ਧਨੌਲਾ ਵਿਖੇ ਕਾਰਸੇਵਾ ‘ਚ ਲੱਗੇ ਸਿੱਖ ਨੌਜਵਾਨ ਨੂੰ ਲੁਧਿਆਣਾ ਪੁਲਸ ਨੇ ਚੁੱਕਿਆ

230

ਵਿਵਾਦਤ ਕਾਂਗਰਸੀ ਆਗੂ ਗੁਰਸਿਰਮਨ ਮੰਡ ਨੂੰ ਸ਼ੋਸ਼ਲ ਮੀਡੀਆ ‘ਤੇ ਧਮਕੀ ਦੇਣ ਦੇ ਲਗਾਏ ਦੋਸ਼
ਬਰਨਾਲਾ, 17 ਮਈ (ਜਗਸੀਰ ਸਿੰਘ ਸੰਧੂ) : ਨੇੜਲੇ ਕਸਬਾ ਧਨੌਲਾ ਵਿਖੇ ਵੱਡਾ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਦੇ ਇੱਕ ਸਿੱਖ ਨੌਜਵਾਨ ਨੂੰ ਬੀਤੇ ਦਿਨ ਲੁਧਿਆਣਾ ਪੁਲਸ ਵੱਲੋਂ ਚੁੱਕ ਲਿਆ ਗਿਆ ਹੈ। ਇਸ ਮਾਮਲੇ ਸਬੰਧੀ ਪਤਾ ਲੱਗਿਆ ਹੈ ਕਿ ਕੱਟੂ ਪਿੰਡ ਦਾ ਵਸਨੀਕ ਕੁਲਵਿੰਦਰ ਸਿੰਘ ਨਾਮੀ ਸਿੱਖ ਨੌਜਵਾਨ ਧਨੌਲਾ ਦੇ ਵੱਡਾ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੀ ਕਾਰ ਸੇਵਾ ਵਿੱਚ ਲੱਗਿਆ ਹੋਇਆ ਸੀ, ਜਿਥੋਂ ਬੀਤੇ ਦਿਨ ਲੁਧਿਆਣਾ ਦੀ ਪੁਲਸ ਉਸਨੂੰ ਫੜ ਕੇ ਲੈ ਗਈ ਹੈ। ਭਾਵੇਂ ਕਾਰਸੇਵਾ ਕਰਨ ਵਾਲੇ ਬਾਬੇ ਨੇ ਤਾਂ ਉਕਤ ਨੌਜਵਾਨ ਦੀ ਪੈਰਵੀ ਕਰਨ ਤੋਂ ਪੱਲਾ ਝਾੜ ਲਿਆ ਹੈ, ਪਰ ਵੱਡਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਇੰਨਸਾਫ ਦੀ ਆਵਾਜ਼ ਪਾਰਟੀ ਦੇ ਆਗੂ ਮਹਿੰਦਰਪਾਲ ਸਿੰਘ ਦਾਨਗੜ ਵੱਲੋਂ ਇਸ ਸਿੱਖ ਨੌਜਵਾਨ ਦੀ ਗ੍ਰਿਫਤਾਰੀ ਸਬੰਧੀ ਲੁਧਿਆਣਾ ਪੁਲਸ ਨਾਲ ਰਾਬਤਾ ਕੀਤਾ ਗਿਆ ਹੈ, ਜਿਸ ‘ਤੇ ਪਤਾ ਲੱਗਿਆ ਹੈ ਕਿ ਲੁਧਿਆਣਾ ਦੇ ਇੱਕ ਵਿਵਾਦਤ ਕਾਂਗਰਸੀ ਆਗੂ ਆਲ ਇੰਡੀਆ ਕਾਂਗਰਸ ਕਮੇਟੀ (ਕਿਸਾਨ ਕਾਂਗਰਸ) ਦੇ ਕੌਮੀ ਜੁਆਇੰਟ ਕੁਆਰਡੀਨੇਟਰ ਗੁਰਸਿਮਰਨ ਸਿੰਘ ਮੰਡ ਨੂੰ ਸ਼ੋਸ਼ਲ ਮੀਡੀਆ ‘ਤੇ ਕੋਈ ਧਮਕੀ ਦਿੱਤੀ ਗਈ ਹੈ, ਜਿਸ ਦੇ ਸਬੰਧ ਵਿੱਚ ਉਕਤ ਸਿੱਖ ਨੌਜਵਾਨ ਸਮੇਤ ਲੁਧਿਆਣਾ ਅਤੇ ਹੋਰ ਇਲਾਕਿਆਂ ਵਿੱਚੋਂ ਤਿੰਨ-ਚਾਰ ਸਿੱਖ ਨੌਜਵਾਨਾਂ ਨੂੰ ਲੁਧਿਆਣਾ ਪੁਲਸ ਨੇ ਫੜਿਆ ਹੈ ਅਤੇ ਸਾਇਬਰ ਕਰਾਇਮ ਬਰਾਂਚ ਇਹਨਾਂ ਨੌਜਵਾਨਾਂ ਪ੍ਰਤੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਮਹਿੰਦਰਪਾਲ ਸਿੰਘ ਦਾਨਗੜ ਦੇ ਦੱਸਣ ਅਨੁਸਾਰ ਲੁਧਿਆਣਾ ਦੇ ਏ.ਸੀ.ਪੀ ਸੁਰਿੰਦਰ ਮੋਹਨ ਨੇ ਕਿਹਾ ਹੈ ਕਿ ਮੁਢਲੀ ਪੜਤਾਲ ਦੌਰਾਨ ਤਾਂ ਇਹਨਾਂ ਨੌਜਵਾਨਾਂ ਦਾ ਕੋਈ ਖਾਸ ਦੋਸ਼ ਸਾਹਮਣੇ ਨਹੀਂ ਆਇਆ ਹੈ, ਪਰ ਉਪਰਲੇ ਲੇਬਲ ‘ਤੇ ਹੁਣ ਸਾਇਬਰ ਕਰਾਇਮ ਬਰਾਂਚ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

Real Estate