ਹਵਾਬਾਜ਼ੀ ਉਦਯੋਗ ਨੂੰ ਕਰੋਨਾ ਨੇ ਵੱਡੀ ਢਾਹ ਲਾਈ, ਅਗਲੇ ਸਾਲ ਤਕ ਉਭਰਨ ਦੇ ਆਸਾਰ

142

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਨੀਵਰਸਿਟੀ ਬਿਜ਼ਨਸ ਸਕੂਲ ਵੱਲੋਂ ਵੈਬੀਨਾਰ ਲੜੀ
ਅੰਮ੍ਰਿਤਸਰ 20 ਮਈ 2020  – ਵਿਸ਼ਵ ਵਿਚ ਕੋਵਿਡ 19 ਵਾਇਰਸ ਕਾਰਨ ਫੈਲੀ ਮਹਾਂਮਾਰੀ ਨੇ ਜਿਥੇ ਵਿਸ਼ਵ ਦੀ ਆਰਥਿਕਤਾ ਨੂੰ ਹਿਲਾ ਕੇ ਰੱਖ ਦਿੱਤਾ ਉਥੇ ਜ਼ਿੰਦਗੀ ਦੇ ਹੋਰ ਵਰਤਾਰਿਆਂ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਵਿਸ਼ਵ ਵਿਚ ਵਪਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਏ ਹਨ ਅਤੇ ਵਪਾਰ ਪ੍ਰਬੰਧਨ ਦੇ ਨਾਲ ਸਬੰਧਤ ਇਨ੍ਹਾਂ ਪ੍ਰਸਿਥਤੀਆਂ ਨਾਲ ਨਿਜੱਠਣ ਅਤੇ ਭਵਿੱਖਮੁਖੀ ਫੈਸਲਿਆਂ ਸਬੰਧੀ ਨਿੱਠ ਕੇ ਚਰਚਾ ਕਰਨ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਨੀਵਰਸਿਟੀ ਬਿਜ਼ਨਸ ਸਕੂਲ ਵੱਲੋਂ ਵੈਬੀਨਾਰ ਲੜੀ ਸ਼ੁਰੂ ਕੀਤੀ ਗਈ ਹੈ। ਇਸ ਲੜੀ ਦੇ ਦੂਜੇ ਵੈਬੀਨਾਰ ਦੌਰਾਨ ਕੋਵਿਡ 19 ਦੌਰਾਨ ਟਰੈਵਲ ਤੇ ਟੂਰਿਜ਼ਮ, ਪਰੌ੍ਹਣਾਚਾਰੀ, ਹਵਾਬਾਜ਼ੀ ਅਤੇ ਹੋਰ ਰੀਟੇਲ ਸੈਕਟਰ ਨੂੰ ਦਰਪੇਸ਼ ਚੁਣੌਤੀਆਂ ‘ਤੇ ਚਰਚਾ ਕੀਤੀ ਗਈ ਜਿਸ ਵਿਚ ਦੇਸ਼ ਦੀਆਂ ਵੱਖ ਵੱਖ ਸੰਸਥਾਵਾਂ ਅਤੇ ਯੂਨੀਵਰਸਿਟੀ ਦੇ ਵਿਭਾਗਾਂ ਦੇ ਵਿਦਵਾਨਾਂ ਤੇ ਖੋਜਾਰਥੀਆਂ ਅਤੇ ਵਪਾਰਕ ਅਦਾਰਿਆਂ ਦੇ 250 ਨੁਮਾਂਇੰਦਆਂ ਨੇ ਭਾਗ ਲਿਆ।
ਯੂਨੀਵਰਸਿਟੀ ਬਿਜ਼ਨਸ ਸਕੂਲ ਦੇ ਚੇਅਰਪਰਸਨ ਅਤੇ ਮੁਖੀ ਡਾ. ਜਸਵੀਨ ਕੌਰ ਅਤੇ ਵੈਬੀਨਾਰ ਦੇ ਡਾਇਰੈਕਟਰ ਨੇ ਭਾਗ ਲੈਣ ਵਾਲਿਆਂ ਨੂੰ ਜੀ ਆਇਆਂ ਆਖਦਿਆਂ ਵੈਬੀਨਾਰ ਵਿਚ ਵਿਚਾਰੇ ਜਾਣ ਮੁੱਦਿਆਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਯਾਤਰਾ ਅਤੇ ਸੈਰ-ਸਪਾਟਾ, ਹਵਾਬਾਜ਼ੀ, ਪ੍ਰਾਹੁਣਚਾਰੀ (ਹੋਟਲ ਅਤੇ ਰੈਸਟੋਰੈਂਟ) ਜਿਹੇ ਕਾਰੋਬਾਰ ਬਿਲਕੁਲ ਹੇਠਲੇ ਪੱਧਰ ‘ਤੇ ਆ ਡਿੱਗੇ ਹਨ ਅਤੇ ਮੌਜੂਦਾ ਪ੍ਰਸਥਿਤੀਆਂ ਦੇ ਵਿਰੁੱਧ ਆਪਣੇ ਵਿਕਾਸ ਨੂੰ ਸੰਤੁਲਿਤ ਕਰਨ ਲਈ ਜੱਦੋਜਹਿਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਵੀਨਤਮ ਪਹਿਲਕਦਮੀਆਂ ਨੂੰ ਅਪਣਾ ਕੇ ਹੀ ਹੋਰ ਕਾਰੋਬਾਰੀ ਘਟਾਓ ਨੂੰ ਰੋਕਣ ਦੀ ਦਿਸ਼ਾ ਵਿਚ ਕਦਮ ਪੁੁੱਟੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ਸਮਾਜਿਕ ਦੂਰੀਆਂ, ਸੈਨੀਟਾਈਜ਼ਰ, ਮਾਸਕ, ਦਸਤਾਨੇ ਅਤੇ ਫੇਸ ਮਾਸਕ ਅੱਜ ਯਾਤਰਾ ਦਾ ਅੰਗ ਬਣ ਗਏ ਹਨ। ਕੋਈ ਵੀ ਅਸਲ ਵਿੱਚ ਨਹੀਂ ਜਾਣਦਾ, ਜਾਂ ਸਹੀ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਇਸ ਮਹਾਂਮਾਰੀ ਨੂੰ ਵਿਰਾਮ ਕਦ ਲਗੇਗਾ ਜਾਂ ਕੀ ਘਾਟਾ ਵਾਧਾ ਹੋਵੇਗਾ ਭਾਵੇਂ ਕਿ ਇਸ ਦੇ ਇਲਾਜ ਦੀ ਭਾਲ ਸਬੰਧੀ ਨਤੀਜੇ ਆਉਣੇ ਅਜੇ ਬਾਕੀ ਹਨ। ਉਨ੍ਹਾਂ ਕਿਹਾ ਕਿ ਉੱਚ ਘਣਤਾ ਵਾਲੀਆਂ ਥਾਵਾਂ, ਖ਼ਾਸਕਰ ਉਨ੍ਹਾਂ ਦਾ ਨਾਰਮਲ ਹੋਣ ਅੱਜ ਬਹੁਤ ਮੁਸ਼ਕਿਲ ਜਾਪਦਾ ਹੈ ਅਤੇ ਕੋਈ ਵੀ ਇਸ ਸਬੰਧੀ ਜੋਖਮ ਲੈਣ ਲਈ ਤਿਆਰ ਨਹੀਂ ਹੁੰਦਾ। ਮੌਜੂਦਾ ਸੰਕੇਤਾਂ ਦੇ ਅਨੁਸਾਰ ਤਾਲਾਬੰਦੀ ਸਬੰਧੀ ਕੋਈ ਅੰਦਾਜ਼ਾ ਨਹੀ ਲਗਾਇਆ ਜਾ ਸਕਦਾ। ਇਸ ਸਾਲ ਦੇ ਅੰਤ ਤਕ ਵੱਖ ਵੱਖ ਉਦਯੋਗਾਂ ਨੂੰ ਪੈਰਾ ਸਿਰ ਹੋਣ ਦੇ ਲਈ ਇਕ ਸੰਘਰਸ਼ ਵਿਚੋਂ ਲੰਘਣਾ ਪਵੇਗਾ।
ਇੰਡੀਗੋ ਏਅਰਲਾਈਨਜ਼ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਸ਼੍ਰੀ ਰਾਜ ਰਾਘਾਵਨ; ਪੁਲਮੈਨ ਨੋਵੋਟੈਲ ਨਵੀਂ ਦਿੱਲੀ ਏਰੋਸਿਟੀ ਦੇ ਟੇਲੈਂਟ ਐਂਡ ਕਲਚਰ ਦੇ ਡਾਇਰੈਕਟਰ ਸ਼੍ਰੀ ਸ੍ਰਨਿਵਾਸ ਰਾਓ; ਲੈਂਡ ਮਾਰਕ ਗਰੁੁਪ (ਲਾਈਫ ਸਟਾਈਲ, ਹੋਮ ਸੈਂਟਰ, ਮੈਕਸ,  ਈਜ਼ੀਬਾਏ, ਸਪਾਰ, ਸਿਟੀ ਮੈਕਸ)  ਦੇ ਗਰੁੱਪ ਪ੍ਰੈਜ਼ੀਡੈਂਟ, ਸ਼੍ਰੀ ਵੈਂਕਟਾਰਮਨ ਅਤੇ ਮੋਰ ਰੀਟੇਲ ਲਿਮਿਟਡ ਦੇ ਚੀਫ ਹਿਊਮਨ ਰੀਸੋਰਸ ਆਫੀਸਰ ਸ਼੍ਰੀ ਗਨੇਸ਼ ਸੁਬਰਾਮਨੀਅਮ ਨੇ ਇਸ ਵਿਚਾਰ ਚਰਚਾ ਵਿਚ ਮੁੱਖ ਬੁਲਾਰਿਆਂ ਦੇ ਤੌਰ ‘ਤੇ ਆਨਲਾਈਨ ਹਿੱਸਾ ਲਿਆ ਅਤੇ ਆਪਣੇ ਵਿਚਾਰ ਪੇਸ਼ ਕੀਤੇ।
ਮਾਹਿਰਾਂ ਨੇ ਹਵਾਬਾਜ਼ੀ ਉਦਯੋਗ ਦੇ ਵੱਖ ਵੱਖ ਪੱਖਾਂ ‘ਤੇ ਚਰਚਾ ਕਰਦਿਆਂ ਕਿਹਾ ਕਿ ਇਸ ਉਦਯੋਗ ਨੂੰ ਘਾਟੇ ਵਿਚੋਂ ਬਾਹਰ ਕੱਢਣ ਲਈ ਵੱਡੇ ਪੱਧਰ ‘ਤੇ ਉਪਰਾਲੇ ਹੋਣਗੇ ਤਾਂ ਹੀ ਇਸ ਉਦਯੋਗ ਨੂੰ ਆਉਣ ਵਾਲੇ ਮਹੀਨਿਆਂ ਵਿਚ ਘਾਟੇ ਤੋਂ ਬਾਹਰ ਨਿਕਲਣਾ ਸੰਭਵ ਹੋਵੇਗਾ। ਉਨ੍ਹਾਂ ਨੇ ਉਤਰ ਕਰੋਨਾ ਯੁਗ ਨੂੰ ਹਵਾਬਾਜ਼ੀ ਉਦਯੋਗ ਨਾਲ ਜੋੜਦਿਆਂ ਦੱਸਿਆ ਕਿ ਅਜੇ ਲੋਕ ਲੋੜ ਤੋਂ ਵੱਧ ਯਾਤਰਾ ਕਰਨ ਤੋਂ ਉਕਤਾਉਂਦੇ ਨਜ਼ਰ ਆਉਣਗੇ। ਅਜਿਹੇ ਹਲਾਤਾਂ ਵਿਚ ਸਰਕਾਰਾਂ ਦੇ ਦਿੱਤੇ ਦਿਸ਼ਾ ਨਿਰਦੇਸ਼ਾਂ ਤੋਂ ਬਾਹਰ ਨਹੀਂ ਆਇਆ ਜਾ ਸਕੇਗਾ। ਮਾਹਿਰਾਂ ਦਾ ਅੰਦਾਜ਼ਾ ਹੈ ਕਿ ਵੱਡੇ ਹੋਟਲ ਇਸ ਦੇ ਨਾਲ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਦੂਸਰੇ ਦੇਸ਼ਾਂ ਦੇ ਮੁਕਾਬਲੇ ਭਾਰਤ ਵਿਚ ਹੋਟਲ ਇੰਡਸਟਰੀ ਨੂੰ ਉਭਰਨ ਵਿਚ ਘੱਟ ਸਮਾਂ ਲੱਗੇਗਾ। ਉਨ੍ਹਾਂ ਨੇ ਰੈਸਟੋਰੈਂਟ, ਹੋਟਲਾਂ ਅਤੇ ਰਿਜ਼ੋਰਟਾਂ ਦੇ ਭਵਿੱਖ ਦੀਆਂ ਚੁਣੌਤੀਆਂ ਨੂੰ ਕਰੋਨਾ ਦੇ ਸੰਦਰਭ ਬਾਰੇ ਚਰਚਾ ਕਰਦਿਆਂ ਦੱਸਿਆ ਕਿ ਇਸ ਖਿੱਤੇ ਵਿਚ ਪਰੰਪਰਕ ਤਬਦੀਲੀ ਨਜ਼ਰ ਆਵੇਗੀ ਅਤੇ ਇਸ ਨੂੰ ਨਵੇਂ ਹਲਾਤਾਂ ਦੇ ਅਨੁਸਾਰ ਢਲ ਕੇ ਆਪਣਾ ਸੰਤੁਲਨ ਰੱਖਣਾ ਪਵੇਗਾ। ਉਨ੍ਹਾਂ ਸੁਝਾਅ ਦਿੱਤਾ ਕਿ ਗੈਰ ਜ਼ਰੂਰੀ ਚੀਜ਼ਾਂ ਨਾਲੋਂ ਜਰੂਰੀ ਚੀਜ਼ਾਂ ‘ਤੇ ਲੋਕਾਂ ਦੀ ਜ਼ਿਆਦਾ ਤਵੱਜ਼ੋਂ ਰਹਿਣ ਵਾਲੀ ਹੈ ਇਸ ਕਰਕੇ ਰੀਟੇਲ ਇੰਡਸਟਰੀ ਨੂੰ ਨਵੇਂ ਖਰੀਦੋ ਫਰੋਖਤ ਦੇ ਢੰਗ ਅਗਲੇ ਕੁੱਝ ਮਹੀਨਿਆਂ ਤਕ ਅਪਣਾਏ ਜਾਣੇ ਚਾਹੀਦੇ ਹਨ।
ਈ-ਕਾਮਰਸ ‘ਤੇ ਵਧੇਰੇ ਜ਼ੋਰ ਦਿੰਦਿਆਂ ਵਿਦਵਾਨਾਂ ਨੇ ਕਿਹਾ ਕਿ ਰੀਟੇਲ ਇੰਡਸਟਰੀ ਨੂੰ ਆਨਲਾਈਨ ਖਰੀਦਦਾਰੀ ਨੂੰ ਆਮ ਲੋਕਾਂ ਤਕ ਪੁਚਾਉਣ ਲਈ ਪਹਿਲਾਂ ਨਾਲੋਂ ਜ਼ਿਆਦਾ ਕੰਮ ਕਰਨਾ ਪਵੇਗਾ। ਇਸ ਖਰੀਦ-ਵੇਚ ਪ੍ਰਬੰਧਨ ਵਿਚ ‘ਗਾਹਕਾਂ ਦਾ ਵਿਸ਼ਵਾਸ’ ਨੂੰ ਜਿੱਤਣਾ ਇਕ ਅਹਿਮ ਭੂਮਿਕਾ ਅਦਾ ਕਰੇਗਾ। ਉਨ੍ਹਾਂ ਕਿਹਾ ਕਿ ਗਾਹਕਾਂ ਦੇ ਵਿਵਹਾਰ ਦੇ ਵਿਚ ਹੋਣ ਵਾਲੀਆਂ ਤਬਦੀਲੀਆਂ ਨੂੰ ਭਾਪਦਿਆਂ ਹੀ ਕਾਰੋਬਾਰ ਨੂੰ ਅੱਗੇ ਵਧਾਉਣਾ ਸਮੇਂ ਦੀ ਲੋੜ ਹੈ। ਵੱਖ ਵੱਖ ਚੁਣੌਤੀਆਂ ਅਤੇ ਸੰਭਾਵਨਾਵਾਂ ਦੇ ਹਵਾਲਿਆਂ ਨਾਲ ਉਨ੍ਹਾਂ ਨੇ ਕਿਹਾ ਕਿ ਕਰੋਨਾਂ ਦੇ ਇਨ੍ਹਾਂ ਹਲਾਤਾਂ ਵਿਚ ਜੋ ਨਵੇਂ ਮਿਆਰ ਬਣਨ ਜਾ ਰਹੇ ਹਨ ਉਹ ਕਾਰੋਬਾਰ ਵਿਚ ਰੁਕਾਵਟ ਨਹੀਂ ਬਣਨ ਦਿੱਤੇ ਜਾਣੇ ਚਾਹੀਦੇ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦੇ ਨਾਲ ਵੱਡੀਆਂ ਕੰਪਨੀਆਂ ਦਾ ਵਿਵਹਾਰ ਵੀ ਇਸ ਸਮੇਂ ਦਰਪੇਸ਼ ਚੁਣੌਤੀਆਂ ‘ਚੋਂ ਬਾਹਰ ਕੱਢਣ ਦੇ ਸਮਰੱਥ ਹੈ ਤਾਂ ਜੋ ਨਵੀਂ ਨੀਤੀ ਦੇ ਨਾਲ ਗਾਹਕਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੀਆਂ ਉਮੀਦਾਂ ‘ਤੇ ਪੂਰਿਆਂ ਉਤਰਿਆ ਜਾ ਸਕੇ। ਉਨਾਂ੍ਹ ਕਿਹਾ ਕਿ ਨਵੇਂ ਨਿਯਮਾਂ ਦੇ ਨਾਲ ਵਿਅਕਤੀਗਤ ਪਹੁੰਚ ਦੀ ਥਾਂ ‘ਤੇ ਨਵੀਂ ਤਕਨਾਲੋਜੀਆਂ ਸਵੈਚਾਲਤ ਡਿਜੀਟਲ ਪ੍ਰਣਾਲੀਆਂ ਆਦਿ ਨੂੰ ਇਸ ਉਦਯੋਗ ਵਿਚ ਲਿਆਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕੰਪਨੀਆਂ ਨੂੰ ਆਉਣ ਵਾਲੇ ਭਵਿੱਖ ਵਿਚ ਆਮ ਵਰਕਰਾਂ ਦੀ ਥਾਂ ‘ਤੇ ਵਿਸ਼ੇਸ਼ ਨਿਪੁੰਨ ਕਰਮਚਾਰੀਆਂ ਦੀ ਲੋੜ ਪਵੇਗੀ।
ਬੁਲਾਰਿਆਂ ਦਾ ਮਤ ਸੀ ਕਿ ਨੈਤਿਕ ਕਦਰਾਂ ਕੀਮਤਾਂ ‘ਤੇ ਆਧਰਿਤ ਆਪਣੇ ਕਾਰੋਬਾਰ ਨੂੰ ਕੇਂਦਰਿਤ ਕਰਨਾ ਸਮੇਂ ਦੀ ਲੋੜ ਹੈ ਅਤੇ ਇਸ ਦੇ ਆਧਾਰ ‘ਤੇ ਹੀ ਵਿਸ਼ਵ ਭਰ ਵਿਚ ਕਰੋਨਾਂ ਦੇ ਪ੍ਰਭਾਵਾਂ ‘ਚੋਂ ਉਭਰ ਕੇ ਸਾਹਮਣੇ ਆਇਆ ਜਾ ਸਕਦਾ ਹੈ।
ਡਾ. ਜਸਵੀਨ ਕੌਰ ਨੇ ਵੈਬੀਨਾਰ ਦੀ ਲੜੀ ਸ਼ੁਰੂ ਕਰਨ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਜਸਪਾਲ ਸਿੰਘ ਸੰਧੂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਲਾਕ ਡਾਊਨ ਦੇ ਪੇਚੀਦਾ ਹਾਲਤਾਂ ਵਿਚ ਯੂਨੀਵਰਸਿਟੀ ਵੱਲੋਂ ਇਹ ਲੜੀ ਇੰਝ ਹੀ ਜਾਰੀ ਰਹੇਗੀ ਅਤੇ ਸੰਸਾਰ ਪੱਧਰ ਦੇ ਕਾਰੋਬਾਰ ਨੂੰ ਇਕ ਲੜੀ ਵਿਚ ਸਮਝਣ ਅਤੇ ਵਿਕਸਤ ਕਰਨ ਦੀਆਂ ਵਿਚਾਰਾਂ ਵਿਚ ਅਹਿਮ ਰੋਲ ਅਦਾ ਕਰੇਗੀ। ਉਨ੍ਹਾਂ ਅੰਤ ਵਿਚ ਸਾਰੇ ਭਾਗ ਲੈਣ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ, ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਯੂਨੀਵਰਸਿਟੀ ਬਿਜ਼ਨਲ ਸਕੂਲ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਹਰ ਯੋਗ ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ ਹੈ।

Real Estate