ਕਰੋਨਾ ਵਾਇਰਸ ਇੱਕ ਵੱਡਾ ਦੁਸਮਣ ਵੀ ਤੇ ਇੱਕ ਅਧਿਆਪਕ ਵੀ

162

ਬਲਵਿੰਦਰ ਸਿੰਘ ਭੁੱਲਰ
ਕਰੋਨਾ ਵਾਇਰਸ ਬਹੁਤ ਭਿਆਨਕ ਤੇ ਖਤਰਨਾਕ ਵਾਇਰਸ ਹੈ, ਇਸ ਨੇ ਸਮੁੱਚੇ ਭਾਰਤ ਨੂੰ ਡਰ ਤੇ ਭੈਅ ਦੇ ਅਜਿਹੇ ਮਹੌਲ ਵਿੱਚ ਧੱਕ ਦਿੱਤਾ ਹੈ, ਕਿ ਆਮ ਲੋਕ ਮਾਨਸਿਕ ਰੋਗੀ ਹੋ ਰਹੇ ਹਨ। ਰਿਸਤੇ ਨਾਤਿਆਂ ਤੇ ਭਾਈਚਾਰਕ ਸਾਂਝ ਵਿੱਚ ਖੜੋਤ ਆ ਗਈ ਹੈ। ਕਾਰੋਬਾਰ ਠੱਪ ਹੋ ਗਏ ਹਨ, ਫੈਕਟਰੀਆਂ ਨੂੰ ਤਾਲੇ ਲੱਗ ਗਏ ਹਨ, ਕਾਰਖਾਨਿਆਂ ਜਾਂ ਖੇਤੀ ਲਈ ਮਜਦੂਰਾਂ ਦੀ ਘਾਟ ਪੈ ਗਈ ਹੈ। ਲੋਕਾਂ ਦੀ ਆਰਥਿਕ ਹਾਲਤ ਬਦਤਰ ਹੋ ਗਈ ਹੈ, ਗਰੀਬਾਂ ਨੂੰ ਢਿੱਡ ਭਰਨ ਲਈ ਖੁਰਾਕ ਨਸੀਬ ਨਹੀਂ ਹੋ ਰਹੀ।
ਵਿਹਲੇ ਮਜਦੂਰ ਆਪਣੇ ਘਰਾਂ ਨੂੰ ਵਾਪਸ ਜਾਣ ਲਈ ਇਕੱਤਰ ਹੁੰਦੇ ਹਨ ਤਾਂ ਪੁਲਿਸ ਵੱਲੋਂ ਡਾਂਗਾਂ ਵਰਾਈਆਂ ਜਾਂਦੀਆਂ ਹਨ। ਭੁੱਖੇ ਢਿੱਡਾਂ ਕਾਰਨ ਪੈਂਦੀ ਮਾਰ ਦੀ ਪੀੜ ਦੁੱਗਣੀ ਹੋ ਜਾਂਦੀ ਹੈ। ਜੇ ਕੋਈ ਆਪਣੇ ਘਰ ਤੱਕ ਪੁੱਜਣ ’ਚ ਸਫ਼ਲ ਵੀ ਹੋ ਜਾਂਦਾ ਹੈ ਤਾਂ ਉਸਨੂੰ ਪ੍ਰਸਾਸਨ ਵੱਲੋਂ ਚੱਕ ਕੇ ਇਕਾਂਤਵਾਸ ਕੇਂਦਰ ’ਚ ਡੱਕ ਦਿੱਤਾ ਜਾਂਦਾ ਹੈ। ਲੋਕਾਂ ਦੇ ਖ਼ਰਚੇ ਪੂਰੇ ਨਹੀਂ ਹੋ ਰਹੇ, ਘਰਾਂ ਅੰਦਰ ਲਾਕਡਾਊਨ ਸਦਕਾ ਬੰਦੀ ਬਣਾਏ ਲੋਕ ਸੋਚਾਂ ’ਚ ਡੁੱਬੇ ਰਹਿੰਦੇ ਹਨ, ਇਸ ਕਾਰਨ ਹੀ ਬਹੁਤ ਲੋਕ ਖਾਸ ਕਰਕੇ ਔਰਤਾਂ ਮਾਨਸਿਕ ਰੋਗੀ ਹੋ ਰਹੀਆਂ ਹਨ।
ਸਰਕਾਰਾਂ ਵੱਲੋਂ ਲੁਭਾਉਣੇ ਐਲਾਨ ਕਰਕੇ ਕਰੋਨਾ ਤੋਂ ਪੀੜਤ ਤੇ ਚਿੰਤਾ ਵਿੱਚ ਡੁੱਬੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਇਲਾਜ ਲਈ ਹਸਪਤਾਲਾਂ ਨੂੰ ਦਵਾਈਆਂ ਜਾਂ ਟੈਸਟਿੰਗ ਕਿੱਟਾਂ ਨਹੀਂ ਮਿਲ ਰਹੀਆਂ, ਢਿੱਡ ਭਰਨ ਲਈ ਗਰੀਬਾਂ ਨੂੰ ਰਾਸਨ ਨਹੀਂ ਮਿਲ ਰਿਹਾ। ਘਰ ਜੇਲ੍ਹਾਂ ਬਣ ਗਏ ਹਨ ਤੇ ਇਕਾਂਤਵਾਸ ਤਸੀਹਾ ਕੇਂਦਰ। ਭਾਈਚਾਰਾ ਤੇ ਰਿਸਤੇ ਦੂਰ ਹੋ ਰਹੇ ਹਨ। ਕਰੋਨਾ ਪੀੜਤ ਮਰੀਜ ਦੀ ਮੌਤ ਹੋ ਜਾਣ ਤੇ ਤਾਂ ਆਪਣੇ ਪਰਿਵਾਰਕ ਮੈਂਬਰ ਸਸਕਾਰ ਕਰਨ ਤੋਂ ਵੀ ਇਨਕਾਰੀ ਹੋ ਰਹੇ ਹਨ। ਆਮ ਮੌਤ ਹੋ ਜਾਣ ਤੇ ਅਤੀ ਨਜਦੀਕੀਆਂ ਤੋਂ ਇਲਾਵਾ ਨਾ ਕੋਈ ਸਸਕਾਰ ਤੇ ਪਹੁੰਚਦਾ ਹੈ ਅਤੇ ਨਾ ਹੀ ਭੋਗ ਤੇ। ਅਜਿਹੀ ਸਥਿਤੀ ਹੀ ਵਿਆਹਾਂ ਜਾਂ ਖੁਸ਼ੀਆਂ ਮੌਕੇ ਹੁੰਦੀ ਹੈ। ਖੁਸ਼ੀਆਂ ਕਿਰਕਰੀਆਂ ਹੋ ਗਈਆਂ ਹਨ, ਸੈਂਕੜੇ ਗੱਡੀਆਂ ਦੇ ਕਾਫ਼ਲੇ ਤੇ ਵੱਡੇ ਵੱਡੇ ਮੈਰਿਜ ਪੈਲਿਸਾਂ ’ਚ ਹੋਣ ਵਾਲੇ ਵਿਆਹ ਸੁੰਗੜ ਕੇ ਇੱਕ ਜਾਂ ਦੋ ਗੱਡੀਆਂ ਤੱਕ ਅਤੇ ਘਰਾਂ ’ਚ ਰਸਮਾਂ ਕਰਨ ਤੱਕ ਸੀਮਤ ਹੋ ਗਏ ਹਨ। ਇਹਨਾਂ ਉਪਰੋਕਤ ਘਟਨਾਵਾਂ ਤੋਂ ਇਉਂ ਦਿਖਾਈ ਦਿੰਦਾ ਹੈ ਕਿ ਕਰੋਨਾ ਵਾਇਰਸ ਨੇ ਆਮ ਜੀਵਨ ਰੋਕ ਕੇ ਰੱਖ ਦਿੱਤਾ ਹੈ। ਜਿਸਤੋਂ ਇਹੋ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਇਹ ਵਾਇਰਸ ਲੋਕਾਈ ਦਾ ਵੱਡਾ ਦੁਸਮਣ ਹੈ।
