫੇਸ ਦੇ ਥਾਣੇ ਲਿਜਾ ਕੇ ਬੇਰਹਿਮੀ ਨਾਲ ਕੁੱਟਿਆ ਹੈ। ਇਸ ਗੁਰਸਿੱਖ ਪਤਰਕਾਰ ਦੀ ਗਲਤੀ ਸਿਰਫ ਐਨੀ ਕੁ ਹੈ ਕਿ ਉਹਨੇ ਗੁਰਦੁਆਰਾ ਸਾਹਿਬ ਦੇ ਕਿਸੇ ਵਿਵਾਦ ਵਿਚ ਪੁਲਿਸ ਵਲੋ ਗਿਰਫਤਾਰ ਕੀਤੇ ਇੱਕ ਵਿਅਕਤੀ ਦੀ ਵੀਡੀਓ ਬਣਾ ਕੇ ਉਸਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਸੀ, ਜਿਸ ‘ਤੇ ਉਕਤ ਪੁਲਸ ਵਾਲੇ ਭੜਕ ਗਏ ਅਤੇ ਪੱਤਰਕਾਰ ਮੇਜਰ ਸਿੰਘ ਪੰਜਾਬੀ ਨੂੰ ਧੱਕੇ ਨਾਲ ਥਾਣਾ ਫੇਜ-1 ਵਿੱਚ ਲਿਜਾ ਕੇ ਉਸਦੀ ਬੁਰੀ ਤਰਾਂ ਕੱਟਮਾਰ ਕਰ ਦਿੱਤੀ। ਜਿਕਰਯੋਗ ਹੈ ਕਿ ਅਜੇ ਕੁਝ ਦਿਨ ਪਹਿਲਾਂ ਹੀ ਚੰਡੀਗੜ ਤੋ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਦਵਿੰਦਰਪਾਲ ਨਾਲ ਪੁਲਸ ਬਦਸਲੂਕੀ ਕਰਕੇ ਹਟੀ ਹੈ। ਇਸ ਦੇ ਨਾਲ ਹੀ ਦੇਸ ਵਿੱਚ ਹੋਏ ਲਾਕ ਡਾਊਨ ਅਤੇ ਪੰਜਾਬ ਵਿੱਚ ਲੱਗੇ ਕਰਫਿਊ ਦਾ ਨਾਜਾਇਜ ਫਾਇਦਾ ਉਠਾਉਂਦਿਆਂ ਪੁਲਸ ਵੱਲੋਂ ਹੁਸਿਆਰਪੁਰ ਤੋਂ ਪੱਤਰਕਾਰ ਭੁਪਿੰਦਰ ਸਿੰਘ ਸੱਜਣ, ਅਮ੍ਰਿੰਤਸਰ ਸਾਹਿਬ ਅਤੇ ਮੋਗਾ ਦੇ ਇੱਕ ਹੋਰ ਪੱਤਰਕਾਰ ‘ਤੇ ਵੀ ਗਲਤ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲਾਂ ਵਿੱਚ ਭੇਜ ਚੁੱਕੀ ਹੈ। ਬਰਨਾਲਾ ਪ੍ਰੈਸ ਕਲੱਬ ਦੇ ਸਾਬਕਾ ਪ੍ਰਧਾਨ ਰਜਿੰਦਰ ਸਿੰਘ ਬਰਾੜ ਨੇ ਇਸ ਘਟਨਾ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਪੁਲਸ ਵੱਲੋਂ ਪਰਚੇ ਦਰਜ ਕਰਕੇ ਅਤੇ ਕੁੱਟਮਾਰ ਕਰਕੇ ਸੱਚ ਲਿਖਦੀਆਂ ਕਲਮਾਂ ਨੂੰ ਦੱਬਣ ਦੀ ਨੀਤੀ ‘ਤੇ ਕੰਮ ਕੀਤਾ ਜਾ ਰਿਹਾ ਹੈ, ਜਿਸ ਦਾ ਪੱਤਰਕਾਰ ਭਾਈਚਾਰੇ ਨੂੰ ਇੱਕਜੁਟਤਾ ਨਾਲ ਅਤੇ ਹੋਰ ਇੰਨਸਾਫ ਪਸੰਦ ਜਥੇਬੰਦੀਆਂ ਅਤੇ ਲੋਕਾਂ ਦੇ ਸਹਿਯੋਗ ਨਾਲ ਵਿਰੋਧ ਕਰਨਾ ਚਾਹੀਦਾ ਹੈ।

Real Estate