ਪੁਲਸ ਨੇ ਸਿੱਧੂ ਮੂਸੇਵਾਲਾ ‘ਤੇ ਦਰਜ ਮਾਮਲੇ ‘ਚ ਅਸਲਾ ਐਕਟ ਵੀ ਲਾਇਆ

149

ਬਰਨਾਲਾ, 18 ਮਈ (ਜਗਸੀਰ ਸਿੰਘ ਸੰਧੂ) : ਸਿੱਧੂ ਮੂਸੇਵਾਲ ਦੇ ਕੇਸ ਵਿੱਚ ਪੁਲਸ ਵੱਲੋਂ ਅਸਲਾ ਐਕਟ ਦਾ ਵਾਧਾ ਕਰ ਦਿੱਤਾ ਗਿਆ ਹੈ। ਇਸ ਗੱਲ ਦਾ ਖੁਲਾਸਾ ਪੰਜਾਬ ਪੁਲਸ ਦੇ ਪਟਿਆਲਾ ਰੇਜ਼ ਦੇ ਆਈ.ਜੀ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਕੀਤਾ ਗਿਆ ਹੈ। ਵਰਨਣਯੋਗ ਹੈ ਕਿ ਦੇਸ਼ ਵਿੱਚ ਹੋਏ ਲਾਕਡਾਊਨ ਅਤੇ ਪੰਜਾਬ ਵਿੱਚ ਲੱਗੇ ਕਰਫਿਊ ਦੇ ਬਾਵਜੂਦ ਪਿਛਲੇ ਦਿਨੀਂ ਵਿਵਾਦਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਬਰਨਾਲਾ ਜਿਲੇ ਦੇ ਪਿੰਡ ਬਡਬਰ ਵਿਖੇ ਪੁਲਸ ਦੀ ਹਾਜਰੀ ਵਿੱਚ ਸਰਕਾਰੀ ਏ.ਕੇ ਸੰਤਾਲੀ ਅਸਾਲਟ ਰਾਇਫਲ ਨਾਲ ਫਾਇਰ ਕਰਨ ਦੀ ਵਿਡੀਓ ਸ਼ੋਸਲ ਮੀਡੀਆ ‘ਤੇ ਵਾਇਰਲ ਹੋ ਗਈ ਸੀ। ਜਿਸ ਸਬੰਧੀ ਸੋਸਲ ਮੀਡੀਆ ‘ਤੇ ਰੌਲਾ ਪੈਣ ਤੋਂ ਬਾਅਦ ਡੀ.ਜੀ.ਪੀ ਦਿਨਕਰ ਗੁਪਤਾ ਦੀਆਂ ਹਿਦਾਇਤਾਂ ‘ਤੇ ਬਰਨਾਲਾ ਪੁਲਸ ਵੱਲੋਂ ਸਿੱਧੂ ਮੂਸੇਵਾਲਾ ਸਮੇਤ ਕੁਝ ਪੁਲਸ ਵਾਲਿਆਂ ਅਤੇ ਉਸਦੇ ਸਾਥੀਆਂ ‘ਤੇ ਕਰਫਿਊ ਦੀ ਉਲੰਘਣਾ ਕਰਨ ਦਾ ਮੁਕੱਦਮਾ ਦਰਜ ਕਰ ਲਿਆ ਸੀ ਅਤੇ ਕੁਝ ਪੁਲਸ ਵਾਲਿਆਂ ਨੂੰ ਮੁਅਤੱਲ ਵੀ ਕਰ ਦਿੱਤਾ ਗਿਆ ਸੀ, ਪਰ ਸਰਕਾਰੀ ਅਸਲੇ ਨਾਲ ਸਰੇਆਮ ਫਾਇਰ ਕਰਨ ਦੀ ਵਿਡੀਓ ਵਾਇਰਲ ਹੋਣ ਕਰਕੇ ਇਸ ਪੁਲਸ ਦੀ ਕਾਰਗੁਜਾਰੀ ‘ਤੇ ਸਵਾਲ ਉਠਣੇ ਸ਼ੁਰੂ ਹੋ ਗਏ ਸਨ ਕਿ ਸਿੱਧੂ ਮੂਸੇਵਾਲਾ ਤੇ ਉਸਦੇ ਸਾਥੀਆਂ ‘ਤੇ ਅਸਲਾ ਐਕਟ ਕਿਉਂ ਨਹੀਂ ਲਗਾਇਆ ਗਿਆ। ਇਸ ਦੇ ਚਲਦਿਆਂ ਬਰਨਾਲਾ ਪੁਲਸ ਵੱਲੋਂ ਇਸ ਕੇਸ ਦੀ ਜਾਂਚ ਐਸ.ਪੀ ਰੁਪਿੰਦਰ ਭਾਰਵਾਜ ਦੇ ਹਵਾਲੇ ਕਰ ਦਿੱਤੀ ਗਈ ਸੀ, ਪਰ ਐਸ.ਪੀ ਭਾਰਦਵਾਜ ਵੱਲੋਂ 16 ਮਈ ਨੂੰ ਪੇਸ ਹੋਣ ਦਾ ਨੋਟਿਸ ਕੱਢੇ ਜਾਣ ਦੇ ਬਾਵਜੂਦ ਵੀ ਸਿੱਧੂ ਮੂਸੇਵਾਲਾ ਅਤੇ ਉਸਦੇ ਸਾਥੀ ਬਰਨਾਲਾ ਪੁਲਸ ਅੱਗੇ ਪੇਸ਼ ਨਹੀਂ ਹੋਏ। ਦੂਸਰੇ ਪਾਸੇਪ੍ਰਸਿੱਧ ਵਕੀਲ ਐਚ.ਸੀ ਅਰੋੜਾ ਵੱਲੋਂ ਇਸ ਮਾਮਲੇ ‘ਤੇ ਪੁਲਸ ਨੂੰ ਨੋਟਿਸ ਭੇਜਿਆ ਗਿਆ ਅਤੇ ਇਸ ਮਾਮਲੇ ਨੂੰ ਲੈ ਕੇ ਐਡਵੋਕੇਟ ਰਵੀ ਜੋਸ਼ੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਜਨਹਿੱਤ ਪਟੀਸ਼ਨ ਪਾ ਦਿੱਤੀ। ਜਿਸ ਦੇ ਚੱਲਦਿਆਂ ਅੱਜ ਪੰਜਾਬ ਪੁਲਸ ਦੇ ਪਟਿਆਲਾ ਰੇਜ਼ ਦੇ ਆਈ.ਜੀ ਵੱਲੋਂ ਮਾਣਯੋਗ ਹਾਈਕੋਰਟ ਨੂੰ ਦੱਸਿਆ ਗਿਆ ਹੈ ਕਿ ਇਸ ਮਾਮਲੇ ਵਿੱਚ ਪੁਲਸ ਨੇ ਧਰਾਵਾਂ ਵਿੱਚ ਵਾਧਾ ਕੀਤਾ ਹੈ ਅਤੇ ਹੁਣ ਸਿੱਧੂ ਮੂਸੇਵਾਲਾ ਅਤੇ ਉਸਦੇ ਸਾਥੀਆਂ ‘ਤੇ ਦਰਜ ਐਫ.ਆਈ.ਆਰ ਵਿੱਚ ਅਸਲਾ ਐਕਟ ਅਤੇ ਅਪਰਾਧਿਕ ਸਾਜਿਸ਼ ਵਿੱਚ ਸਾਮਲ ਹੋਣ ਦੀਆਂ ਧਰਾਵਾਂ ਵੀ ਲਗਾ ਦਿੱਤੀਆਂ ਗਈਆਂ ਹਨ।

Real Estate