ਦੂਜੇ ਪਾਸੇ ਕਰੋਨਾ ਵਾਇਰਸ ਨੇ ਆਮ ਲੋਕਾਂ ਨੂੰ ਕਈ ਪੱਖਾਂ ਤੋਂ ਜਾਗਰੂਕ ਵੀ ਕੀਤਾ ਹੈ ਅਤੇ ਸਿੱਖਿਆ ਵੀ ਦਿੱਤੀ ਹੈ। ਕਰੋਨਾ ਵਾਇਰਸ ਤੋਂ ਬਚਣ ਦੀ ਕੋਈ ਤਸੱਲੀਬਖ਼ਸ ਦਵਾਈ ਨਾ ਹੋਣ ਕਾਰਨ ਇਸਦਾ ਇੱਕੋ ਇੱਕ ਬਚਾਅ ਤੇ ਇਲਾਜ ਆਪਣੇ ਸਰੀਰ ਨੂੰ ਬੀਮਾਰੀ ਨਾਲ ਲੜਣ ਦੇ ਸਮਰੱਥ ਬਣਾਉਣਾ ਹੈ। ਇਹੋ ਹੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਸ ਸਮਰੱਥਾ ਨੂੰ ਵਧਾਇਆ ਜਾਵੇ। ਕਰੋਨਾ ਦੇ ਡਰ ਕਾਰਨ ਆਮ ਲੋਕਾਂ ਨੇ ਆਪਣੇ ਖਾਣ ਪੀਣ ਵਿੱਚ ਸੁਧਾਰ ਕਰ ਲਿਆ ਹੈ ਤੇ ਕਸਰਤ ਵੱਲ ਉਚੇਚਾ ਧਿਆਨ ਦੇਣਾ ਸੁਰੂ ਕਰ ਦਿੱਤਾ ਹੈ। ਜੋ ਲੋਕ ਸਦੀਆਂ ਤੋਂ ਚੱਲ ਰਹੀ ਭਾਰਤੀ ਵਾਤਾਵਰਣ ਦੇ ਅਨੁਕੂਲ ਵਾਲੀ ਖੁਰਾਕ ਤਿਆਗ ਕੇ ਜੀਭ ਦੇ ਸੁਆਦ ਕਾਰਨ ਫਾਸਟ ਫੂਡ ਤੇ ਤਲੀਆਂ ਹੋਈਆਂ ਵਸਤਾਂ ਖਾਣ ਵੱਲ ਰੁਚਿਤ ਹੋ ਗਏ ਸਨ ਅਤੇ ਡਾਕਟਰਾਂ ਦੀ ਸਲਾਹ ਤੇ ਵੀ ਇਹ ਖੁਰਾਕ ਨਹੀਂ ਸਨ ਛੱਡਦੇ, ਹੁਣ ਕਰੋਨਾ ਤੋਂ ਡਰਦੇ ਹੋਏ ਆਪਣੇ ਆਪ ਅਬਲਾ ਸਬਲਾ ਛੱਡ ਕੇ ਸੰਤੁਲਤ ਖੁਰਾਕ ਵਰਤਣ ਲੱਗ ਪਏ ਹਨ।
ਦੂਜਾ ਅੱਜ ਦੇ ਮਹਿੰਗਾਈ ਦੇ ਯੁੱਗ ’ਚ ਨਜਾਇਜ ਖਰਚਿਆਂ ਤੇ ਕਾਬੂ ਪਾਉਣ ਦੀ ਅਤੀ ਜਰੂਰਤ ਸੀ, ਪਰ ਖ਼ਰਚੇ ਘਟਾਉਣ ਵੱਲ ਕਿਸੇ ਦਾ ਧਿਆਨ ਨਹੀਂ ਸੀ। ਸਦੀਆਂ ਤੋਂ ਘਰਾਂ ’ਚ ਕੀਤੇ ਜਾਂਦੇ ਸਾਦੇ ਵਿਆਹ ਵੱਡੇ ਮੈਰਿਜ ਪੈਲਿਸਾਂ ਵਿੱਚ ਪੁੱਜ ਗਏ ਸਨ। ਸੈਂਕੜੇ ਗੱਡੀਆਂ, ਮਹਿੰਗੇ ਪੈਲਿਸ, ਡਾਂਸਰਾਂ ਡੀ ਜੇ, ਸਜਾਵਟਾਂ ਤੇ ਹੋਰ ਤਰਾਂ ਤਰਾਂ ਦੇ ਖ਼ਰਚਿਆਂ ਨੇ ਵਿਆਹ ਦਾ ਖਰਚਾ ਲੈਣ ਦੇਣ ਜਾਂ ਦਾਜ ਦਹੇਜ ਤੋਂ ਇਲਾਵਾ ਹੀ ਅੱਠ ਦਸ ਲੱਖ ਤੇ ਪਹੁੰਚਾ ਦਿੱਤਾ ਸੀ। ਫੈਲੀ ਇਸ ਮਹਾਂਮਾਰੀ ਸਦਕਾ ਇਹ ਖ਼ਰਚਾ ਕੁੱਝ ਹਜ਼ਾਰਾਂ ਤੱਕ ਸੀਮਤ ਹੋ ਗਿਆ ਹੈ। ਨਾ ਮੈਰਿਜ ਪੈਲਿਸ, ਨਾ ਗੱਡੀਆਂ ਦੇ ਕਾਫ਼ਲੇ, ਨਾ ਡਾਂਸਰਾਂ, ਦੋ ਗੱਡੀਆਂ ਲਿਜਾ ਕੇ ਲਾੜਾ ਤੇ ਉਸਦਾ ਪਰਿਵਾਰ ਲਾੜੀ ਲੈ ਕੇ ਮੁੜ ਆਉਂਦਾ ਹੈ। ਕਈ ਥਾਵਾਂ ਤੇ ਤਾਂ ਟਰੈਕਟਰ ਜਾਂ ਸਕੂਟਰ ਤੇ ਲਾੜੀ ਵਿਆਹ ਕੇ ਲਿਆਉਣ ਦੀਆਂ ਖ਼ਬਰਾਂ ਵੀ ਮਿਲੀਆਂ ਹਨ। ਇਸਤੋਂ ਪਹਿਲਾਂ ਦੇਖੋ ਦੇਖੀ ਲੱਖਾਂ ਰੁਪਏ ਖ਼ਰਚ ਕਰਨ ਤੋਂ ਬਾਅਦ ’ਚ ਕਰਜ ਨਾ ਲਾਹ ਸਕਣ ਕਾਰਨ ਖੁਦਕਸੀ ਕਰ ਲੈਣ ਦੀਆਂ ਘਟਨਾਵਾਂ ਆਮ ਹੀ ਵਾਪਰਦੀਆਂ ਰਹੀਆਂ ਹਨ। ਪਰ ਅਜਿਹੇ ਖ਼ਰਚ ਰੋਕਣ ਲਈ ਕਿਸੇ ਨੇ ਨਾ ਸਰਕਾਰਾਂ ਦੀਆਂ ਅਪੀਲਾਂ ਸੁਣੀਆਂ ਤੇ ਨਾ ਹੀ ਬੁੱਧੀਜੀਵੀਆਂ ਦੇ ਸੁਝਾਅ ਮੰਨੇ। ਪਰ ਇਹ ਸਿੱਖਆ ਵੀ ਕਰੋਨਾ ਵਾਇਰਸ ਨੇ ਦਿੱਤੀ ਕਿ ਸਾਦੇ ਤੇ ਬਗੈਰ ਖ਼ਰਚੇ ਵਿਆਹ ਕਿਵੇਂ ਕਰਨੇ ਹਨ।
