ਕਰੋਨਾ ਦੀ ਕਾਟ – ਅਮਰੀਕਾ ਦੀ ਪਹਿਲੀ ਵੈਕਸੀਨ ਦਾ ਇਨਸਾਨੀ ਟਰਾਇਲ ਸਫ਼ਲ

169
Mrna covid – 19 vaccine

ਕਰੋਨਾਵਾਇਰਸ ਨਾਲ ਫੈਲੀ ਮਹਾਮਾਰੀ ਨੂੰ ਰੋਕਣ ਲਈ ਚੱਲ ਰਹੀ ਕੋਸਿ਼ਸ਼ਾਂ ਵਿੱਚ ਅਮਰੀਕਾ ਤੋਂ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਪਹਿਲੇ ਕਰੋਨਾ ਵੈਕਸੀਨ ਦਾ ਇਨਸਾਨਾਂ ਉਪਰ ਕੀਤਾ ਟਰਾਇਲ ਸਫ਼ਲ ਰਿਹਾ ਹੈ ਅਤੇ ਜਿਸਦੇ ਨਤੀਜੇ ਬਹੁਤ ਸਕਾਰਾਤਮਕ ਮਿਲੇ ਹਨ।
ਬੋਸਟਨ ਦੀ ਬਾਇਓਟੈਕ ਕੰਪਨੀ ਮਾਡਰਨਾ ਨੇ ਸੋਮਵਾਰ ਆਥਣੇ ਇਸ ਗੱਲ ਦੀ ਜਾਣਕਾਰੀ ਦਿੰਦੇ ਦੱਸਿਆ ਕਿ ਜਿੰਨ੍ਹਾਂ ਵਿਅਕਤੀਆਂ ਉਪਰ ਐੱਮਆਰਐਨਏ ਵੈਕਸੀਨ ਦਾ ਟਰਾਇਲ ਕੀਤਾ ਗਿਆ, ਉਸ ਨਾਲ ਸਰੀਰ ਵਿੱਚ ਉਮੀਦ ਤੋਂ ਜਿ਼ਆਦਾ ਚੰਗੀ ਇਮਊਨਿਟੀ ਵਧੀ ਹੈ ਅਤੇ ਸਾਈਡ ਇਫੈਕਟ ਮਾਮੂਲੀ ਹਨ।
ਇਸ ਖ਼ਬਰ ਨਾਲ ਵਾਲ ਸਟਰੀਟ ‘ਚ ਜੋਸ਼ ਦੇਖਣ ਨੂੰ ਮਿਲਿਆ ਅਤੇ ਐਸਐਂਡਪੀ 500 ਯੂਐਸ ਬੈਂਚਮਾਰਕ ਇਕਵਿਟੀ ਇੰਡੈਕਸ ਦੁਪਹਿਰ ਦਾ ਕਾਰੋਬਾਰ ਵਿੱਚ 3 ਪ੍ਰਤੀਸ਼ਤ ਉਪਰ ਚੜ ਗਿਆ। ਇਸ ਨਾਲ ਹੀ ਮਾਡਰਨਾ ਦੇ ਸ਼ੇਅਰ ਵਿੱਚ 30 ਫੀਸਦੀ ਦਾ ਵਾਧਾ ਹੋਇਆ ਅਤੇ ਸ਼ੇਅਰ ਦੇ ਭਾਅ 87 ਡਾਲਰ ਤੱਕ ਵੱਧ ਗਏ।
