ਸਰਕਾਰ ਦੀ ਘੁਰਕੀ ਤੋਂ ਬਾਅਦ ਠੇਕੇਦਾਰਾਂ ਨੇ ਖੋਲੇ ਸ਼ਰਾਬ ਦੇ ਠੇਕੇ

298

ਚੰਡੀਗੜ, 15 ਮਈ (ਜਗਸੀਰ ਸਿੰਘ ਸੰਧੂ) : ਪੰਜਾਬ ਸਰਕਾਰ ਵੱਲੋਂ ਧਮਕੀ ਦੇਣ ਤੋਂ ਬਾਅਦ ਸ਼ਰਾਬ ਦੇ ਠੇਕੇ ਖੁੱਲ ਗਏ ਹਨ। ਪਹਿਲਾਂ ਭਾਵੇਂ ਸ਼ਰਾਬ ਦੇ ਠੇਕੇਦਾਰਾਂ ਨੇ ਆਪਣੀਆਂ ਮੰਗਾਂ ਨਾ ਮੰਨੇ ਜਾਣ ਤੱਕ ਸ਼ਰਾਬ ਦੇ ਠੇਕੇ ਬੰਦ ਰੱਖਣ ਦਾ ਐਲਾਨ ਕੀਤਾ ਹੋਇਆ ਸੀ ਅਤੇ ਪੰਜਾਬ ਸਰਕਾਰ ਵੱਲੋਂ ਕਈ ਵਾਰ ਉਹਨਾਂ ਨਾਲ ਮੀਟਿੰਗਾਂ ਵੀ ਕੀਤੀਆਂ ਗਈਆਂ ਸਨ, ਪਰ ਸਰਾਬ ਦੇ ਠੇਕੇਦਾਰ ਨੇ ਉਨਾ ਚਿਰ ਸਰਾਬ ਦੇ ਠੇਕੇ ਖੋਲਣ ਤੋਂ ਇਨਕਾਰ ਕਰ ਦਿੱਤਾ ਸੀ, ਜਿੰਨਾ ਚਿਰ ਸਰਕਾਰ ਉਹਨਾਂ ਦੀ ਸਾਰੀਆਂ ਮੰਗਾਂ ਨੂੰ ਮੰਨ ਨਹੀਂ ਲੈਂਦੀ। ਸਰਾਬ ਦੇ ਠੇਕੇਦਾਰਾਂ ਦੀ ਮੰਗ ‘ਤੇ ਪੰਜਾਬ ਸਰਕਾਰ ਵੱਲੋਂ ਆਬਕਾਰੀ ਨੀਤੀ ਵਿੱਚ ਬਦਲਾਓ ਕਰਨ ਲਈ ਕਈ ਮੀਟਿੰਗਾਂ ਵੀ ਕੀਤੀਆਂ, ਪਰ ਇਹਨਾਂ ਮੀਟਿੰਗਾਂ ਦੌਰਾਨ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ ਅਤੇ ਮੁੱਖ ਸਕੱਤਰ ਵਿਚਕਾਰ ਨਵਾਂ ਰੱਫੜ ਖੜਾ ਹੋ ਗਿਆ। ਉਧਰ ਨਵੀਂ ਆਬਕਾਰੀ ਨੀਤੀ ਵਿੱਚ ਸੋਧ ਤੋਂ ਨਾਰਾਜ਼ ਸ਼ਰਾਬ ਦੇ ਠੇਕੇਦਾਰਾਂ ਨੇ ਠੇਕੇ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਹੁਣ ਸਰਕਾਰ ਇਸ ‘ਤੇ ਸਖ਼ਤ ਹੋ ਗਈ ਹੈ। ਹਾਸਲ ਜਾਣਕਾਰੀ ਮੁਤਾਬਕ ਕਰ ਤੇ ਆਬਕਾਰੀ ਵਿਭਾਗ ਨੇ ਸਮੂਹ ਠੇਕੇਦਾਰਾਂ, ਸਮੂਹਾਂ ਦੇ ਮਾਲਕਾਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਸ਼ਨੀਵਾਰ ਤੋਂ ਸਾਰੇ ਸ਼ਰਾਬ ਦੇ ਠੇਕੇ ਖੋਲ੍ਹਣੇ ਲਾਜ਼ਮੀ ਹਨ।ਜੇ ਠੇਕੇਦਾਰ ਅਜਿਹਾ ਕਰਨ ਵਿੱਚ ਅਸਫਲ ਹੁੰਦੇ ਹਨ ਤਾਂ ਨਤੀਜੇ ਵਜੋਂ ਉਨ੍ਹਾਂ ਤੇ ਪੁਲਿਸ ਤੇ ਪ੍ਰਸ਼ਾਸਨਿਕ ਕਾਰਵਾਈ ਹੋ ਸਕਦੀ ਹੈ। ਸ਼ਰਾਬ ਦੇ ਠੇਕੇਦਾਰਾਂ ਨੂੰ ਰਾਹਤ ਦੇਣ ਲਈ ਰਾਜ ਸਰਕਾਰ ਨੇ ਦੁਕਾਨਾਂ ਦੇ ਖੁੱਲ੍ਹਣ ਦਾ ਸਮਾਂ ਸ਼ਾਮ 3 ਵਜੇ ਤੋਂ ਵਧਾ ਕੇ 6 ਵਜੇ ਕਰ ਦਿੱਤਾ ਹੈ। ਜਿਸ ਚਲਦਿਆਂ ਅੱਜ ਸ਼ਰਾਬ ਦੇ ਠੇਕੇਦਾਰਾਂ ਨੇ ਸਰਕਾਰ ਦੀ ਘੁਰਕੀ ਤੋਂ ਡਰ ਕੇ ਸਰਾਬ ਦੇ ਸਾਰੇ ਠੇਕੇ ਖੋਲ ਦਿੱਤੇ ਹਨ।

Real Estate