ਕਰੋਨਾ ਵਾਇਰਸ ਨੇ ਧਾਰਮਿਕ ਅਡੰਬਰਾਂ ਦੀ ਵੀ ਫੂਕ ਕੱਢ ਦਿੱਤੀ ਹੈ। ਧਾਰਮਿਕ ਅਸਥਾਨਾਂ ਨੇ ਲੋਕਾਂ ਨੂੰ ਆਉਣ ਤੋਂ ਰੋਕ ਦਿੱਤਾ ਹੈ, ਲੋਕ ਜੋ ਅਖੌਤੀ ਰੱਬ ਨੂੰ ਰਖਵਾਲਾ ਸਮਝਦੇ ਸਨ, ਕਰੋਨਾ ਨੇ ਇਹ ਭਰਮ ਦੂਰ ਕਰ ਦਿੱਤੇ ਹਨ। ਅਖੌਤੀ ਪੀਰ ਫ਼ਕੀਰ ਔਲੀਏ ਸਾਧ ਬਾਬੇ ਆਪਣੀਆਂ ਝੂਠ ਦੀਆਂ ਦੁਕਾਨਾਂ ਬੰਦ ਕਰਕੇ ਛੁਪ ਗਏ ਹਨ, ਜੋ ਵੱਡੇ ਵੱਡੇ ਧਾਰਮਿਕ ਇਕੱਠ ਕਰਕੇ ਜਾਂ ਆਪਣਿਆਂ ਡੇਰਿਆਂ ਥਾਵਾਂ ਦੇ ਬੁਲਾ ਕੇ ਦਹਾਕਿਆਂ ਤੋਂ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਲੁੱਟਦੇ ਆ ਰਹੇ ਸਨ।
ਕਰੋਨਾ ਨੇ ਮੌਤ ਦਰ ਘਟਾਉਣ ਵਿੱਚ ਵੀ ਮੱਦਦ ਕੀਤੀ ਹੈ, ਭਾਵੇਂ ਕਿ ਇਸ ਵਾਇਰਸ ਨਾਲ ਵੀ ਮੌਤਾਂ ਹੋਈਆਂ ਹਨ। ਪਰ ਵਾਇਰਸ ਸਦਕਾ ਨਸ਼ਿਆਂ ਦੇ ਸੰਪਰਕ ਟੁੱਟਣ ਸਦਕਾ ਨਸੇੜੀਆਂ ਦੀਆਂ ਮੌਤਾਂ ਘਟੀਆਂ ਹਨ, ਸੜਕਾਂ ਤੇ ਆਵਾਜਾਈ ਘੱਟ ਹੋਣ ਸਦਕਾ ਦੁਰਘਟਨਾਵਾਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਕਮੀ ਆਈ ਹੈ। ਖੁਦਕਸ਼ੀਆਂ ਦੇ ਰੁਝਾਨ ਨੂੰ ਠੱਲ ਪਈ ਹੈ। ਲੜਾਈ ਝਗੜਿਆਂ ਵਿੱਚ ਹੋਣ ਵਾਲੀਆਂ ਮੌਤਾਂ ਘਟੀਆਂ ਹਨ। ਇਸ ਭਿਆਨਕ ਬੀਮਾਰੀ ਫੈਲਣ ਦੇ ਬਾਵਜੂਦ ਸਮਸ਼ਾਨਘਾਟ ਵਿੱਚ ਪਹੁੰਚਣ ਵਾਲੀਆਂ ਲਾਸਾਂ ਦੀ ਗਿਣਤੀ ਪਹਿਲਾਂ ਨਾਲੋਂ ਕਰੀਬ ਅੱਧੀ ਰਹਿ ਗਈ ਹੈ।
