ਕੋਰੋਨਾ ਖਿਲਾਫ ਲੜ ਰਹੇ ਡਾਕਟਰਾਂ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਕੀਤਾ ਧੰਨਵਾਦ

218

ਨਵੀਂ ਦਿੱਲੀ, 15 ਮਈ (ਪੰਜਾਬੀ ਨਿਊਜ਼ ਆਨਲਾਇਨ) : ਕੋਰੋਨਾ ਖਿਲਾਫ ਜੰਗ ਵਿਚ ਦੁਨੀਆਂ ਦੀ ਅਗਵਾਈ ਕਰ ਰਹੇ ਡਾਕਟਰਾਂ ਨੇ ਅੱਜ ਦਿੱਲੀ ਵਿਚ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਧੰਨਵਾਦ ਕੀਤਾ ਤੇ ਇਸ ਲੜਾਈ ਵਿਚ ਫਤਿਹ ਹਾਸਲ ਕਰਨ ਲਈ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ।
ਏਮਜ਼ ਦੇ ਮੈਡੀਕਲ ਸੁਪਰਡੈਂਟ ਡਾ. ਡੀ ਕੇ ਸ਼ਰਮਾ, ਰਾਮ ਮਨੋਹਰ ਲੋਹੀਆ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਰਾਜੀਵ ਸੂਦ ਅਤੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਦੇ ਡਾ. ਐਨ ਐਨ ਮਾਥੁਰ ਦੀ ਅਗਵਾਈ ਹੇਠ ਇਹਨਾਂ ਹਸਪਤਾਲਾਂ ਦੇ ਡਾਕਟਰਾਂ, ਨਰਸਾਂ ਤੇ ਮੈਡੀਕਲ ਸਟਾਫ ਨੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋ ਕੇ ਨਤਮਸਤਕ ਹੋ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਧੰਨਵਾਦ ਕੀਤਾ ਜਿਹਨਾਂ ਨੇ ਇਸ ਮਹਾਂਮਾਰੀ ਖਿਲਾਫ ਲੜਾਈ ਵਾਸਤੇ ਉਹਨਾਂ ਨੂੰ ਸ਼ਕਤੀ ਤੇ ਸਮਰਥਾ ਬਖਸ਼ਿਸ਼ ਕੀਤੀ। ਉਹਨਾਂ ਨੇ ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਰਕਾਬਗੰਜ ਸਾਹਿਬ ਤੇ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਚ ਵੱਖ ਵੱਖ ਸਰਾਵਾਂ ਵਿਚ ਡਾਕਟਰਾਂ ਤੇ ਮੈਡੀਕਲ ਸਟਾਫ ਨੂੰ ਠਹਿਰਣ ਲਈ ਥਾਂ ਦੇਣ ‘ਤੇ ਸਿੱਖ ਭਾਈਚਾਰੇ ਦਾ ਧੰਨਵਾਦ ਕੀਤਾ।
