ਵੱਡੇ ਭਰਾ ਨੇ ਗੋਲੀ ਮਾਰ ਕੇ ਛੋਟਾ ਭਰਾ ਮਾਰਿਆ

289

ਬਠਿੰਡਾ, 14 ਮਈ (ਪੰਜਾਬੀ ਨਿਊਜ਼ ਆਨਲਾਇਨ) : ਮਲੋਟ ਦੇ ਨੇੜਲੇ ਪਿੰਡ ਔਲਖ ‘ਚ ਘਰੇਲੂ ਕਲੇਸ਼ ਦੇ ਕਾਰਨ ਵੱਡੇ ਭਰਾ ਨੇ ਆਪਣੇ ਛੋਟੇ ਭਰਾ ਦਾ ਗੋਲੀ ਮਾਰਕੇ ਕਤਲ ਕਰ ਦਿੱਤਾ ਹੈ। ਮ੍ਰਿਤਕ ਤਲਵਿੰਦਰ ਸਿੰਘ ਲਾਡੀ ਦੀ ਪਤਨੀ ਰਾਜਵੀਰ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਰਾਜਵੀਰ ਕੌਰ ਨੇ ਦੱਸਿਆ ਅੱਜ ਸਵੇਰੇ ਕਰੀਬ 11 ਵਜੇ ਉਹ ਰਸੋਈ ‘ਚ ਕੰਮ ਕਰ ਰਹੀ ਸੀ ਤੇ ਉਸਦਾ ਸਹੁਰਾ ਖੇਤ ਗਿਆ ਹੋਇਆ ਸੀ ਤਾਂ ਉਸਦੇ ਜੇਠ ਨਗਿੰਦਰ ਸਿੰਘ ਉਰਫ ਹੈਪੀ ਤੇ ਜੇਠਾਣੀ ਗੁਣਦੀਪ ਕੌਰ ਉਸਦੇ ਪਤੀ ਤਲਵਿੰਦਰ ਸਿੰਘ ਲਾਡੀ ਨਾਲ ਝਗੜ ਰਹੇ ਸਨ ਅਤੇ ਹੱਥੋਪਾਈ ਹੋਣ ਤੋਂ ਬਾਅਦ ਜਦੋਂ ਉਸਦਾ ਪਤੀ ਲਾਡੀ ਬਚਕੇ ਬਾਹਰ ਵੱਲ ਭੱਜਣ ਲੱਗਾ ਤਾਂ ਉਸਦੀ ਜੇਠਾਣੀ ਨੇ ਲਲਕਾਰਾ ਮਾਰਿਆ ਕਿ ਅੱਜ ਲਾਡੀ ਬਚਕੇ ਨਹੀਂ ਜਾਣਾ ਚਾਹੀਦਾ। ਇਸ ਤੇ ਉਸਦੇ ਜੇਠ ਨਗਿੰਦਰ ਸਿੰਘ ਨੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਗੋਲੀ ਚਲਾਕੇ ਤਲਵਿੰਦਰ ਸਿੰਘ ਲਾਡੀ ਦਾ ਕਤਲ ਕਰ ਦਿੱਤਾ। ਇਸ ਸਬੰਧੀ ਥਾਣਾ ਸਦਰ ਮਲੋਟ ਦੇ ਐਸ.ਐਚ.ਓ ਇੰਸਪੈਕਟਰ ਹਰਜੀਤ ਸਿੰਘ ਮਾਨ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੀ ਪਤਨੀ ਰਾਜਵੀਰ ਕੌਰ ਦੇ ਬਿਆਨਾਂ ‘ਤੇ ਕਤਲ ਦਾ ਮੁਕੱਦਮਾ ਦਰਜ ਕਰਕੇ ਨਗਿੰਦਰ ਸਿੰਘ ਹੈਪੀ ਅਤੇ ਉਸਦੀ ਪਤਨੀ ਗੁਣਦੀਪ ਕੌਰ ਦੀ ਤਲਾਸ਼ ਸੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਤਲਵਿੰਦਰ ਸਿੰਘ ਲਾਡੀ ਦਾ ਪੋਸਟਮਾਰਟਮ ਕਰਵਾਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।

Real Estate