ਅੰਮ੍ਰਿਤਸਰ ‘ਚ ਕੋਰੋਨਾ ਨਾਲ ਸਵਾ 2 ਮਹੀਨੇ ਦੇ ਬੱਚੇ ਦੀ ਮੌਤ, 23 ਨਵੇਂ ਆਏ ਮਰੀਜ਼ਾਂ ‘ਚ 4 ਗਰਭਵਤੀ ਔਰਤਾਂ 

208

ਚੰਡੀਗੜ, 21 ਮਈ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਅੱਜ ਕੋਰੋਨਾ ਵਾਇਰਸ ਦੇ 23 ਨਵੇਂ ਮਰੀਜਾਂ ਦੀ ਜਾਂਚ ਰਿਪੋਰਟ ਪਾਜੇਟਿਵ ਆਉਣ ਨਾਲ ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 2028 ਹੋ ਗਈ ਹੈ, ਜਦਕਿ ਅੱਜ 25 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰਾਂ ਵਿੱਚ ਚਲੇ ਗਏ। ਅੱਜ ਅੰਮ੍ਰਿਤਸਰ ਜਿਲੇ ਵਿੱਚ ਸਵਾ 2 ਮਹੀਨੇ ਦੇ ਬੱਚੇ ਦੀ ਮੌਤ ਹੋ ਜਾਣ ਨਾਲ ਸੂਬੇ ‘ਚ ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 39 ਹੋ ਗਈ ਹੈ।
ਅੱਜ ਹੁਸਿਆਰਪੁਰ ਜ਼ਿਲੇ ਵਿੱਚ 7, ਅੰਮ੍ਰਿਤਸਰ ਸਾਹਿਬ ਜ਼ਿਲੇ ਵਿੱਚ 5, ਗੁਰਦਾਸਪੁਰ ਜ਼ਿਲੇ ਵਿੱਚ 4, ਪਠਾਨਕੋਟ ਜ਼ਿਲੇ ਵਿੱਚ 2, ਲੁਧਿਆਣਾ ਜ਼ਿਲੇ ਵਿੱਚ 2 ਅਤੇ ਬਰਨਾਲਾ, ਪਟਿਆਲਾ ਤੇ ਕਪੂਰਥਲਾ ਜ਼ਿਲਿਆਂ ਵਿੱਚ ਇੱਕ- ਇੱਕ ਨਵੇਂ ਮਰੀਜ਼ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਈ ਹੈ। ਪੰਜਾਬ ‘ਚ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ 2028 ਹੋ ਗਈ ਹੈ ਤੇ ਹੁਣ ਤਕ ਸੂਬੇ ‘ਚ 39 ਮੌਤਾਂ ਹੋ ਚੁੱਕੀਆਂ ਹਨ। ਕੋਰੋਨਾ ਦੇ ਹੁਣ ਤੱਕ ਪਾਏ ਗਏ ਮਰੀਜਾਂ ਵਿੱਚੋਂ 170 ਐਕਟਿਵ ਕੇਸ ਹਨ, ਜਿਹਨਾਂ ਵਿੱਚੋਂ 1 ਮਰੀਜ ਦੀ ਸਥਿਤੀ ਗੰਭੀਰ ਹੋਣ ਕਰਕੇ ਉਸਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ, ਜਦਕਿ ਇਸ ਦੌਰਾਨ 1819 ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਪੰਜਾਬ ‘ਚ ਹੁਣ ਤਕ 59518 ਸੈਂਪਲ ਲਏ, ਜਿਹਨਾਂ ‘ਚੋਂ 53871 ਸੈਂਪਲ ਨੈਗੇਟਿਵ ਆਏ ਹਨ, ਜਦਕਿ 3719 ਸੈਂਪਲਾਂ ਦੀ ਜਾਂਚ ਰਿਪੋਰਟ ਦਾ ਅਜੇ ਇੰਤਜ਼ਾਰ ਹੈ। ਪੰਜਾਬ ‘ਚ ਹੁਣ ਤੱਕ 2028 ਮਰੀਜਾਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਈ ਹੈ, ਜਿਹਨਾਂ ਵਿਚੋਂ 170 ਐਕਟਿਵ ਕੇਸ ਹਨ । ਇਸ ਦੌਰਾਨ ਪੰਜਾਬ ਵਿੱਚ ਹੁਣ ਤੱਕ 39 ਮੌਤਾਂ ਹੋ ਚੁੱਕੀਆਂ ਅਤੇ 1819 ਮਰੀਜ਼ ਠੀਕ ਵੀ ਹੋ ਚੁੱਕੇ ਹਨ।        ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ‘ਚ ਦਾਖਲ ਨਿਮੋਨੀਆ ਤੇ ਦਿਮਾਗੀ ਬੁਖ਼ਾਰ ਦੇ ਨਾਲ-ਨਾਲ ਕੋਰੋਨਾ ਦੇ ਸ਼ਿਕਾਰ ਸਵਾ 2 ਮਹੀਨੇ ਦੇ ਬੱਚੇ ਦੀ ਅੱਜ ਸਵੇਰੇ ਮੌਤ ਹੋ ਗਈ।  ਇਸ ਬੱਚੇ ਦੀ ਅੱਜ ਸਵੇਰੇ ਇੰਫਲੁਨੇਸਕ ਲੈਬ ਤੋਂ ਕੋਵਿਡ-19 ਪਾਜ਼ੇਟਿਵ ਰਿਪੋਰਟ ਆਈ ਹੈ। ਜ਼ਿਲ੍ਹਾ ਗੁਰਦਾਸਪੁਰ ‘ਚ ਅੱਜ ਆਏ 4 ਚਾਰ ਕੇਸਾਂ ‘ਚ ਸਾਰੀਆਂ ਹੀ ਹਾਈ ਰਿਸਕ ਗਰਭਵਤੀ ਮਹਿਲਾਵਾਂ ਹਨ। ਇਕੋ ਵੇਲ੍ਹੇ ਚਾਰ ਗਰਭਵਤੀ ਮਹਿਲਾਵਾਂ ਦੇ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਉਣ ਦੀ ਸ਼ਾਇਦ ਇਹ ਪੰਜਾਬ ਦੀ ਪਹਿਲੀ ਘਟਨਾ ਹੈ। ਸਿਵਲ ਸਰਜਨ ਗੁਰਦਾਸਪੁਰ ਡਾਕਟਰ ਕਿਸ਼ਨ ਚੰਦ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਇੰਨਾਂ ਮਹਿਲਾਵਾਂ ਦੇ 19 ਮਈ ਨੂੰ ਪੂਲ ਟੈਸਟ ਕੀਤੇ ਗਏ ਸਨ ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇੰਨ੍ਹਾਂ ਵਿਚੋਂ 2 ਮਹਿਲਾਵਾਂ ਦੀ ਡਲਿਵਰੀ ਹੋ ਚੁਕੀ ਹੈ ਤੇ ਬੱਚਿਆਂ ਨੂੰ ਵੀ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ। ਪੀੜਤ ਮਹਿਲਾਵਾਂ ਵਿਚ ਇਕ ਮਹਿਲਾ ਬਸੰਤ ਨਗਰ ਬਟਾਲਾ, ਦੂਸਰੀ ਕਾਦੀਆਂ ਦੇ ਪਿੰਡ ਡਾਲਾ, ਤੀਸਰੀ ਢਡਿਆਲਾ ਨਜ਼ਾਰਾ ਅਤੇ ਚੌਥੀ ਧੰਦੋਈ ਪਿੰਡ ਦੀ ਵਸਨੀਕ ਹੈ। ਇੰਨਾ ਨੂੰ ਕੋਰੋਨਾ ਵਾਇਰਸ ਦੇ ਕੋਈ ਲੱਛਣ ਨਹੀਂ ਹਨ।

Real Estate