ਬੇਟਾ ਸਮਾਂ ਵਿਚਾਰ ਲਈਦਾ ਹੈ ਕੋਈ ਵੱਡੀ ਬਿਪਤਾ ਆਈ ਹੋਈ ਆ

32

ਬਲਵਿੰਦਰ ਸਿੰਘ ਭੁੱਲਰ

ਮੋਬਾ: 098882-75913

ਕਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਦੁਨੀਆਂ ਦਾ ਹਰ ਦੇਸ਼ ਯਤਨਸ਼ੀਲ ਹੈ। ਲੋਕਾਂ ਨੂੰ ਸਹੂਲਤਾਂ ਮੁਹੱਈਆਂ ਕੀਤੀਆਂ ਜਾ ਰਹੀਆਂ ਹਨ, ਨਿੱਤ ਵਰਤੋਂ ਦੀਆਂ ਵਸਤਾਂ ਸਪਲਾਈ ਕੀਤੀਆਂ ਜਾਂਦੀਆਂ ਹਨ। ਸਰਕਾਰਾਂ ਤੋਂ ਇਲਾਵਾ ਲੋਕਾਂ ਵੱਲੋਂ ਵੀ ਇੱਕ ਦੂਜੇ ਦੀ ਦਿਲੋਂ ਸਹਾਇਤਾ ਕੀਤੀ ਜਾ ਰਹੀ ਹੈ। ਭਾਰਤ ਦੀ ਸਥਿਤੀ ਦੂਜੇ ਦੇਸਾਂ ਨਾਲੋਂ ਕੁੱਝ ਵੱਖਰੀ ਦਿਖਾਈ ਦਿੰਦੀ ਹੈ, ਇੱਥੋਂ ਦੀ ਕੇਂਦਰ ਸਰਕਾਰ ਅਤੇ ਕਈ ਰਾਜਾਂ ਦੀਆਂ ਸਰਕਾਰਾਂ ਅਮੀਰਾਂ, ਘਪਲੇਬਾਜਾਂ ਜਾਂ ਕਾਰਪੋਰੇਟ ਘਰਾਣਿਆਂ ਨੂੰ ਸਹੂਲਤਾਂ ਦੇਣ ਲਈ ਸੁਨਹਿਰੀ ਮੌਕਾ ਪ੍ਰਦਾਨ ਕਰ ਰਹੀਆਂ ਹਨ, ਜਦ ਕਿ ਗਰੀਬ ਲੋਕਾਂ ਨੂੰ ਢਿੱਡ ਭਰਨ ਲਈ ਰਾਸਨ ਦੇਣ ਦੀ ਬਜਾਏ ਡਾਗਾਂ ਨਾਲ ਸੇਵਾ ਕੀਤੀ ਜਾ ਰਹੀ ਹੈ।
ਅਮਰੀਕਾ, ਕੈਨੇਡਾ, ਬ੍ਰਤਾਨੀਆ ਆਦਿ ਦੇਸ਼ਾਂ ਨੂੰ ਛੱਡ ਕੇ ਜੇਕਰ ਭਾਰਤ ਅਤੇ ਗੁਆਂਢੀ ਦੇਸ ਪਾਕਿਸਤਾਨ ਦੀ ਹੀ ਤੁਲਨਾ ਕੀਤੀ ਜਾਵੇ ਤਾਂ ਹੈਰਾਨੀਜਨਕ ਤੱਥ ਸਾਹਮਣੇ ਆ ਜਾਂਦੇ ਹਨ। ਪਾਕਿਸਤਾਨ ’ਚ ਮਹਿੰਗਾਈ ਭਾਰਤ ਨਾਲੋਂ ਵੀ ਜਿ਼ਆਦਾ ਹੈ, ਰੁਪਏ ਦੀ ਕੀਮਤ ਭਾਰਤੀ ਰੁਪਏ ਨਾਲੋਂ ਕਰੀਬ ਅੱਧੀ ਹੈ। ਪਕਿਸਤਾਨ ਦੀ ਆਰਥਿਕ ਹਾਲਤ ਭਾਰਤ ਨਾਲੋਂ ਕਾਫ਼ੀ ਬਦਤਰ ਹੈ। ਫੇਰ ਵੀ ਉੱਥੋਂ ਦੀ ਸਰਕਾਰ ਅਮੀਰਾਂ ਦੀ ਬਜਾਏ ਗਰੀਬਾਂ ਤੇ ਆਮ ਲੋਕਾਂ ਲਈ ਚਿੰਤਾ ਕਰਦੀ ਹੈ। ਪਾਕਿਸਤਾਨ ਸਰਕਾਰ ਵੱਲੋਂ ਘਰਾਂ ਵਿੱਚ ਗਰੀਬਾਂ ਨੂੰ ਰਾਸ਼ਨ ਸਪਲਾਈ ਕੀਤਾ ਜਾਂਦਾ ਹੈ, ਡੀਜ਼ਲ-ਪੈਟਰੌਲ ਦੀਆਂ ਕੀਮਤਾਂ ਵਿੱਚ ਕਾਫ਼ੀ ਕਮੀ ਕਰ ਦਿੱਤੀ ਹੈ।

ਮਾਸਕ ਵੇਚਦਾ ਪਾਕਿਸਤਾਨੀ ਬੱਚਾ

ਇਸਦੇ ਉਲਟ ਭਾਰਤ ਸਰਕਾਰ ਨੇ ਡੀਜ਼ਲ ਪੈਟਰੌਲ ਦੀਆਂ ਕੀਮਤਾਂ ਵਿੱਚ ਵਾਧਾ ਦਿੱਤਾ ਹੈ, ਜਦੋਂ ਕਿ ਸੰਸਾਰ ਪੱਧਰ ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ। ਤੇਲ ਕੀਮਤਾਂ ਜਿੱਥੇ ਵੱਡੀਆਂ ਕੰਪਨੀਆਂ ਨੂੰ ਲਾਭ ਪਹੁੰਚਾਉਣ ਲਈ ਵਧਾਈਆਂ ਗਈਆਂ ਹਨ, ਉ¤ਥੇ ਦੇਸ਼ ਦਾ ਧਨ ਲੁੱਟਣ ਵਾਲੇ ਕਰੀਬ ਪੰਜਾਹ ਧਨਾਢ ਲੁਟੇਰਿਆਂ ਦਾ ਖਰਬਾਂ ਰੁਪਏ ਦਾ ਕਰਜ਼ਾ ਮੁਆਫ਼ ਕਰ ਦਿੱਤਾ ਹੈ। ਕਾਰਾਪੋਰੇਟ ਘਰਾਣਿਆਂ ਨੂੰ ਲਾਭ ਦੇਣ ਲਈ ਸ਼ਰਾਬ ਦੇ ਕਾਰੋਬਾਰੀਆਂ ਨੂੰ ਖੁੱਲ੍ਹ ਦਿੱਤੀ ਜਾ ਰਹੀ ਹੈ। ਗਰੀਬ ਮਜਦੂਰਾਂ ਨੂੰ ਇਸ ਲਾਕਡਾਊਨ ਸਮੇਂ ’ਚ ਢਿੱਡ ਭਰਨ ਲਈ ਰਾਸ਼ਨ ਨਹੀ ਦਿੱਤਾ ਜਾ ਰਿਹਾ। ਕੰਮਕਾਰ ਤੋਂ ਵਿਹਲੇ ਮਜਦੂਰ ਘਰਾਂ ਵੱਲ ਜਾਣ ਲਈ ਇਕੱਤਰ ਹੁੰਦੇ ਹਨ, ਤਾਂ ਉਹਨਾਂ ਤੇ ਡਾਗਾਂ ਵਰ•ਾਈਆਂ ਜਾ ਰਹੀਆਂ ਹਨ।
ਗਰੀਬ ਮਜਦੂਰਾਂ ਦੀ ਲੁੱਟ ਕੇਵਲ ਕੇਂਦਰ ਸਰਕਾਰ ਹੀ ਨਹੀਂ, ਰਾਜ ਸਰਕਾਰਾਂ ਵੀ ਉਸੇ ਰਾਹ ਤੁਰੀਆਂ ਹੋਈਆਂ ਹਨ। ਉੱਤਰ ਪ੍ਰਦੇਸ ਸਰਕਾਰ ਨੇ ‘‘ਉੱਤਰ ਪ੍ਰਦੇਸ ਟੈਂਪਰੇਰੀ ਐਗਜੈਪਸਨ ਫਰੇਮ ਸਰਟਨ ਲੇਬਰ ਲਾਅਜ ਆਰਡੀਨੈਸ 20’’ ਜਾਰੀ ਕਰਕੇ ਮਜਦੂਰਾਂ ਦੀਆਂ ਜਥੇਬੰਦੀਆਂ ਨੂੰ ਮਾਨਤਾ ਦੇਣ ਵਾਲਾ ਕਾਨੂੰਨ ਖਤਮ ਕਰ ਦਿੱਤਾ ਹੈ, ਤਾਂ ਜੋ ਫੈਕਟਰੀਆਂ ਦੇ ਮਾਲਕ ਬਗੈਰ ਕਿਸੇ ਡਰ ਭੈਅ ਦੇ ਮਜਦੂਰਾਂ ਤੋਂ ਬੰਧੂਆਂ ਮਜਦਰਾਂ ਵਾਂਗ ਕੰਮ ਲੈ ਸਕਣ ਅਤੇ ਮਰਜੀ ਨਾਲ ਮਜਦੂਰੀ ਦੇ ਸਕਣ। ਇਸੇ ਤਰਾਂ ਮੱਧ ਪ੍ਰਦੇਸ ਸਰਕਾਰ ਨੇ ਵੀ ਕਾਨੂੰਨ ਵਿੱਚ ਤਬਦੀਲੀ ਰਕੇ ਸਨਅੱਤਾਂ ਅਤੇ ਵਪਾਰਕ ਅਦਾਰਿਆਂ ਨੂੰ ਰਿਆਇਤਾਂ ਦਿੱਤੀਆਂ ਹਨ। ਪੰਜਾਹ ਤੋਂ ਘੱਟ ਮਜਦੂਰਾਂ ਵਾਲੇ ਕਾਰਖਾਨਿਆਂ ਨੂੰ ਕਿਰਤ ਕਾਨੂੰਨਾਂ ਦੇ ਖੇਤਰ ਚੋਂ ਬਾਹਰ ਕੱਢ ਦਿੱਤਾ ਹੈ। ਇਸ ਤਰਾਂ ਅਜਿਹੇ ਛੋਟੇ ਕਾਰਖਾਨਿਆਂ ਵਿੱਚ ਕੰਮ ਕਰਨ ਵਾਲੇ ਮਜਦੂਰ ਤਾਂ ਗੁਲਾਮ ਹੀ ਬਣ ਕੇ ਰਹਿ ਜਾਣਗੇ। ਗੁਜਰਾਤ ਸਰਕਾਰ ਨੇ ਨਵੀਆਂ ਸਨਅੱਤਾਂ ਲਈ ਹਜ਼ਾਰਾਂ ਏਕੜ ਜਮੀਨ ਦੇਣ ਦਾ ਐਲਾਨ ਕਰ ਦਿੱਤਾ ਹੈ। ਪਰ ਉੱਥੇ ਕੰਮ ਕਰਨ ਵਾਲੇ ਮਜਦੂਰਾਂ ਦਾ 8 ਘੰਟੇ ਦਾ ਸਮਾਂ ਵਧਾ ਕੇ 12 ਘੰਟੇ ਕਰਨ ਤੇ ਉਜਰਤ ਵਧਾਉਣ ਲਈ ਕੋਈ ਮੱਦ ਨਹੀਂ। ਅੱਠ ਘੰਟੇ ਕੰਮ ਕਰਨ ਦਾ ਹੱਕ ਮਜਦੂਰ ਵਰਗ ਨੇ ਕੁਰਬਾਨੀਆਂ ਦੇ ਕੇ ਹਾਸਲ ਕੀਤਾ ਹੈ, ਜਿਸਨੂੰ ਮੁੜ ਖਤਮ ਕਰਨ ਦੀਆਂ ਸਾਜਿਸ਼ਾਂ ਹੋ ਰਹੀਆਂ ਹਨ।
