ਕੈਪਟਨ ਵੱਲੋਂ ਨਰਾਜ਼ ਕਾਂਗਰਸੀ ਆਗੂਆਂ ਤੇ ਵਿਧਾਇਕਾਂ ਨੂੰ ਅੱਜ ਦੁਪਹਿਰ ਦੇ ਖਾਣੇ ‘ਤੇ ਬੁਲਾ ਕੇ ਸ਼ਾਂਤ ਕਰਨ ਦੀ ਕੋਸ਼ਿਸ਼

428

ਸ਼ਰਾਬ ਕਾਰਨ ਪੰਜਾਬ ਕਾਂਗਰਸ ‘ਚ ਉਠੀ ਬਗਾਵਤ ਨੂੰ ਠੱਲਣ ਲਈ ਕੈਪਟਨ ਲੰਚ-ਡਿਨਰ ਪਾਰਟੀਆਂ ਦਾ ਸਹਾਰਾ ਲੈਣ ਲੱਗੇ
ਚੰਡੀਗੜ, 20 ਮਈ (ਜਗਸੀਰ ਸਿੰਘ ਸੰਧੂ) : ਪੰਜਾਬ ਕਾਂਗਰਸ ਵਿੱਚ ਅੰਦਰੂਨੀ ਬਗ਼ਾਵਤ ਦੀ ਅੱਗ ਨੂੰ ਭਾਂਬੜ ਬਣਨ ਤੋਂ ਰੋਕਣ ਲਈ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਵਿਧਾਇਕਾਂ ਅਤੇ ਕਾਂਗਰਸ ਦੇ ਸੀਨੀਅਰ ਆਗੂਆਂ ਨੂੰ ਦੁਪਿਹਰ ਦੇ ਖਾਣੇ ‘ਤੇ ਸੱਦ ਕੇ ਠੰਡਾ ਕਰਨ ਦੀ ਕੋਸ਼ਿਸ ਕੀਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਗੈਰ ਰਸਮੀ ਤੌਰ ‘ਤੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਪਰਗਟ ਸਿੰਘ ਤੇ ਸੰਗਤ ਸਿੰਘ ਗਿਲਜ਼ੀਆ ਸਮੇਤ ਕੁਝ ਸੀਨੀਅਰ ਕਾਂਗਰਸੀ ਆਗੂਆਂ ਨੂੰ ਦੁਪਹਿਰ ਦੇ ਖਾਣੇ ਉਤੇ ਬੁਲਾਇਆ ਗਿਆ। ਭਾਵੇਂ ਮੁੱਖ ਮੰਤਰੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਖਾਣੇ ‘ਤੇ ਸੱਦੇ ਕਾਂਗਰਸੀ ਆਗੂਆਂ ਨਾਲ ਸੂਬੇ ਵਿੱਚ ਚੱਲ ਰਹੇ ਕੋਵਿਡ ਸੰਕਟ ਅਤੇ ਲੰਬੇ ਸਮੇਂ ਤੋਂ ਲਗਾਏ ਲੌਕਡਾਊਨ ਬਾਰੇ ਵਿਚਾਰ ਚਰਚਾ ਕੀਤੀ ਗਈ ਹੈ, ਪਰ ਸੂਤਰਾਂ ਮੁਤਾਬਿਕ ਇਸ ਮੌਕੇ ਹਾਜਰ ਕਾਂਗਰਸੀ ਆਗੂਆਂ ਵੱਲੋਂ ਮੁੱਖ ਸਕੱਤਰ ਅਤੇ ਸੂਬੇ ਨੂੰ ਹੋਏ ਆਬਕਾਰੀ ਮਾਲੀਏ ਦੇ ਕਥਿਤ ਨੁਕਸਾਨ ਦਾ ਵੀ ਮੁੱਦਾ ਉਠਾਇਆ ਗਿਆ, ਜਿਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਖਾਣੇ ‘ਤੇ ਸੱਦੇ ਕਾਂਗਰਸੀ ਵਿਧਾਇਕਾਂ ਤੇ ਆਗੂਆਂ ਨੂੰ ਭਰੋਸਾ ਦਿਤਾ ਗਿਆ ਹੈ ਕਿ ਇਹ ਮਾਮਲਾ ਉਨਾਂ ਦੇ ਧਿਆਨ ਵਿੱਚ ਹੈ ਅਤੇ ਉਹ ਨਿੱਜੀ ਤੌਰ ‘ਤੇ ਇਸ ਮਸਲੇ ਨੂੰ ਵੇਖ ਰਹੇ ਹਨ, ਜਿਸ ਸਬੰਧੀ ਜਲਦੀ ਹੀ ਕੋਈ ਸਹੀ ਫੈਸਲਾ ਲੈ ਲਿਆ ਜਾਵੇਗਾ। ਖਾਣੇ ‘ਤੇ ਸੱਦੇ ਇਨਾਂ ਆਗੂਆਂ ਨੂੰ ਮਿਲਣ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਨ••ਾਂ ਨੂੰ ਪਾਰਟੀ ਆਗੂਆਂ ਅਤੇ ਮੈਂਬਰਾਂ ਨਾਲ ਸਮਾਂ ਬਿਤਾ ਕੇ ਖੁਸ਼ੀ ਹੋਈ ਹੈ, ਕਿਉਂਕਿ ਬਹੁਤ ਸਾਰੇ ਗੰਭੀਰ ਮਸਲਿਆਂ ਵਿੱਚ ਇਨਾਂ ਆਗੂਆਂ ਦੀ ਸਲਾਹ ਉਨਾਂ ਲਈ ਬਹੁਤ ਹੀ ਮੁੱਲਵਾਨ ਰਹੀ ਹੈ। ਵਰਨਣਯੋਗ ਹੈ ਕਿ ਆਬਕਾਰੀ ਮਾਲੀਏ ਦੇ ਨੁਕਸਾਨ ਬਾਰੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਮੁੱਖ ਸਕੱਤਰ ਕਰਨ ਅਵਤਾਰ ਸਿੰਘ ‘ਤੇ ਕਈ ਤਰਾਂ ਦੇ ਸਵਾਲ ਖੜੇ ਕਰਨ ਉਪਰੰਤ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਕਈ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਵਿਧਾਇਕ ਸੁਨੀਲ ਜਾਖੜ ਤੋਂ ਇਲਾਵਾ  ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਕਈ ਕਾਂਗਰਸੀ ਵਿਧਾਇਕਾਂ ਨੇ ਵੀ ਇਸ ਮਾਮਲੇ ‘ਤੇ ਸਰਕਾਰ ਦੀ ਕਾਰਗੁਜਾਰੀ ‘ਤੇ ਸਵਾਲ ਚੁੱਕਣੇ ਸੁਰੂ ਕਰ ਦਿੱਤੇ ਸਨ। ਇਸ ਦੌਰਾਨ ਹੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਾਸੀਏ ‘ਤੇ ਧੱਕਣ ਤੋਂ ਬਾਅਦ ਲੰਬੇ ਸਮੇਂ ਤੋਂ ਚੁੱਪ ਧਾਰੀ ਬੈਠੇ ਤੇਜ ਤਰਾਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਵੀ ਇਸ ਮਾਮਲੇ ‘ਤੇ ਕੈਪਟਨ ਖਿਲਾਫ ਝੰਡਾ ਚੁੱਕ ਲਿਆ ਸੀ ਅਤੇ ਇਸ ਤੋਂ ਬਾਅਦ ਵਿਧਾਇਕ ਪਰਗਟ ਸਿੰਘ ਅਤੇ ਹੁਣ ਕਾਦੀਆਂ ਤੋਂ ਵਿਧਾਇਕ ਫ਼ਤਿਹ ਜੰਗ ਸਿੰਘ ਬਾਜਵਾ ਨੇ ਆਪਣੀ ਹੀ ਕਾਂਗਰਸ ਸਰਕਾਰ ਵਿਰੁੱਧ ਮੋਰਚਾ ਖੋਲ ਦਿੱਤਾ ਹੈ ਤੇ ਉਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਦਿਨੀਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕੈਪਟਨ ਸਿੰਘ ਨੂੰ ਨਿਸ਼ਾਨੇ ‘ਤੇ ਲੈਂਦਿਆਂ ਇੱਕ ਕਮਜ਼ੋਰ ਮੁੱਖ ਮੰਤਰੀ ਦੱਸ ਦਿੱਤਾ ਸੀ।  