ਪੰਜਾਬ ਦੇ ਮੈਡੀਕਲ ਕਾਲਜ ਤੇ ਯੂਨੀਵਰੀਸਟੀਆਂ ਦੀ ਫੀਸਾਂ ਵਿੱਚ ਇਕਸਾਰਤਾ ਲਿਆਂਦੀ : ਸੋਨੀ

ਹੁਣ ਐਮ.ਡੀ/ਐਮ.ਐਸ (ਕਲੀਨੀਕਲ) ਕੋਰਸ ਲਈ 6.50 ਲੱਖ ਤੋਂ ਵੱਧ ਫੀਸ ਨਹੀਂ ਲੈ ਸਕਣਗੇ
ਚੰਡੀਗੜ, 19 ਮਈ (ਜਗਸੀਰ ਸਿੰਘ ਸੰਧੂ) : ਪੰਜਾਬ ਰਾਜ ਵਿੱਚ ਸਥਿਤ ਸਾਰੇ ਸਰਕਾਰੀ ਅਤੇ ਨਿੱਜੀ ਮੈਡੀਕਲ ਕਾਲਜ ਤੇ ਯੂਨੀਵਰੀਸਟੀਆਂ ਵਿੱਚ ਡਾਕਟਰੀ ਦੀ ਪੜਈ ਕਰਨ ਵਾਲੇ ਵਿਦਿਆਰਥੀਆਂ ਦੀਆਂ ਫੀਸਾਂ ਵਿੱਚ ਇਕਸਾਰਤਾ ਲਿਆਉਣ ਦੇ ਮਕਸਦ ਨਾਲ ਅੱਜ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਵੱਲੋਂ ਸਾਲ 2020 ਵਿੱਚ ਜਾਰੀ ਨੋਟੀਫੀਕੇਸ਼ਨ ਨੰਬਰ 5/26/2016-5ਐਚ.ਬੀ.3/1121 ਵਿੱਚ ਅੰਸ਼ਿਕ ਸੋਧ ਕਰ ਦਿੱਤੀ ਗਈ ਹੈ, ਜਿਸ ਸਬੰਧੀ ਅੱਜ ਸੋਧ ਪੱਤਰ ਜਾਰੀ ਕਰ ਦਿੱਤਾ ਗਿਆ। ਇਹ ਜਾਣਕਾਰੀ ਅੱਜ ਇਥੇ ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਸ਼੍ਰੀ ਓਮ ਪ੍ਰਕਾਸ਼ ਸੋਨੀ ਨੇ ਦਿੱਤੀ।
ਸ੍ਰੀ ਸੋਨੀ ਨੇ ਦੱਸਿਆ ਕਿ ਨਿੱਜੀ ਮੈਡੀਕਲ ਕਾਲਜਾਂ ਅਤੇ ਯੂਨੀਵਰਸਿਟੀਆਂ ਵੱਲੋਂ ਰਾਜ ਵਿੱਚ ਫੀਸ ਸਬੰਧੀ ਲਾਗੂ 2015 ਵਿਚ ਲਾਗੂ ਹੋਇਆ ਫੀਸਾਂ ਤੋਂ ਬਹੁਤ ਜ਼ਿਆਦਾ ਫੀਸ ਲਈ ਜਾ ਰਹੀ ਸੀ ਹਾਲਾਤ ਇਹ ਸਨ ਕਿ ਆਦੇਸ਼ ਯੂਨੀਵਰਸਿਟੀ ਵਲੋਂ  ਐਮ.ਡੀ. ਕਰਨ ਵਾਲੇ ਵਿਦਿਆਰਥੀਆਂ ਤੋਂ 6.50 ਲੱਖ ਰੁਪਏ ਸਾਲਾਨਾ ਫੀਸ ਲੈਣ ਦੀ ਬਜਾਏ 16.50 ਲੱਖ ਰੁਪਏ ਫੀਸ ਲਈ ਜਾ ਰਹੀ ਸੀ। ਜਿਸ ਕਾਰਨ ਡਾਕਟਰੀ ਦੀ ਸਿੱਖਿਆ ਹਾਸਲ ਕਰਨ ਦੇ ਇੱਛੁਕ ਵਿਦਿਆਰਥੀਆਂ ਉਤੇ ਬਹੁਤ ਜ਼ਿਆਦਾ ਆਰਥਿਕ ਬੋਝ ਪੈਂਦਾ ਸੀ।
ਉਨਾਂ ਕਿਹਾ ਕਿ ਵਿਭਾਗ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਉਨਾਂ ਦੇ ਧਿਆਨ ਵਿੱਚ ਇਹ ਮਾਮਲਾ ਆਇਆ ਸੀ, ਜੋ ਕਿ ਉਨਾਂ ਨੂੰ ਬਿਲਕੁਲ ਵੀ ਤਰਕਸੰਗਤ ਨਹੀਂ ਲੱਗਾ। ਇਸ ਤੋਂ ਬਾਅਦ ਉਨਾਂ ਇਸ ਮਾਮਲੇ ਨੂੰ ਨਿੱਜੀ ਦਿਲਚਸਪੀ ਲੈ ਕੇ ਹੱਲ ਕਰਨ ਲਈ ਯਤਨ ਆਰੰਭ ਕਰ ਦਿੱਤੇ ਤਾਂ ਜੋ ਡਾਕਟਰੀ ਸਿੱਖਿਆ ਹਾਸਲ ਕਰਨ ਦੇ ਇੱਛੁਕ ਵਿਦਿਆਰਥੀਆਂ ਉਤੇ ਪੈਂਦੇ ਇਸ ਆਰਥਿਕ ਬੋਝ ਨੂੰ ਖਤਮ ਕਰਕੇ ਫੀਸਾਂ ਵਿੱਚ ਇਕਸਾਰਤਾ ਲਿਆਂਦੀ ਜਾ ਸਕੇ। ਹੁਣ ਇਸ ਸਬੰਧੀ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਉਣ ਤੋਂ ਬਾਅਦ ਅੱਜ ਫੀਸਾਂ ਵਿੱਚ ਇਕਸਾਰਤਾ ਲਿਆਉਣ ਲਈ ਸੋਧ ਪੱਤਰ ਜਾਰੀ ਕਰ ਦਿੱਤਾ ਗਿਆ ਹੈ।