ਦੇਸ ਦੇ ਧਨਾਢ ਲੋਕ ਸਰਕਾਰਾਂ ਦੀ ਸ਼ਹਿ ਤੇ ਮਜਦੂਰਾਂ ਦੀ ਕਿਰਤ ਦੀ ਲੁੱਟ ਕਰ ਰਹੇ ਹਨ। ਦੇਸ ਦੇ ਧਨ ਨੂੰ ਵਿਦੇਸ਼ਾਂ ਵਿੱਚ ਲਿਜਾ ਰਹੇ ਹਨ, ਸਰਕਾਰ ਅਜਿਹੇ ਲੁਟੇਰਿਆਂ ਦਾ ਮਾਣ ਸਨਮਾਨ ਕਰ ਰਹੀ ਹੈ। ਇੱਥੇ ਹੀ ਬੱਸ ਨਹੀਂ ਮਹਾਂਮਾਰੀ ਸਦਕਾ ਹੋਏ ਲਾਕਡਾਊਨ ਕਾਰਨ ਗੱਡੀਆਂ ਬੱਸਾਂ ਆਦਿ ਸਭ ਬੰਦ ਹਨ, ਮਜਦੂਰ ਆਪਣੇ ਘਰੀਂ ਪਹੁੰਚਣਾ ਚਾਹੁੰਦੇ ਹਨ। ਰਸਤਿਆਂ ਤੋਂ ਅਣਜਾਣ ਇਹ ਮਜਦੂਰ ਮਰਦ ਔਰਤਾਂ ਆਪਣੇ ਬੱਚਿਆਂ ਸਮੇਤ ਰੇਲਵੇ ਲਾਈਨ ਤੇ ਚੱਲ ਕੇ ਆਪਣੇ ਘਰਾਂ ਵੱਲ ਜਾ ਰਹੀਆਂ ਹਨ।
ਸੋਸਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਇੱਕ ਰੇਲਵੇ ਦਾ ਪੁਲਿਸ ਕਰਮਚਾਰੀ ਘਰਾਂ ਨੂੰ ਜਾਂਦੀਆਂ ਮਜਦੂਰ ਔਰਤਾਂ ਨੂੰ ਰੋਕਦਾ ਹੈ, ਜਿਹਨਾਂ ਨੇ ਆਪਣੇ ਸਿਰਾਂ ਤੇ ਗੰਢੜੀਆਂ ਚੁੱਕੀਆਂ ਹੋਈਆਂ ਹਨ। ਉਹ ਔਰਤਾਂ ਨੂੰ ਲਾਕਡਾਊਨ ਦਾ ਹਵਾਲਾ ਦੇ ਕੇ ਵਾਪਸ ਮੁੜਣ ਲਈ ਕਹਿੰਦਾ ਹੈ ਅਤੇ ਜਦ ਉਹ ਤਰਲੇ ਕਰਦੀਆਂ ਹਨ ਤਾਂ ਉਹਨਾਂ ਤੋਂ ਪੰਜਾਹ ਪੰਜਾਹ ਸੌ ਸੌ ਰੁਪਏ ਲੈ ਕੇ ਅੱਗੇ ਜਾਣ ਦੀ ਪ੍ਰਵਾਨਗੀ ਦੇ ਦਿੰਦਾ ਹੈ। ਇਸ ਤਰ•ਾਂ ਕੰਮਾਂ ਤੋਂ ਵਿਹਲੀਆਂ ਤੇ ਢਿੱਡੋਂ ਭੁੱਖੀਆਂ ਔਰਤਾਂ ਦੀ ਲੁੱਟ ਕਰ ਰਿਹਾ ਹੈ। ਇਹ ਵੀਡੀਓ ਵੇਖ ਕੇ ਸ਼ਰਮ ਨਾਲ ਸਿਰ ਝੁਕ ਜਾਂਦਾ ਹੈ।