ਸੋਮਵਾਰ ਨੂੰ ਮਾਡਰਨਾ ਨੇ ਮੁੱਢਲੇ ਦੌਰ ਵਿੱਚ ਟਰਾਇਲ ਦੇ ਨਤੀਜਿਆਂ ਬਾਰੇ ਦੱਸਿਆ । ਇਸ ਮੁਤਾਬਿਕ ਵੈਕਸੀਨ ਦਾ ਜਿੰਨ੍ਹਾਂ ਵਿਅਕਤੀਆਂ ‘ਤੇ ਟਰਾਇਲ ਕੀਤਾ ਗਿਆ ਉਹਨਾਂ ਦੇ ਸ਼ਰੀਰ ਵਿੱਚ ਕੇਵਲ ਮਾਮੂਲੀ ਦੁਰਪ੍ਰਭਾਵ ਦੇਖੇ ਗਏ ਅਤੇ ਵੈਕਸੀਨ ਦਾ ਪ੍ਰਭਾਵ ਸੁਰੱਖਿਅਤ ਅਤੇ ਸਲਾਹੁਣਯੋਗ ਪਾਇਆ ਗਿਆ ।
ਕੰਪਨੀ ਮੁਤਾਬਿਕ ਵੈਕਸੀਨ ਜਿੰਨਾਂ ਵਿਅਕਤੀਆਂ ‘ਤੇ ਵਰਤੀ ਗਈ ਉਹਨਾਂ ਦਾ ਇਮਿਊਨ ਸਿਸਟਮ ਵਾਇਰਸ ਨਾਲ ਲੜਨ ਵਿੱਚ ਕੋਵਿਡ-19 ਤੋਂ ਠੀਕ ਹੋ ਚੁੱਕੇ ਮਰੀਜਾਂ ਦੇ ਬਰਾਬਰ ਜਾਂ ਉਹਨਾਂ ਤੋਂ ਜਿ਼ਆਦਾ ਪਾਇਆ ਗਿਆ । ਕੰਪਨੀ ਦੇ ਸੀਈਓ ਸਟੀਫਨ ਬੈਂਸੇਲ ਨੇ ਕਿਹਾ ਕਿ ਅਸੀਂ ਐਨਾ ਵਧੀਆ ਡਾਟਾ ਦੀ ਉਮੀਦ ਨਹੀਂ ਕੀਤੀ ਸੀ।
ਮਾਡਰਨਾ ਪਹਿਲੀ ਅਮਰੀਕੀ ਕੰਪਨੀ ਹੈ, ਜਿਸਨੇ ਵੈਕਸੀਨ ਦੀ ਰੇਸ ਵਿੱਚ ਸਭ ਨੂੰ ਪਿੱਛੇ ਛੱਡ ਦਿੱਤਾ ਹੈ। ਕੰਪਨੀ ਨੇ ਵੈਕਸੀਨ ਦੇ ਲਈ ਜਰੂਰੀ ਜੈਨੇਟਿਕ ਕੋਡ ਹਾਸਿਲ ਕਰਨ ਤੋਂ ਲੈ ਕੇ ਉਸਦਾ ਇਨਸਾਨਾਂ ਉਪਰ ਟਰਾਇਲ ਆਦਿ ਸਿਰਫ 42 ਦਿਨਾਂ ਵਿੱਚ ਪੂਰਾ ਕਰ ਲਿਆ ਹੈ। ਇਹ ਵੀ ਪਹਿਲੀ ਵਾਰ ਹੋਇਆ ਕਿ ਜਾਨਵਰਾਂ ਤੋਂ ਪਹਿਲਾਂ ਇਨਸਾਨਾਂ ‘ਤੇ ਇਸਨੂੰ ਪਰਖਿਆ ਗਿਆ ।
16 ਮਾਰਚ ਨੂੰ ਸਿਆਟਲ ਦੇ ਕਾਈਜ਼ਰ ਪਰਮਾਨੈਂਟ ਰਿਸਰਚ ਫੈਸਿਲਿਟੀ ਵਿੱਚ ਸਭ ਤੋਂ ਪਹਿਲਾਂ ਇਹ ਵੈਕਸੀਨ ਦੋ ਬੱਚਿਆਂ ਦੀ ਮਾਂ 43 ਸਾਲਾ ਜੈਨੀਫਰ ਨਾਂਮ ਦੀ ਔਰਤ ਨੂੰ ਦਿੱਤੀ ਗਈ । ਪਹਿਲੇ ਟਰਾਇਲ ਵਿੱਚ 18 ਤੋਂ 55 ਸਾਲ ਦੀ ਉਮਰ ਦੇ 45 ਸਿਹਤਮੰਦ ਲੋਕ ਸ਼ਾਮਿਲ ਕੀਤੇ ਗਏ ਸਨ।

Real Estate