ਡਾਕਟਰੀ ਸਿੱਖਿਆ ਤੇ ਖੋਜ ਬਾਰੇ ਮੰਤਰੀ ਨੇ ਕਿਹਾ ਕਿ ਹੁਣ ਦਿਆਨੰਦ ਮੈਡੀਕਲ ਕਾਲਜ ਲੁਧਿਆਣਾ, ਕ੍ਰਿਸਚਨ ਮੈਡੀਕਲ ਕਾਲਜ ਲੁਧਿਆਣਾ ਅਤੇ ਕ੍ਰਿਸਚਨ ਡੈਂਟਲ ਕਾਲਜ ਲੁਧਿਆਣਾ, ਸ਼੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਅੰਮ੍ਰਿਤਸਰ, ਦੇਸ਼ ਭਗਤ ਯੂਨੀਵਰਸਿਟੀ ਅਤੇ ਆਦੇਸ਼ ਯੂਨੀਵਰਸਿਟੀ ਬਠਿੰਡਾ ਵਿੱਚ ਹੁਣ ਐਮ.ਡੀ/ਐਮ.ਐਸ (ਕਲੀਨੀਕਲ) ਕੋਰਸ ਲਈ ਫੀਸ 6.50 ਲੱਖ ਸਾਲਾਨਾ ਹੋਵੇਗੀ, ਜਦੋਂ ਕਿ ਐਨ.ਆਰ.ਆਈ. ਕੋਟੇ ਦੀ ਸੀਟ ਲਈ ਇਸ ਪੂਰੇ ਕੋਰਸ ਦੀ ਫੀਸ 1 ਲੱਖ 25 ਹਜ਼ਾਰ ਅਮਰੀਕੀ ਡਾਲਰ ਹੈ।
ਸ੍ਰੀ ਸੋਨੀ ਨੇ ਦੱਸਿਆ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਇਸ ਮਾਮਲੇ ਤੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਗਿਆ ਅਤੇ ਆਪ ਵੱਲੋਂ ਇਸ ਸਬੰਧੀ ਕਦੀ ਵੀ ਵਿਧਾਨ ਸਭਾ ਵਿੱਚ ਮੁੱਦਾ ਉਠਾਇਆ ਗਿਆ। ਇਨਾਂ ਪਾਰਟੀਆਂ ਦੇ ਆਗੂਆਂ ਨੇ ਨਾ ਹੀ ਕਦੀ ਉਨਾਂ ਨਾਲ ਇਸ ਬਾਰੇ ਗੱਲ ਕੀਤੀ ਗਈ।ਹੁਣ ਜਦੋਂ ਸੋਧ ਪੱਤਰ ਜਾਰੀ ਹੋ ਗਿਆ ਹੈ ਤਾਂ ਇਨਾਂ ਪਾਰਟੀਆਂ ਦੇ ਆਗੂ ਆਪਣੀ ਰਾਜਨੀਤੀ ਚਮਕਾਉਣ ਲਈ ਫੋਕੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਜਿਸ ਮਾਮਲੇ ਵਿੱਚ ਸਰਕਾਰ ਦੀ ਵਿਰੋਧੀ ਪਾਰਟੀਆਂ ਨੂੰ ਸ਼ਲਾਘਾ ਕਰਨੀ ਚਾਹੀਦੀ ਹੈ, ਉਸ ਮਾਮਲੇ ਉਤੇ ਫੋਕੀ ਬਿਆਨਬਾਜ਼ੀ ਕਰ ਕੇ ਆਪਣੀਆਂ ਰਾਜਨੀਤਕ ਰੋਟੀਆਂ ਸੇਕੀਆਂ ਜਾ ਰਹੀਆਂ ਹਨ ਤਾਂ ਕਿ ਲੋਕਾਂ ਨੂੰ ਵਰਗਲਾਇਆ ਜਾ ਸਕੇ ਪਰ ਲੋਕ ਹੁਣ ਬਹੁਤ ਸਮਝਦਾਰ ਹੋ ਚੁੱਕੇ ਹਨ ਤੇ ਉਹ ਅਜਿਹੇ ਆਗੂਆਂ ਦੀਆਂ ਝੂਠੀਆਂ ਗੱਲਾਂ ਵਿੱਚ ਨਹੀਂ ਆਉਣਗੇ। ਉਨਾਂ ਵਿਰੋਧੀ ਸਿਆਸੀ ਆਗੂ ਨੂੰ ਫੋਕੀ ਸ਼ੋਹਰਤ ਲੈਣ ਤੋਂ ਬਾਜ ਆਉਣ ਚੇਤਾਵਨੀ ਦਿੱਤੀ।

Real Estate