ਕੈਪਟਨ ਦੇ ਮੰਤਰੀਆਂ ਚੰਨੀ ਤੇ ਬਾਜਵਾ ‘ਚ ਖੜਕੀ, ਮਾਮਲੇ ਨੇ ਜਾਤੀਵਾਦ ਦਾ ਰੂਪ ਧਾਰਿਆ

185

ਚੰਡੀਗੜ, 15 ਮਈ (ਜਗਸੀਰ ਸਿੰਘ ਸੰਧੂ) : ਮੁੱਖ ਸਕੱਤਰ ਕਰਨ ਅਵਤਾਰ ਸਿੰਘ ਅਤੇ ਮੰਤਰੀਆਂ ਵਿੱਚ ਸ਼ੁਰੂ ਹੋਏ ਵਿਵਾਦ ਨੇ ਉਸ ਸਮੇਂ ਜਾਤੀਵਾਦ ਵਾਦ ਦਾ ਰੂਪ ਧਾਰ ਗਿਆ, ਜਦੋਂ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਉਸ ਦੇ ਘਰ ਜਾ ਕੇ ਧਮਕੀਆਂ ਦੇ ਦਿੱਤੀਆਂ ਗਈਆਂ। ਭਾਵੇਂ ਬਾਅਦ ਵਿੱਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਮਾਮਲੇ ਤੋਂ ਪੱਲਾ ਝਾੜਨ ਦੀ ਕੋਸਿਸ਼ ਕੀਤੀ, ਪਰ ਚਰਨਜੀਤ ਸਿੰਘ ਚੰਨੀ ਨੇ ਇਸ ਮਾਮਲੇ ਦੀ ਪੁਸ਼ਟੀ ਕਰ ਦਿੱਤੀ ਕਿ ਬਾਜਵਾ ਨੇ ਉਹਨਾਂ ਦੇ ਖਿਲਾਫ ਇੱਕ ਆਈ.ਏ.ਐਸ ਔਰਤ ਅਫਸਰ ਦੀ ਸਿਕਾਇਤ ਮੁੜ ਖੋਲਣ ਦੀ ਧਮਕੀ ਦਿੱਤੀ ਹੈ। ਵਰਨਣਯੋਗ ਹੈ ਕਿ ਸਾਲ 2018 ਵਿੱਚ ਇੱਕ ਆਈ.ਏ.ਐਸ ਔਰਤ ਅਫਸਰ ਨੂੰ ਅੱਧੀ ਰਾਤ ਸਮੇਂ ਇਤਰਾਜਯੋਗ ਮੋਬਾਇਲ ਸੁਨੇਹੇ ਭੇਜਣ ਦੇ ਦੋਸ਼ ਚਰਨਜੀਤ ਸਿੰਘ ਚੰਨੀ ‘ਤੇ ਲੱਗੇ ਸਨ, ਜਿਸ ਸਬੰਧੀ ਬਾਅਦ ਮੁੱਖ ਮੰਤਰੀ ਦੇ ਦਖਲ ਨਾਲ ਚਰਨਜੀਤ ਸਿੰਘ ਚੰਨੀ ਵੱਲੋਂ ਮੁਆਫੀ ਮੰਗੇ ਜਾਣ ‘ਤੇ ਮਾਮਲਾ ਖਤਮ ਹੋ ਗਿਆ ਸੀ। ਹੁਣ ਪਤਾ ਲੱਗਿਆ ਹੈ ਕਿ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੇ ਖਿਲਾਫ਼ ਆਵਾਜ ਉਠਾਉਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਘਰ ਜਾ ਕੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਧਮਕੀ ਦਿੱਤੀ ਹੈ ਕਿ ਦੇਖ ਲਓ, ਨਹੀਂ ਆਈ.ਏ.ਐਸ ਔਰਤ ਅਫਸਰ ਨੂੰ ਇਤਰਾਜਯੋਗ ਮੋਬਾਇਲ ਸੁਨੇਹੇ ਭੇਜਣ ਵਾਲਾ ਮਾਮਲਾ ਦੁਬਾਰਾ ਖੋਲਿਆ ਜਾ ਸਕਦਾ ਹੈ, ਹਾਂਲਾਂਕਿ ਬਾਅਦ ਵਿੱਚ ਤ੍ਰਿਪਤ ਰਾਜਿਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੋਈ, ਉਹ ਤਾਂ ਚਰਨਜੀਤ ਸਿੰਘ ਚੰਨੀ ਦੇ ਘਰ ਸਿਰਫ ਮਿਲਣ ਵਾਸਤੇ ਹੀ ਗਏ ਸਨ। ਉਧਰ ਚੰਨੀ ਨੇ ਸਪਸ਼ਟ ਕੀਤਾ ਹੈ ਕਿ ਬਾਜਵਾ ਨੇ ਉਹਨਾਂ ਨੂੰ ਸਾਫ ਤੌਰ ‘ਤੇ ਧਮਕੀ ਦਿੱਤੀ ਹੈ। ਇਸ ਮਾਮਲੇ ਵਿੱਚ ਕਾਂਗਰਸ ਦੇ ਕਈ ਦਲਿਤ ਵਿਧਾਇਕ ਵੀ ਚਰਨਜੀਤ ਸਿੰਘ ਚੰਨੀ ਦੀ ਹਮਾਇਤ ‘ਤੇ ਆ ਗਏ ਹਨ। ਭਾਵੇਂ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਇਸ ਮਾਮਲੇ ਨੂੰ ਸਾਂਤ ਕਰਨ ਵਿੱਚ ਲੱਗੇ ਹੋਏ ਹਨ, ਪਰ ਜਿਸ ਤਰਾਂ ਇਹ ਮਾਮਲਾ ਜਾਤੀਵਾਦ ਦਾ ਰੂਪ ਧਾਰਦਾ ਜਾ ਰਿਹਾ ਹੈ, ਉਸ ਨੂੰ ਦੇਖਦਿਆਂ ਲੱਗ ਰਿਹਾ ਹੈ ਕਿ ਆਉਂਦੇ ਦਿਨਾਂ ਵਿੱਚ ਇਸ ਮਾਮਲੇ ‘ਤੇ ਰਾਜਨੀਤੀ ਗਰਮਾਈ ਰਹੇਗੀ।

Real Estate