ਅੱਜ ਵੀ ਵਿਆਹ ਹੋ ਰਹੇ ਹਨ, ਮਰਨਿਆਂ ਦੇ ਭੋਗ ਵੀ ਪੈ ਰਹੇ ਹਨ, ਬੱਚੇ ਵੀ ਪੈਦਾ ਹੋ ਰਹੇ ਹਨ, ਪਰ ਸਭ ਕੁੱਝ ਨਜਾਇਜ ਖ਼ਰਚਿਆਂ ਤੋਂ ਬਗੈਰ ਹੋ ਰਿਹਾ ਹੈ। ਧੰਨ ਹੈ ਕਰੋਨਾ ਵਾਇਰਸ! ਜਿਸਨੇ ਨਾ ਸੁਣਨ ਵਾਲਿਆਂ ਨੂੰ ਸੁਣਨ ਲਾ ਦਿੱਤੈ, ਨਾ ਮੰਨਣ ਵਾਲਿਆਂ ਨੂੰ ਮੰਨਣ ਲਾ ਦਿੱਤੈ। ਲੋਕਾਂ ਨੂੰ ਖੜਣਾ ਸਿਖਾ ਦਿੱਤੈ, ਜਿਹੜੇ ਟਿਕਟਾਂ ਲੈਣ ਜਾਂ ਸਮਾਨ ਖਰੀਦਣ ਲਈ ਇੱਕ ਦੂਜੇ ਉਤੋਂ ਦੀ ਡਿੱਗਦੇ ਸਨ, ਉਹ ਹੁਣ ਲਾਈਨ ਬਣਾ ਕੇ ਖੜ ਕੇ ਬਿਨਾਂ ਧੱਕੇ ਮੁੱਕੇ ਤੋਂ ਖਰੀਦਦਾਰੀ ਕਰਨ ਸਿਖਾ ਦਿੱਤੇ ਹਨ। ਸ਼ਰਾਬੀ ਵੀ ਲਾਈਨ ਬਣਾ ਕੇ ਖੜੇ ਨਜ਼ਰ ਆਉਂਦੇ ਹਨ।
ਕਰੋਨਾ ਨੇ ਖ਼ਰਚਾ ਘੱਟ ਕਰਨਾ ਸਿਖਾਇਐ, ਸਾਦਾ ਤੇ ਸੰਤੁਲਤ ਭੋਜਣ ਖਾਣਾ ਸਿਖਾਇਐ, ਰੋਗੀ ਤੋਂ ਦੂਰ ਰਹਿਣਾ ਸਿਖਾਇਐ, ਬੀਮਾਰੀ ਨਾਲ ਲੜਣ ਲਈ ਤਿਆਰ ਰਹਿਣਾ ਸਿਖਾਇਐ, ਬਜ਼ਾਰਾਂ ਵਿੱਚ ਜਾ ਕੇ ਬੇਲੋੜੀ ਖਰੀਦਕਾਰੀ ਨਾ ਕਰਨਾ ਸਿਖਾਇਐ, ਕੁੱਲ ਮਿਲਾ ਕੇ ਕਰੋਨਾ ਵਾਇਰਸ ਨੇ ਜੀਵਨ ਜਿਉਣ ਦੀ ਜਾਂਚ ਸਿਖਾ ਦਿੱਤੀ ਹੈ। ਜੋ ਸਿੱਖਿਆ ਦਿੰਦਾ ਹੈ ਜਾਂ ਕੁੱਝ ਸਿਖਾਉਂਦਾ ਹੈ, ਉਸਨੂੰ ਅਧਿਆਪਕ ਮੰਨਿਆਂ ਜਾਂਦਾ ਹੈ। ਸੋ ਕਰੋਨਾ ਜਿੱਥੇ ਲੋਕਾਈ ਦਾ ਵੱਡਾ ਦੁਸਮਣ ਹੈ ਉਥੇ ਇੱਕ ਅਧਿਆਪਕ ਵੀ ਹੈ।

Real Estate