ਗੁਰਦਾਸ ਸਿੰਘ ਬਾਦਲ ਨੂੰ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀਆਂ ਭੇਂਟ

ਬਾਦਲ-ਬਠਿੰਡਾ/ 19 ਮਈ/ ਬਲਵਿੰਦਰ ਸਿੰਘ ਭੁੱਲਰ
ਦਹਾਕਿਆਂ ਬੱਧੀ ਸਿਆਸਤ ਦੇ ਥੰਮ ਵਜੋਂ ਜਾਣੇ ਜਾਂਦੇ ਸਾਬਕਾ ਸੰਸਦ ਸ: ਗੁਰਦਾਸ ਸਿੰਘ ਬਾਦਲ ਨਮਿਤ ਅੰਤਿਮ ਅਰਦਾਸ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿੱਚ ਉਨ੍ਹਾਂ ਦੇ ਗ੍ਰਹਿ ਵਿਖੇ ਹੋਈ। ਇਸ ਮੌਕੇ ੳੁੱਘੀਆਂ ਸਿਆਸੀ ਅਤੇ ਸਮਾਜਿਕ ਸਖ਼ਸੀਅਤਾਂ ਨੇ ਸ: ਬਾਦਲ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇੱਥੇ ਜਿਕਰਯੋਗ ਹੈ ਕਿ ਕੁਝ ਸਮਾਂ ਬਿਮਾਰ ਰਹਿਣ ਤੋਂ ਬਾਅਦ ਉਹ ਪਿੱਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ।
ਇਸ ਮੌਕੇ ਪਰਿਵਾਰ ਨਾਲ ਦੁੱਖ ਵੰਡਾਉਣ ਪੁੱਜੀਆਂ ਸਖ਼ਸੀਅਤਾਂ ਦਾ ਸ਼ੁਕਰਾਨਾ ਕਰਦਿਆਂ ਸ: ਗੁਰਦਾਸ ਸਿੰਘ ਬਾਦਲ ਜੀ ਦੇ ਪੁੱਤਰ ਅਤੇ ਪੰਜਾਬ ਦੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪਿੱਛਲੇ ਥੋੜੇ ਜਿਹੇ ਸਮੇਂ ਵਿੱਚ ਹੀ ਮਾਤਾ ਜੀ ਅਤੇ ਪਿਤਾ ਜੀ ਦਾ ਜੀਵਨ ਵਿਚੋਂ ਚਲੇ ਜਾਣਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ ਜਿਸ ਨੇ ਉਨ੍ਹਾਂ ਨੂੰ ਇੱਕਲਾ ਕਰ ਦਿੱਤਾ ਹੈ, ਪਰ ਅੱਜ ਉਨ੍ਹਾਂ ਦੇ ਨਮਿਤ ਰੱਖੀ ਅੰਤਿਮ ਅਰਦਾਸ ਵਿੱਚ ਉਨ੍ਹਾਂ ਦੇ ਸਨੇਹੀਆਂ ਨੇ ਆ ਕੇ ਉਨ੍ਹਾਂ ਦੇ ਮਨ ਨੂੰ ਹਿੰਮਤ ਦਿੱਤੀ ਹੈ। ਉਹਨਾਂ ਇਸ ਮੌਕੇ ਭਾਵੂਕ ਹੁੰਦਿਆਂ ਕਿਹਾ ਕਿ ਜੀਵਨ ਵਿੱਚ ਮਾਂ ਬਾਪ ਦੀ ਸੇਵਾ ਤੋਂ ਵੱਡਾ ਕੋਈ ਪੁੰਨ ਨਹੀਂ ਹੈ ਅਤੇ ਜਿਸ ਕੋਲ ਵੀ ਹਾਲੇ ਇਹ ਮੌਕਾ ਹੈ ਉਹ ਇਸ ਮੌਕੇ ਦਾ ਲਾਹਾ ਲਵੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਮਾਤਾ ਜੀ ਦੀਆਂ ਦੁਆਵਾ ਅਤੇ ਪਿਤਾ ਜੀ ਵੱਲੋਂ ਮਿਲੀ ਸੂਝ ਨਾਲ ਹੀ ਉਹ ਜਿੰਦਗੀ ਵਿਚ ਇਸ ਮੁਕਾਮ ਤੇ ਪੁੱਜੇ ਹਨ।
