ਡੀ.ਜੀ.ਪੀ ਸਮੇਤ 12 ਵੱਡੇ ਪੁਲਸ ਅਫਸਰਾਂ ਨੂੰ ਠੱਗਣ ਵਾਲਾ ਪੰਜਵੀਂ ਪਾਸ ਬੰਟੀ ਠੱਗ ਗ੍ਰਿਫਤਾਰ

365

ਚੰਡੀਗੜ, 15 ਮਈ (ਜਗਸੀਰ ਸਿੰਘ ਸੰਧੂ) : ਬਿਹਾਰ ਦੇ ਡੀ.ਜੀ.ਪੀ ਅਤੇ ਹਰਿਆਣਾ ਦੇ ਆਈ.ਜੀ ਸਮੇਤ 12 ਵੱਡੇ ਪੁਲਸ ਅਫਸਰਾਂ ਨਾਲ ਠੱਗੀ ਮਾਰਨ ਵਾਲੇ ਇੱਕ ਪੰਜਵੀਂ ਪਾਸ ਠੱਗ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਪੰਜਾਬ ਹੋਮਗਾਰਡ ਦੇ ਮੁਲਾਜਮ ਦਾ ਇਹ ਮਾੜਚੂ ਜਿਹਾ ਲੜਕਾ ਹਰਚੰਦ ਉਰਫ ਬੰਟੀ ਜਲਾਲਾਬਾਦ ਨੇੜੇ ਪੰਡਤਾਂ ਵਾਲੀਆਂ ਝੁੱਗੀਆਂ ਦਾ ਰਹਿਣ ਵਾਲਾ ਹੈ। ਇਸ ਪੁਲਸ ਦੇ ਵੱਡੇ ਵੱਡੇ 12 ਅਫਸਰਾਂ ਨਾਲ ਨਸ਼ੇ ਦੀ ਖੇਪ ਫੜਾਉਣ ਦੇ ਨਾਮ ‘ਤੇ ਠੱਗੀਆਂ ਮਾਰ ਚੁੱਕਿਆ ਹੈ। ਇਸ ਸ਼ਾਤਿਰ ਠੱਗ ਨੇ ਪਹਿਲਾਂ ਹਰਿਆਣਾ ਪੁਲਸ ਦੇ ਹਿਸਾਰ ਆਈ.ਜੀ ਨੂੰ 1 ਕਿਲੋ ਹੈਰੋਇਨ ਫੜਾਉਣ ਦੇ ਨਾਮ ‘ਤੇ ਠੱਗਿਆ ਅਤੇ ਇਸ ਨੇ ਹੁਣ ਬਿਹਾਰ ਦੇ ਡੀ.ਜੀ.ਪੀ ਨਾਲ ਮੁਖਬਰੀ ਦੇ ਨਾਮ ‘ਤੇ 1300 ਰੁਪਏ ਦੀ ਠੱਗੀ ਮਾਰ ਲਈ ਹੈ। ਹੋਇਆ ਇਹ ਕਿ ਸ਼ਾਤਿਰ ਠੱਗ ਬੰਟੀ ਨੇ ਫਾਜਲਿਕਾ ਦੇ ਕੰਟਰੋਲ ਰੂਮ ਤੋਂ ਬਿਹਾਰ ਦੇ ਡੀ.ਜੀ.ਪੀ ਦਾ ਨੰਬਰ ਲਿਆ ਅਤੇ ਡੀ.ਜੀ.ਪੀ ਨੂੰ ਕਿਹਾ ਕਿ ਪੰਜਾਬ ਤੋਂ ਨਸ਼ੇ ਦੀ ਵੱਡੀ ਖੇਪ ਪਟਨਾ ਆ ਰਹੀ ਹੈ, ਉਸਦੀ ਮੌਕੇ ਸਿਰ ਮੁਖਬਰੀ ਦੇਣ ਲਈ ਉਸਨੂੰ ਕੁਝ ਪੈਸੇ ਦਿੱਤੇ ਜਾਣ, ਜਿਸ ‘ਤੇ ਬਿਹਾਰ ਦੇ ਡੀ.ਜੀ.ਪੀ ਨੇ ਆਪਣੇ ਪੀ.ਐਸ.ਓ ਤੋਂ ਉਸ ਦੇ ਖਾਤੇ ਵਿੱਚ 1300 ਰੁਪਏ ਪਵਾ ਦਿੱਤੇ, ਪਰ ਬਾਅਦ ਵਿੱਚ ਪਤਾ ਕਰਨ ‘ਤੇ ਉਹ ਖਾਤਾ ਜਲਾਲਾਬਾਦ ਨੇੜੇ ਪਿੰਡ ਪੰਡਤਾਂ ਦੀਆਂ ਝੁੱਗੀਆਂ ਦੇ ਇੱਕ ਦੁਕਾਨਦਾਰ ਦਾ ਨਿਕਲਿਆ। ਜਿਸ ‘ਤੇ ਬਿਹਾਰ ਦੇ ਡੀ.ਜੀ.ਪੀ ਦੇ ਸਕਾਇਤ ‘ਤੇ ਜਲਾਲਾਬਾਦ ਦੇ ਇੱਕ ਥਾਣੇ ਵਿੱਚ ਮੁਕੱਦਮਾ ਦਰਜ ਕਰਕੇ ਮੋਬਾਇਲ ਟਰੈਪ ਕਰਨ ਤੋਂ ਬਾਅਦ ਬੰਟੀ ਠੱਗ ਨੂੰ ਹਰਿਆਣਾ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਨੂੰ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਪੁਲਸ ਰਿਮਾਂਡ ‘ਤੇ ਲੈ ਕੇ ਗਹਿਰਾਈ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

Real Estate