ਸ਼ਰਾਬ ਨੀਤੀ ਦੀ ਚਰਚਾ ਨੇ “ਸ਼ਰਾਬੀ” ਕਰ ਦਿੱਤੀ ਕੈਪਟਨ ਸਰਕਾਰ

425

ਵਿਸ਼ੇਸ਼ ਰਿਪੋਰਟ
ਬਰਨਾਲਾ (ਨਿਰਮਲ ਸਿੰਘ ਪੰਡੋਰੀ) :
ਪੰਜਾਬ ਦੀ ਰਾਜਨੀਤੀ ਦੇ ਦੋ ਖਿਡਾਰੀ ਅੱਜਕਲ ਆਪਣੀ ਹੀ ਟੀਮ (ਕਾਂਗਰਸ) ਦੀ ਖੂਬ ਦੌੜ ਲਵਾ ਰਹੇ ਹਨ । ਇੱਕ ਚੌਕੇ-ਛੱਕੇ ਲਗਾ ਰਿਹਾ ਹੈ ਅਤੇ ਦੂਜਾ ਗੇਂਦ ਨਾਲ ਆਪਣੀ ਹੀ ਟੀਮ ਦੇ “ਫੱਟੇ” ਖੜਕਾ ਰਿਹਾ ਹੈ।ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਇੱਕ ਵਾਰ ਫੇਰ ਆਪਣੀ ਬੇਬਾਕੀ ਦਾ ਮੁਜ਼ਾਹਰਾ ਕਰਦੇ ਹੋਏ ਕੁਝ ਕੌੜੇ ਪਰ ਸੱਚੇ ਸ਼ਬਦਾਂ ਦੀ ਹਿੱਟ ਲਗਾ ਕੇ ਆਪਣੇ ਹੀ ਸਰਕਾਰ ਦਾ ਫੱਟਾ ਖੜਕਾ ਦਿੱਤਾ ਹੈ। ਭਾਰਤੀ ਕ੍ਰਿਕਟ ਦੇ ਸਟਾਰ ਰਹੇ ਅਤੇ ਮੌਜੂਦਾ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਸਰਕਾਰ ਦੀ ਸ਼ਰਾਬ ਨੀਤੀ ਦੇ ਮੁੱਦੇ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਚੌਕੇ ਛੱਕੇ ਲਗਾਉਣ ਤੋਂ ਬਾਅਦ ਵਿਧਾਇਕ ਪਰਗਟ ਸਿੰਘ ਵੀ ਗੋਲ ਕਰਨ ਤੋਂ ਪਿੱਛੇ ਨਹੀਂ ਰਹੇ। ਨਵਜੋਤ ਸਿੰਘ ਸਿੱਧੂ ਨੇ ਸਿੱਧੇ ਤੌਰ ‘ਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੂੰ ਸਰਕਾਰ ਦੀ ਗਲਤ ਸ਼ਰਾਬ ਨੀਤੀ ਕਾਰਨ ਪਏ ਮਾਲੀਆ ਘਾਟੇ ਲਈ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਹੁਣ ਵਿਧਾਇਕ ਪਰਗਟ ਸਿੰਘ ਨੇ ਵੀ ਨਵਜੋਤ ਸਿੰਘ ਸਿੱਧੂ ਦੀ ਹਾਂ ਵਿੱਚ ਹਾਂ ਮਿਲਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਵੱਲ ਉਂਗਲ ਕਰ ਦਿੱਤੀ ਹੈ।