ਬਿਆਸ –

369

 ਨਿਰਮਲ ਸਿੰਘ

ਜੇਕਰ ਅਸੀਂ ਦੱਖਣ-ਪੂਰਬ ਵੱਲੋਂ ਉੱਤਰ ਪੱਛਮ ਵੱਲ ਜਾਈਏ ਤਾਂ ਸਤਲੁਜ ਤੋਂ ਬਾਅਦ ਪੰਜਾਬ ਦਾ ਦੂਜਾ ਦਰਿਆ ਬਿਆਸ ਹੈ। ਲੰਬਾਈ ਦੇ ਪੱਖ ਤੋਂ ਇਹ ਪੰਜਾਂ ਦਰਿਆਵਾਂ ਵਿੱਚੋਂ ਸਭ ਤੋਂ ਛੋਟਾ ਹੈ। ਬਿਆਸ ਨੂੰ ਪੁਰਾਣੇ ਸਮਿਆਂ ਵਿੱਚ ਵਿਪਾਸਾ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਬਿਆਸ ਨਾਮ ਦਾ ਸਬੰਧ ਮਹਾਂਭਾਰਤ ਦੇ ਰਚਾਇਤਾ ਮਹਾਂਰਿਸ਼ੀ ਵੇਦ ਵਿਆਸ ਨਾਲ ਜੋੜਿਆ ਜਾਂਦਾ ਹੈ। ਇਹ ਕੁੱਲੂ ਮਨਾਲੀ ਖੇਤਰ ਦੀ ਹਨੂੰਮਾਨ ਟਿੱਬਾ ਨਾਮ ਦੀ ਚੋਟੀ ਨੇੜੇ ਬਿਆਸ ਕੁੰਡ ਤੋਂ ਸ਼ੁਰੂ ਹੁੰਦਾ ਹੈ। ਇਸ ਦੀ ਇੱਕ ਸ਼ਾਖ ਰੋਹਤਾਂਗ ਦਰੇ ਤੋਂ ਚੱਲਦੀ ਹੈ ਤੇ ਇਹ ਦੋਵੇਂ ਮਨਾਲੀ ਤੋਂ ਕੁਝ ਉੱਤੇ ਪਲਛਨ ਪਿੰਡ ਨੇੜੇ ਮਿਲ ਜਾਂਦੀਆਂ ਹਨ। ਪਿੰਨ ਪਾਰਵਤੀ ਦਰੇ ਤੋਂ ਚੱਲ ਕੇ ਮਨੀਕਰਨ ਵਿੱਚੋਂ ਦੀ ਲੰਘਦੀ ਪਾਰਵਤੀ ਨਦੀ ਕੁੱਲੂ ਨੇੜੇ ਬਿਆਸ ਵਿੱਚ ਰਲ ਜਾਂਦੀ ਹੈ। ਅੱਗੇ ਔਟ ਦੇ ਸਥਾਨ ਇਸ ਵਿੱਚ ਤੀਰਥਨ ਅਤੇ ਸੈਂਜ ਰਲਦੀਆਂ ਹਨ ਜਿੱਥੇ ਲਾਰਜੀ ਡੈਮ ਬਣਿਆਂ ਹੈ। ਫਿਰ ਬੈਨ ਗੰਗਾ, ਉਹਲ ਆਦਿ ਕਈ ਨਿੱਕੀਆਂ ਵੱਡੀਆਂ ਹੋਰ ਨਦੀਆਂ ਰਲਦੀਆਂ ਹਨ। ਪੰਡੋਹ ਡੈਮ ਅਤੇ ਪੌਂਗ ਡੈਮ ਬਿਆਸ ਤੇ ਉਸਾਰੇ ਗਏ ਵੱਡੇ ਬਿਜਲੀ ਉਤਪਾਦਨ ਕੇਂਦਰ ਹਨ। ਪੰਡੋਹ ਡੈਮ ਤੋਂ ਬਿਆਸ ਦੇ ਪਾਣੀ ਦਾ ਬਹੁਤਾ ਹਿੱਸਾ ਸੁਰੰਗਾਂ ਵਿੱਚੋਂ ਲੰਘਾ ਕੇ ਦੇਹਰ ਪਾਵਰ ਹਾਊਸ ਤੱਕ ਲਿਜਾਇਆ ਜਾਂਦਾ ਹੈ ਜਿੱਥੋਂ ਇਹ ਜਲ ਬਿਜਲੀ ਮਸ਼ੀਨਾਂ ਨੂੰ ਘੁਮਾਉਣ ਉਪਰੰਤ ਸਤਲੁਜ ਦਾ ਹਿੱਸਾ ਹੋ ਜਾਂਦਾ ਹੈ। ਪੰਡੋਹ ਤੋਂ ਬਚੇ ਬਾਕੀ ਪਾਣੀ ਅਤੇ ਇਸ ਤੋਂ ਅੱਗੇ ਰਲਦੀਆਂ ਸਹਾਇਕ ਨਦੀਆਂ ਸਦਕਾ ਫਿਰ ਭਰਪੂਰ ਹੋ ਕੇ ਬਿਆਸ ਪੌਂਗ ਡੈਮ ਵਿੱਚ ਜਾ ਪੈਂਦਾ ਹੈ। ਪੌਂਗ ਡੈਮ ਤੋਂ ਨਿਕਲ ਕੇ ਤਲਵਾੜਾ ਕੋਲ ਇਹ ਪੰਜਾਬ ਵਿੱਚ ਦਾਖਲ ਹੋ ਜਾਂਦਾ ਹੈ ਅਤੇ ਪੰਜਾਬ ਹਿਮਾਚਲ ਦੀ ਹੱਦ ਬਣਦਾ 40 ਕੁ ਕਿਲੋਮੀਟਰ ਲਹਿੰਦੇ ਵੱਲ ਜਾ ਕੇ ਪਠਾਨਕੋਟ ਵੱਲੋਂ ਆਉਂਦੇ ਚੱਕੀ ਦਰਿਆ ਨੂੰ ਨਾਲ ਰਲਾ ਲੈਂਦਾ ਹੈ। ਇੱਥੋਂ ਅੱਗੇ ਹਰਗੋਬਿੰਦਪੁਰ ਅਤੇ ਗੋਇੰਦਵਾਲ ਦੇ ਚਰਨ ਛੂੰਹਦਾ ਹਰੀਕੇ ਵਿਖੇ ਸਤਲੁਜ ਵਿੱਚ ਮਿਲ ਜਾਂਦਾ ਹੈ ਤੇ ਜਰਾ ਸਾਫ ਪਾਣੀ ਨਾਲ ਸਤਲੁਜ ਦੇ ਅਤਿ ਪਲੀਤ ਪਾਣੀ ਦਾ ਮੁਹਾਂਦਰਾ ਸੁਆਰਨ ਦਾ ਯਤਨ ਕਰਦਾ ਹੈ। ਇਸ ਸੰਗਮ ਨਾਲ ਹਰੀਕੇ ਵਿਖੇ ਇੱਕ ਵਿਸ਼ਾਲ ਜਲਗਾਹ ਬਣਦੀ ਹੈ ਜਿੱਥੇ ਲੱਖਾਂ ਪੰਛੀ ਦੇਸ਼ ਦੁਨੀਆਂ ਤੋਂ ਸਰਦੀਆਂ ਕੱਟਣ ਆਉਂਦੇ ਹਨ। ਪਿਛਲੇ ਸਮੇਂ ਦੌਰਾਨ ਇਸ ਜਲਗਾਹ ਵਿੱਚ ਚਲਾਈ ਪਾਣੀ ਵਾਲੀ ਬੱਸ ਤੇ ਹੋਈ ਰਾਜਨੀਤੀ ਨੇ ਬਹੁਤ ਸੁਰਖੀਆਂ ਬਟੋਰੀਆਂ ਸਨ। ਇਤਿਹਾਸ ਵਿੱਚ ਵੀ ਬਿਆਸ ਦਰਿਆ ਦਾ ਮਹੱਤਵਪੂਰਨ ਯੋਗਦਾਨ ਹੈ। ਇਹ ਬਿਆਸ ਦਰਿਆ ਦਾ ਪੱਛਮੀ ਕੰਢਾ ਸੀ ਜਿੱਥੇ ਜੰਡਿਆਲਾ ਦੇ ਆਸ ਪਾਸ ਪੰਜਾਬੀਆਂ ਨੇ ਸਿਕੰਦਰ ਦੀ ਵਿਸ਼ਵ ਫਤਿਹ ਕਰਨ ਤੁਰੀ ਫੌਜ ਦਾ ਰਾਹ ਰੋਕਿਆ ਸੀ, ਤੇ ਸਿਕੰਦਰ ਨੂੰ ਬਿਆਸ ਦਰਿਆ ਦੇ ਕੰਢੇ ਤੋਂ ਵਾਪਸੀ ਲਈ ਮਜਬੂਰ ਹੋਣਾ ਪਿਆ ਸੀ। ਇਥੋਂ ਸਿੰਧ ਰਸਤੇ ਵਾਪਸ ਮੁੜਦੇ ਸਿਕੰਦਰ ਨੂੰ ਪੰਜਾਬੀ ਯੋਧਿਆਂ ਦੇ ਗੁਰੀਲਾ ਹਮਲਿਆਂ ਨੇ ਬਿਲਕੁਲ ਅਵਾਜ਼ਾਰ ਕਰ ਦਿੱਤਾ। ਸਿਕੰਦਰ ਇਥੋਂ ਵਾਪਸ ਜਾਂਦਿਆਂ ਮਕਦੂਨੀਆ ਪਹੁੰਚਣ ਤੋਂ ਪਹਿਲਾਂ ਹੀ ਮਰ ਗਿਆ ਸੀ। ਬਿਆਸ ਦੇ ਕੰਢੇ ਤੇ ਵਸਿਆ ਕਸਬਾ ਬਿਆਸ ਰਾਧਾ ਸੁਆਮੀ ਸੰਪਰਦਾਇ ਦਾ ਵੱਡਾ ਕੇਂਦਰ ਹੈ। ਇਹ ਚੜ੍ਹਦੇ ਪੰਜਾਬ ਦੀ ਇਕਲੌਤੀ ਵਸੋਂ ਹੈ ਜਿਸ ਦਾ ਨਾਮ ਕਿਸੇ ਦਰਿਆ ਦੇ ਨਾਮ ਤੇ ਹੈ। .

#ਪੰਜਾਬ #ਬਿਆਸ #Punjab #Beas…. ਚੱਲਦਾ.

Real Estate