ਉਨਾਂ ਤਾਂ ਇਥੋਂ ਤੱਕ ਕਹਿ ਦਿੱਤਾ ਸੀ ਕਿ ਉਹਨਾਂ ਦੀ ਤਾਂ ਸਮਝ ਤੋਂ ਬਾਹਰ ਹੈ ਕਿ ਪੰਜਾਬ ਵਿੱਚ ਸਰਕਾਰ ਕਾਂਗਰਸ ਪਾਰਟੀ ਦੀ ਹੈ ਜਾਂ ਮੁੱਖ ਸਕੱਤਰ ਦੀ ਹੈ? ਵਿਧਾਇਕ ਪਰਗਟ ਸਿੰਘ ਨੇ ਕਿ ਪੰਜਾਬ ਸਰਕਾਰ ਦੇ ਤਿੰਨ ਸਾਲਾਂ ਦੇ ਕਾਰਜਕਾਲ ਉੱਤੇ ਸੁਆਲ ਖੜੇ ਹੋ ਰਹੇ ਹਨ। ਡੇਢ ਸਾਲ ਪਿੱਛੋਂ ਹੋਣ ਵਾਲੀਆਂ ਚੋਣਾਂ ਜਨਤਾ ਨੂੰ ਅਫਸਰਾਂ ਨੇ ਨਹੀ, ਸਗੋਂ ਕਾਂਗਰਸੀ ਆਗੂਆਂ ਨੂੰ ਇਸ ਦਾ ਜਵਾਬ ਆਗੂਆਂ ਨੂੰ ਦੇਣਾ ਪਵੇਗਾ। ਇਸ ਉਪਰੰਤ ਕਾਦੀਆਂ ਤੋਂ ਕਾਂਗਰਸੀ ਵਿਧਾਇਕ ਫ਼ਤਿਹ ਜੰਗ ਸਿੰਘ ਬਾਜਵਾ ਨੇ ਟਵੀਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੂੰ ਕੁਝ ਅਫ਼ਸਰਸ਼ਾਹਾਂ ਨੇ ਬੰਧਕ ਬਣਾ ਕੇ ਰੱਖਿਆ ਹੋਇਆ ਹੈ। ਫ਼ਤਿਹਜੰਗ ਸਿੰਘ ਬਾਜਵਾ ਦੇ ਇਸ ਟਵੀਨ ਨੂੰ ਤਿੰਨ ਹੋਰ ਕਾਂਗਰਸੀ ਵਿਧਾਇਕਾਂ ਨੇ ਰੀਟਵੀਟ ਵੀ ਕਰ ਦਿੱਤਾ ਸੀ। ਇੱਕ ਹੋਰ ਵਿਧਾਇਕ ਡਾ: ਹਰਜੋਤ ਕਮਲ ਨੇ ਵੀ ਮੁੱਖ ਮੰਤਰੀ ਦੀ ਕਾਰਗੁਜਾਰੀ ‘ਤੇ ਸਵਾਲ ਖੜਾ ਕਰਦਾ ਟਵੀਟ ਕਰ ਦਿੱਤਾ ਸੀ। ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਵਾਇਤੀ ਵਿਰੋਧੀ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਵੀ ਪੂਰੀ ਸਰਗਰਮੀ ਨਾਲ ਇਸ ਵਿਰੋਧੀ ਮੁਹਿੰਮ ਨੂੰ ਹਵਾ ਦੇਣੀ ਸੁਰੂ ਕੀਤੀ ਹੋਈ ਹੈ। ਇਸ ਤਰਾਂ ਸਾਰੇ ਘਟਨਕ੍ਰਮ ਨੂੰ ਦੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਰਾਜ ਹੋਏ ਕਾਂਗਰਸੀ ਆਗੂਆਂ ਤੇ ਵਿਧਾਇਕਾਂ ਨਾਲ ਨੇੜਤਾ ਬਣਾਉਣ ਅਤੇ ਉਹਨਾਂ ਦੇ ਗਿਲੇ ਸਿਕਵੇ ਦੂਰ ਕਰਨ ਲਈ ਅੱਜ ਕੁਝ ਵਿਧਾਇਕਾਂ ਤੇ ਆਗੂਆਂ ਨੂੰ ਜਿਸ ਤਰਾਂ ਅੱਜ ਦੁਪਹਿਰ ਦੇ ਖਾਣੇ ‘ਤੇ ਬੁਲਾਇਆ ਹੈ, ਉਸ ਨੂੰ ਦੇਖਦਿਆਂ ਸੰਭਾਵਨਾ ਬਣਦੀ ਹੈ ਕਿ ਆਉਂਦੇ ਦਿਨਾਂ ਵਿੱਚ ਵੀ ਮੁੱਖ ਮੰਤਰੀ ਵੱਲੋਂ ਇਹ ਲੰਚ-ਡਿੰਨਰ ‘ਤੇ ਹੋਰ ਵਿਧਾਇਕਾਂ ਨੂੰ ਬੁਲਾ ਕੇ ਉਹਨਾਂ ਦੀ ਨਰਾਜਗੀ ਵੀ ਦੂਰ ਕਰਨ ਦੀ ਕੋਸ਼ਿਸ ਕੀਤੀ ਜਾਵੇਗੀ।

Real Estate