ਇਸ ਮੌਕੇ ਗੁਰਦੁਆਰਾ ਬੰਗਲਾ ਸਾਹਿਬ ਵਿਚ ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ, ਜਨਰਲ ਸਕੱਤਰ ਸ੍ਰ ਹਰਮੀਤ ਸਿੰਘ ਕਾਲਕਾ ਤੇ ਹੋਰ ਅਹੁਦੇਦਾਰਾਂ ਨੇ ਇਹਨਾਂ ਡਾਕਟਰਾਂ ਨੂੰ ਸਿਰੋਪਾਓ ਦੇ ਕੇ ਇਹਨਾਂ ਦਾ ਸਨਮਾਨ ਕੀਤਾ ਤੇ ਇਹਨਾਂ ਦਾ ਧੰਨਵਾਦ ਕੀਤਾ ਜੋ ਕਿ ਕੋਰੋਨਾ ਖਿਲਾਫ ਇਸ ਲੜਾਈ ਵਿਚ ਸਾਰੀ ਦੁਨੀਆਂ ਦੀ ਅਗਵਾਈ ਕਰ ਰਹੇ ਹਨ।
ਇਥੇ ਦੱਸਣਯੋਗ ਹੈ ਕਿ ਜਦੋਂ ਕੋਰੋਨਾ ਨਾਲ ਜੰਗ ਸ਼ੁਰੂ ਹੋਈ ਸੀ ਤਾਂ ਸ਼ੁਰੂਆਤ ਵਿਚ ਹੀ ਦਿੱਲੀ ਗੁਰਦੁਆਰਾ ਕਮੇਟੀ ਨੇ ਡਾਕਟਰਾਂ ਤੇ ਮੈਡੀਕਲ ਸਟਾਫ ਨੂੰ ਠਹਿਰਣ ਲਈ ਆਪਣੀਆਂ ਸਰਾਵਾਂ ਵਿਚ ਠਿਕਾਣੇ ਦੇ ਦਿੱਤੇ ਸਨ। ਇਹਨਾਂ ਡਾਕਟਰਾਂ ਨੂੰ ਇਹਨਾਂ ਦੇ ਹਸਪਤਾਲਾਂ ਦੇ ਨੇੜੇ ਹੀ ਇਹ ਠਿਕਾਣੇ ਮਿਲ ਗਏ ਸਨ ਜਿਸ ਨਾਲ ਜਿਥੇ ਇਹਨਾਂ ਨੂੰ ਆਉਣ ਜਾਣ ਵਿਚ ਸਫਰ ਦੀ ਮੁਸ਼ਕਿਲ ਸਮਾਪਤ ਹੋ ਗਈ ਸੀ, ਉਥੇ ਹੀ ਸਮਾਜਿਕ ਤੌਰ ‘ਤੇ ਆ ਰਹੀਆਂ ਪ੍ਰੇਸ਼ਾਨੀਆਂ ਵੀ ਖਤਮ ਹੋ ਗਈਆਂ ਸਨ।
ਇਸ ਦੌਰਾਨ ਸ੍ਰੀ ਸਿਰਸਾ ਨੇ ਕਿਹਾ ਕਿ ਜਿਥੇ ਦਿੱਲੀ ਗੁਰਦੁਆਰਾ ਕਮੇਟੀ ਨੇ ਇਹਨਾਂ ਡਾਕਟਰਾਂ ਨੂੰ ਠਹਿਰਣ ਲਈ ਥਾਂ ਮੁਹੱਈਆ ਕਰਵਾਈ ਹੈ, ਉਥੇ ਹੀ ਇਹਨਾਂ ਸਮੇਤ ਸਮੁੱਚੀ ਮਨੁੱਖਤਾ  ਵਾਸਤੇ ਲਗਾਤਾਰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ । ਉਹਨਾਂ ਕਿਹਾ ਕਿ ਅਸੀਂ ਕੋਰੋਨਾ ਖਿਲਾਫ ਇਸ ਜੰਗ ਵਿਚ ਜਿੱਤੇ ਮਨੁੱਖਤਾ ਦੀ ਸੇਵਾ ਕਰ ਰਹੇ ਹਾਂ, ਉਥੇ ਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਆਸ਼ੀਰਵਾਦ ਸਦਕਾ ਅਸੀਂ ਇਸ ਜੰਗ ਵਿਚ ਹਰ ਹਾਲਤ ਵਿਚ ਜਿੱਤਾਂਗੇ। ਉਹਨਾਂ ਕਿਹਾ ਕਿ ਇਸ ਲੜਾਈ ਵਿਚ ਸਾਰੀ ਦੁਨੀਆਂ ਡਾਕਟਰਾਂ ਤੇ ਮੈਡੀਕਲ ਸਟਾਫ ਦੀ ਰਿਣੀ ਰਹੇਗੀ।

Real Estate