ਕੋਰੋਨਾ ਦਾ ਕਹਿਰ ਜਾਰੀ, ਦੁਨੀਆਂ ਭਰ ‘ਚ ਮਰੀਜਾਂ ਦੀ ਗਿਣਤੀ 49 ਲੱਖ ਦੇ ਕਰੀਬ ਹੋਈ

ਦੁਨੀਆਂ ਭਰ ‘ਚ 3 ਲੱਖ 20 ਹਜਾਰ ਲੋਕਾਂ ਦੀ ਮੌਤ, ਅਮਰੀਕਾ ਸਭ ਤੋਂ ਵੱਧ ਪ੍ਰਭਾਵਿਤ, ਭਾਰਤ 11ਵੇਂ ਨੰਬਰ ‘ਤੇ ਪੁਹੰਚਿਆ
ਚੰਡੀਗੜ, 19 ਮਈ (ਜਗਸੀਰ ਸਿੰਘ ਸੰਧੂ) : ਇਸ ਸਮੇਂ ਪੂਰੀ ਦੁਨੀਆ ਕੋਰੋਨਾਵਾਇਰਸ ਨਾਲ ਜੂਝ ਰਹੀ ਹੈ ਅਤੇ ਦੁਨੀਆ ਭਰ ‘ਚ ਕੋਰੋਨਾਵਾਇਰਸ ਦੀ ਮਰੀਜਾਂ ਦੀ ਗਿਣਤੀ 48 ਲੱਖ 90 ਹਜ਼ਾਰ ਤੋਂ ਪਾਰ ਹੋ ਗਈ ਹੈ। ਕੋਰੋਨਾਵਾਇਰਸ ਕਾਰਨ ਮਾਰੇ ਗਏ ਲੋਕਾਂ ਦੀ ਗਿਣਤੀ ਵੀ 3 ਲੱਖ 20 ਹਜ਼ਾਰ ਨੂੰ ਪਾਰ ਕਰ ਗਈ ਹੈ।
ਅਮਰੀਕਾ ‘ਚ ਸਭ ਤੋਂ ਜ਼ਿਆਦਾ 15 ਲੱਖ ਤੋਂ ਵੱਧ ਲੋਕ ਕੋਰੋਨਾ ਵਾਇਰਸ ਦੀ ਚਪੇਟ ‘ਚ ਹਨ, ਜਦਕਿ ਰੂਸ ਪੀੜਤਾਂ ਦੇ ਮਾਮਲੇ ‘ਚ ਦੂਜੇ ਨੰਬਰ ‘ਤੇ ਪਹੁੰਚ ਗਿਆ ਹੈ, ਜਿਥੇ ਮਰੀਜ਼ਾਂ ਦੀ ਗਿਣਤੀ 2 ਲੱਖ 90 ਹਜ਼ਾਰ ਤੱਕ ਪਹੁੰਚ ਗਈ ਹੈ। ਹਾਲਾਂਕਿ, ਮੌਤ ਦੇ ਮਾਮਲੇ ‘ਚ ਅਮਰੀਕਾ ਤੋਂ ਬਾਅਦ ਬ੍ਰਿਟੇਨ, ਇਟਲੀ ਅਤੇ ਫਰਾਂਸ ਦਾ ਨੰਬਰ ਹੈ।
ਇਧਰ ਭਾਰਤ ਵਿੱਚ ਵੀ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਹੁਣ ਭਾਰਤ ਇਸ ਵਾਇਰਸ ਦੇ ਸਭ ਤੋਂ ਵਧੇਰੇ ਅੰਕੜਿਆਂ ਵਾਲੇ ਦੇਸ਼ਾਂ ਦੀ ਸੂਚੀ ਵਿੱਚ 11ਵੇਂ ਨੰਬਰ ਦੇ ਨਾਲ ਹੀ ਚੀਨ ਤੋਂ ਅੱਗੇ ਨਿਕਲ ਗਿਆ ਹੈ । ਭਾਰਤ ਵਿੱਚ ਇਸ ਵੇਲੇ 1 ਲੱਖ ਗਿਆਰਾਂ ਹਜਾਰ ਤੋਂ ਵੱਧ ਕੋਰੋਨਾ ਦੇ ਸੰਕਰਮਿਤ ਮਰੀਜ਼ ਹਨ, ਜਿਹਨਾਂ ਵਿਚੋਂ 58 ਹਜਾਰ ਤੋਂ ਵੱਧ ਐਕਟਿਵ ਕੇਸ ਹਨ। ਕੋਰੋਨਾ ਦੀ ਲਾਗ ਕਾਰਨ ਅਮਰੀਕਾ ‘ਚ ਮਰਨ ਵਾਲਿਆਂ ਦੀ ਗਿਣਤੀ 91 ਹਜ਼ਾਰ 981 ਹੋ ਗਈ ਹੈ, ਜਦਕਿ ਬ੍ਰਿਟੇਨ ‘ਚ 34 ਹਜ਼ਾਰ 796, ਇਟਲੀ ‘ਚ 32 ਹਜ਼ਾਰ ਅਤੇ ਫਰਾਂਸ ‘ਚ 28 ਹਜ਼ਾਰ 239 ਪਹੁੰਚ ਗਈ ਹੈ। ਸਪੇਨ ‘ਚ ਮਰਨ ਵਾਲਿਆਂ ਦੀ ਗਿਣਤੀ 27 ਹਜ਼ਾਰ 709 ਹੋ ਗਈ ਹੈ, ਜਦੋਂਕਿ ਰੂਸ ‘ਚ ਬਿਮਾਰ ਲੋਕਾਂ ਦੀ ਗਿਣਤੀ ਦੇ ਬਾਵਜੂਦ ਸਥਿਤੀ ਕਾਫ਼ੀ ਠੀਕ ਹੈ। ਇੱਥੇ, ਬਿਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 2 ਹਜ਼ਾਰ 722 ਹੈ, ਜਦਕਿ ਭਾਰਤ ਵਿੱਚ ਕੋਰੋਨਾਵਾਇਰਸ ਨਾਲ ਹੁਣ ਤੱਕ 3,163 ਲੋਕਾਂ ਦੀ ਜਾਨ ਜਾ ਚੁੱਕੀ ਹੈ।

Real Estate