ਸ਼ਰਾਬ ਦੇ ਮੁੱਦੇ ‘ਤੇ ਹੋ ਰਹੇ ਇਸ ਸਿਆਸੀ ਮੈਚ ‘ਚ ਕਾਂਗਰਸ ਦੇ ਹੀ ਕੁਝ ਹੋਰ ਵਿਧਾਇਕ ਵੀ ਥਾਪੀਆਂ ਮਾਰ ਰਹੇ ਹਨ। ਇਹ ਧਿਆਨਦੇਣ ਯੋਗ ਹੈ ਕਿ ਪਹਿਲਾਂ ਜਦ ਵੀ ਕਦੇ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਾਂ ਸਰਕਾਰ ਨੂੰ ਕਟਹਿਰੇ ‘ਚ ਖੜ੍ਹਾ ਕੀਤਾ ਤਾਂ ਕਪਤਾਨ ਸਾਹਿਬ ਦੇ ਚਾਰ ਪੰਜ ਸੀਨੀਅਰ ਸਿਪਾਹੀ (ਮੰਤਰੀ) ਨਵਜੋਤ ਸਿੰਘ ਸਿੱਧੂ ਵੱਲ ਤੁਰੰਤ ਸ਼ਬਦਾਂ ਦੇ ਬਾਣ ਛੱਡ ਦਿੰਦੇ ਸਨ ਪ੍ਰੰਤੂ ਇਸ ਵਾਰ ਕਿਸੇ ਮੰਤਰੀ ਨੇ ਨਵਜੋਤ ਸਿੰਘ ਸਿੱਧੂ ਜਾਂ ਪ੍ਰਗਟ ਸਿੰਘ ਦੇ ਖਿਲਾਫ ਆਪਣੀ ਜ਼ੁਬਾਨ ਤੱਕ ਵੀ ਨਹੀਂ ਖੋਲ੍ਹੀ।ਪਿਛਲੇ ਕੁਝ ਦਿਨਾਂ ਤੋਂ ਸ਼ਰਾਬ ਦੇ ਮੁੱਦੇ ‘ਤੇ ਪੰਜਾਬ ਕਾਂਗਰਸ ਦੀ ਕਾਫੀ ਸਿਆਸੀ ਕਿਰਕਰੀ ਹੋ ਰਹੀ ਹੈ।ਜਿੱਥੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਅੰਕੜਿਆਂ ਦਾ ਸਹਾਰਾ ਲੈ ਕੇ ਹਮਲੇ ਕੀਤੇ ਜਾ ਰਹੇ ਹਨ ਉਥੇ ਦੂਜੇ ਪਾਸੇ ਕੈਪਟਨ ਸਰਕਾਰ ਚੁੱਪ ਦਾ ਸਹਾਰਾ ਲੈ ਕੇ ਸਮਾਂ ਲੰਘਾਉਣ ਦੀ ਨੀਤੀ ‘ਤੇ ਚੱਲ ਰਹੀ ਜਾਪਦੀ ਹੈ।ਯਾਦ ਰਹੇ ਕਿ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਅਤੇ ਦੋ ਸੀਨੀਅਰ ਮੰਤਰੀਆਂ ਵਿਚਕਾਰ ਟਕਰਾਅ ਵੀ ਸ਼ਰਾਬ ਦੇ ਮੁੱਦੇ ‘ਤੇ ਹੀ ਹੋਇਆ ਸੀ,ਜਿਸ ਤੋਂ ਬਾਅਦ ਮੰਤਰੀਆਂ ਨੇ ਮੁੱਖ ਮੰਤਰੀ ਨੂੰ ਇਥੋਂ ਤੱਕ ਆਖ ਦਿੱਤਾ ਸੀ ਕਿ ਜਿਸ ਕੈਬਨਿਟ ਦੀ ਮੀਟਿੰਗ ‘ਚ ਮੁੱਖ ਸਕੱਤਰ ਹੋਣਗੇ ਤਾਂ ਮੰਤਰੀ ਉਸ ਮੀਟਿੰਗ ਵਿੱਚ ਸ਼ਮੂਲੀਅਤ ਨਹੀਂ ਕਰਨਗੇ ਪਰ “ਦੇਸੀ ਸ਼ਰਾਬ” ਦੇ ਨਸ਼ੇ ਵਾਂਗ ਮੰਤਰੀਆਂ ਦਾ ਨਸ਼ਾ ਤਾਂ ਜਲਦੀ ਹੀ ਉੱਤਰ ਗਿਆ ਦੂਜੇ ਪਾਸੇ ਮੁੱਖ ਸਕੱਤਰ ਨੇ ਅਗਲੀ ਕੈਬਨਿਟ ਮੀਟਿੰਗ ਵਿੱਚ ਸ਼ਾਮਲ ਹੋ ਕੇ “ਪਹਿਲੇ ਤੋੜ ਦੀ ਸ਼ਰਾਬ ਦੇ ਪੈੱਗ” ਵਾਂਗੂੰ ਆਪਣੀ ਠੁੱਕ ਬਣਾਈ।ਪੰਜਾਬ ਕਾਂਗਰਸ ਦੇ ਹਾਲਾਤ ਕੁਝ ਅਜਿਹੇ ਬਣੇ ਹੋਏ ਹਨ ਕਿ ਸ਼ਰਾਬ ਨੇ ਪੰਜਾਬ ਕਾਂਗਰਸ ਦੀ ਰਾਜਨੀਤੀ ਨੂੰ ਸ਼ਰਾਬੀ ਕੀਤਾ ਹੋਇਆ ਹੈ। ਦੱਸਣ ਯੋਗ ਹੈ ਕਿ ਸ਼ਰਾਬ ਦੇ ਕਾਰੋਬਾਰ ਤੋਂ ਪੰਜਾਬ ਸਰਕਾਰ ਨੂੰ ਚੰਗਾ ਮਾਲੀਆ ਇਕੱਠਾ ਹੋ ਰਿਹਾ ਹੈ ਪ੍ਰੰਤੂ ਜੇਕਰ ਪੰਜਾਬ ਦੀ ਸੱਤਾ ਦੇ ਠੇਕੇਦਾਰ ਸ਼ਰਾਬ ਦੇ ਠੇਕੇਦਾਰਾਂ ਨਾਲ “ਸ਼ਰਾਬੀ ਯਾਰੀ” ਲਾ ਕੇ ਆਪਣੀਆਂ ਤਿਜੌਰੀਆਂ ਭਰਨ ਦੀ ਬਜਾਏ ਸ਼ਰਾਬ ਨੀਤੀ ਸੂਬੇ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕਰਨ ਤਾਂ ਸ਼ਰਾਬ ਤੋਂ ਇਕੱਠਾ ਹੋਣ ਵਾਲਾ ਮਾਲੀਆ ਕਈ ਗੁਣਾ ਵਧ ਜਾਵੇਗਾ।ਇਹ ਤਾਂ ਸਭ ਜਾਣਦੇ ਹਨ ਕਿ “ਰਾਣੀ ਨੂੰ ਅੱਗਾ ਢੱਕਣ” ਲਈ ਕਹਿਣ ਦੀ ਹਿੰਮਤ ਕਿਸੇ ਵਿੱਚ ਨਹੀਂ ਹੁੰਦੀ ਪ੍ਰੰਤੂ ਪੰਜਾਬ ਕਾਂਗਰਸ ਲਈ ਇਹ ਅਜੀਬ ਸਥਿਤੀ ਬਣੀ ਹੋਈ ਹੈ ਕਿ ਕਾਂਗਰਸ ਦੇ ਆਪਣਿਆਂ ਵੱਲੋਂ ਹੀ ਰਾਜੇ ਨੂੰ ਅੱਗਾ ਢੱਕਣ ਲਈ ਕਿਹਾ ਜਾ ਰਿਹਾ ਹੈ।ਸ਼ਰਾਬ ਦਾ ਨਸ਼ਾ ਜਦ ਕਿਸੇ ਨੂੰ ਚੜ੍ਹਦਾ ਹੈ ਤਾਂ ਆਪਣਾ ਰੰਗ ਜ਼ਰੂਰ ਵਿਖਾਉਂਦਾ ਹੈ, ਹੁਣ ਸ਼ਰਾਬ ਨੀਤੀ ‘ਤੇ ਚਰਚਾ ਕਰਦੇ ਕਰਦੇ ਸਰਕਾਰ ਨੂੰ ਚੜ੍ਹਿਆ ਇਹ ਨਸ਼ਾ ਕੀ ਰੰਗ ਵਿਖਾਉਂਦਾ ਹੈ ….”ਆਗੇ ਆਗੇ ਦੇਖੋ ਹੋਤਾ ਹੈ ਕਿਆ…..!

Real Estate