ਦੂਜੇ ਪਾਸੇ ਮੌਜੂਦਾ ਮਹਾਂਮਾਰੀ ਦੇ ਦੌਰ ਵਿੱਚ ਅੱਤ ਦੀ ਮਾੜੀ ਆਰਥਿਕ ਹਾਲਤ ਚੋਂ ਗੁਜਰ ਰਹੇ ਗੁਆਂਢੀ ਦੇਸ਼ ਦੇ ਬੱਚੇ ਦੀ ਸੇਵਾ ਭਾਰਤ ਦੇ ਧਨਾਢ ਲੋਕਾਂ ਤੇ ਅਜਿਹੇ ਲੁਟੇਰੇ ਮੁਲਾਜਮਾਂ ਦੇ ਮੂੰਹ ਤੇ ਕਰਾਰੀ ਚਪੇੜ ਹੈ। ਇਸ ਬੱਚੇ ਬਾਰੇ ਜਾਣਕਾਰੀ ‘ਸ਼ਰਮੀਨ ਤਰੀਰ’ ਨਾਮੀ ਟਵਿੱਟਰ ਤੋਂ ਹਾਸਲ ਹੋਈ ਹੈ। ਪਾਕਿਸਤਾਨ ਦੇ ਸ਼ਾਹੀਵਾਲ ਇਲਾਕੇ ਦੇ ਸ਼ਹਿਰ ਪਾਕਪਟਨ ਦੇ ਇੱਕ ਚੌਂਕ ਵਿੱਚ ਉਹ ਮਾਸਕ ਵੇਚ ਰਿਹਾ ਸੀ, ਜਿਸਦੀ ਮਾਂ ਘਰ ਵਿੱਚ ਮਾਸਕ ਤਿਆਰ ਕਰਦੀ ਹੈ ਤੇ ਬੱਚਾ ਬਜ਼ਾਰ ਵਿੱਚ ਵੇਚਣ ਜਾਂਦਾ ਹੈ। ਉਸ ਕੋਲ ਇੱਕ ਗਾਹਕ ਨੇ ਆ ਕੇ ਪੁੱਛਿਆ ਮਾਸਕ ਕਿੰਨੇ ਰੁਪਏ ਦਾ ਹੈ ਤਾਂ ਬੱਚੇ ਨੇ ਜਵਾਬ ਦਿੱਤਾ ‘ਵੀਹ ਰੁਪਏ ਦਾ’। ਗਾਹਕ ਨੇ ਫਿਰ ਕਿਹਾ, ‘‘ਮੇਰੇ ਕੋਲ ਤਾਂ ਵੀਹ ਰੁਪਏ ਵੀ ਨਹੀਂ ਹਨ।’’ ਇਹ ਸੁਣ ਕੇ ਬੱਚੇ ਨੇ ਕਿਹਾ, ‘‘ਕੋਈ ਗੱਲ ਨਹੀਂ ਤੁਸੀਂ ਮੁਫ਼ਤ ਲੈ ਜਾਓ।’’ ਇਹ ਕਹਿਣ ਤੇ ਗਾਹਕ ਨੇ ਕਿਹਾ, ‘‘ਤੇਰੀ ਮਾਂ ਤੇਰੇ ਨਾਲ ਗੁੱਸੇ ਨਹੀਂ ਹੋਵੇਗੀ ਕਿ ਮੁਫ਼ਤ ਦੇ ਆਇਆਂ ਹੈਂ।’’ ਉਸ ਬੱਚੇ ਨੇ ਉੱਤਰ ਦਿੱਤਾ, ‘‘ਮਾਂ ਕਹਿੰਦੀ ਸੀ, ਬੇਟਾ ਸਮਾਂ ਵਿਚਾਰ ਲਈਦਾ ਹੈ ਕੋਈ ਵੱਡੀ ਬਿਪਤਾ ਆਈ ਹੋਈ ਆ।’’ ਬੱਚੇ ਦਾ ਇਹ ਜਵਾਬ ਸੁਣ ਕੇ ਸਿਰ ਫ਼ਖਰ ਨਾਲ ਉੱਚਾ ਹੋ ਜਾਂਦਾ ਹੈ।
ਇਹਨਾਂ ਛੋਟੀਆਂ ਦੋਵਾਂ ਘਟਨਾਵਾਂ ਨੇ ਹੀ ਸਰਕਾਰਾਂ ਤੇ ਲੋਕਾਂ ਦੀਆਂ ਨੀਤੀਆਂ ਤੇ ਸੋਚ ਸਪਸ਼ਟ ਕਰ ਦਿੱਤੀ ਹੈ।

 

Real Estate