ਸ: ਗੁਰਦਾਸ ਸਿੰਘ ਬਾਦਲ ਜਿੰਨ੍ਹਾਂ ਨੂੰ ਉਨ੍ਹਾਂ ਦੇ ਚਾਹੁਣ ਵਾਲੇ ‘ਦਾਸ ਜੀ’ ਕਿਹਾ ਕਰਦੇ ਸਨ ਦੇ ਜੀਵਨ ਦੇ ਵੱਖ ਵੱਖ ਪਹਿਲੂਆਂ ਦਾ ਜਿਕਰ ਕਰਦਿਆਂ ਸ: ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਉਹ ਇਕ ਵੱਡੇ ਛਾਂਦਾਰ ਰੁੱਖ ਵਾਂਗ ਸਨ ਅਤੇ ਉਨ੍ਹਾਂ ਦੇ ਸਨੇਹ ਅਤੇ ਪਿਆਰ ਦੀ ਛਾਂ ਵਿੱਚ ਕਿੰਨੀਆਂ ਹੀ ਵੱਡੀਆਂ ਸਖ਼ਸੀਅਤਾਂ ਨੇ ਉਭਰ ਕੇ ਸਿਆਸਤ ਅਤੇ ਹੋਰ ਖੇਤਰਾਂ ਵਿਚ ਮੱਲਾਂ ਮਾਰੀਆਂ ਹਨ। ਉਹ ਹਮੇਸਾਂ ਆਮ ਲੋਕਾਂ ਨਾਲ ਜੁੜੇ ਰਹੇ ਅਤੇ ਲੋਕਾਂ ਦਾ ਪਿਆਰ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਕਮਾਈ ਸੀ। ਵਿੱਤ ਮੰਤਰੀ ਨੇ ਇਸ ਦੁੱਖ ਦੀ ਘੜੀ ਵਿਚ ਸ਼ਰੀਕ ਹੋਏ ਸਮੂਹ ਪਰਿਵਾਰਕ ਮੈਂਬਰਾਂ, ਰਿਸਤੇਦਾਰਾਂ ਅਤੇ ‘ਦਾਸ ਜੀ’ ਨੂੰ ਚਾਹੁਣ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਪਿਤਾ ਜੀ ਦੇ ਨਕਸ਼ ਏ ਕਦਮ ਤੇ ਚੱਲਣਗੇ ਅਤੇ ਉਨ੍ਹਾਂ ਦੀ ਇਹੀ ਅਰਦਾਸ ਹੈ ਕਿ ਉਨ੍ਹਾਂ ਦਾ ਜੀਵਨ ਇਸ ਧਰਤ ਦੀ ਸੇਵਾ ਵਿਚ ਸਮਰਪਿਤ ਰਹੇ।
ਇਸ ਮੌਕੇ ‘ਦਾਸ ਜੀ’ ਦੇ ਭਰਾ ਅਤੇ ਸਾਬਕਾ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ, ਸ: ਆਦੇਸ਼ ਪ੍ਰਤਾਪ ਸਿੰਘ ਕੈਰੋਂ, ਦੀਪਇੰਦਰ ਸਿੰਘ ਬਾਦਲ, ਸ: ਲਾਲੀ ਬਾਦਲ, ਸ: ਮਹੇਸ਼ਇੰਦਰ ਸਿੰਘ ਬਾਦਲ, ਮੇਜਰ ਭੁਪਿੰਦਰ ਸਿੰਘ, ਸ੍ਰੀਮਤੀ ਵੀਨੂੰ ਬਾਦਲ, ਸ੍ਰੀਮਤੀ ਪਰਨੀਤ ਕੌਰ, ਸ੍ਰੀਮਤੀ ਹਰਸਿਮਰਤ ਕੌਰ ਬਾਦਲ ਆਦਿ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵਿਧਾਇਕ ਸ: ਪਰਮਿੰਦਰ ਸਿੰਘ ਪਿੰਕੀ, ਸ: ਗੁਰਕੀਰਤ ਸਿੰਘ ਕੋਟਲੀ, ਰਣਦੀਪ ਸਿੰਘ ਨਾਭਾ, ਲਖਵੀਰ ਸਿੰਘ ਲੱਖਾ, ਸ: ਗੁਰਪ੍ਰੀਤ ਸਿੰਘ ਜੀਪੀ, ਸ੍ਰੀ ਰਾਕੇਸ਼ ਪਾਂਡੇ, ਸ੍ਰੀਮਤੀ ਬਲਜਿੰਦਰ ਕੌਰ ਅਤੇ ਮੁੱਖ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਪੰਜਾਬ ਸ੍ਰੀ ਸੁਰੇਸ਼ ਕੁਮਾਰ, ਵਧੀਕ ਮੁੱਖ ਸਕੱਤਰ ਸ੍ਰੀਮਤੀ ਵਿੰਨੀ ਮਹਾਜਨ, ਸ੍ਰੀ ਦਿਨਕਰ ਗੁਪਤਾ ਡੀਜੀਪੀ ਪੰਜਾਬ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਤੇਜਵੀਰ ਸਿੰਘ, ਵਿਸੇਸ਼ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਪੰਜਾਬ ਸ: ਗੁਰਕਿਰਤ ਕ੍ਰਿਪਾਲ ਸਿੰਘ, ਓਐਸਡੀ ਮੇਜਰ ਅਮਰਦੀਪ ਸਿੰਘ, ਸ: ਦਮਨਵੀਰ ਸਿੰਘ ਮੋਹੀ, ਸ: ਸਿਕੰਦਰ ਸਿੰਘ ਮਲੂਕਾ, ਸ: ਬਲਵਿੰਦਰ ਸਿੰਘ ਭੂੰਦੜ ਆਦਿ ਵੀ ਹਾਜਰ ਸਨ।

Real Estate