ਵਿਦੇਸਾਂ ਤੋਂ ਆਏ ਲੋਕਾਂ ਲਈ ਸੰਘਣੀ ਆਬਾਦੀ ‘ਚ ਇਕਾਂਤਵਾਸ ਕੇਂਦਰ ਬਣਾਉਣ ਦਾ ਵਿਰੋਧ

99

ਬਰਨਾਲਾ, 14 ਮਈ (ਜਗਸੀਰ ਸਿੰਘ ਸੰਧੂ) : ਵਿਦੇਸਾਂ ਤੋਂ ਆਉਣ ਵਾਲੇ ਲੋਕਾਂ ਨੂੰ 21 ਦਿਨਾਂ ਲਈ ਇਕਾਂਤਵਾਸ ਵਿੱਚ ਰੱਖਣ ਲਈ ਸਥਾਨਿਕ 22 ਏਕੜ ਕਾਲੋਨੀ ਵਿੱਚ ਸੰਘਣੀ ਵਸੋਂ ਦਰਮਿਆਨ ਬਣਾਏ ਜਾ ਰਹੇ ਇਕਾਂਤਵਾਸ ਕੇਂਦਰ ਨੂੰ ਲੈ ਕੇ ਸਥਾਨਿਕ ਲੋਕਾਂ ਅਤੇ ਪ੍ਰਸਾਸ਼ਨ ਵਿਚਕਾਰ ਮਾਹੌਲ ਤਣਾਓ ਪੂਰਨ ਹੋ ਗਿਆ ਹੈ। ਜਿਲਾ ਪ੍ਰਸ਼ਾਸਨ ਵੱਲੋਂ ਸਥਾਨਿਕ 22 ਏਕੜ ਵਿੱੱਚ ਸਥਿਤ ‘ਸੋਲੀਟਰ ਹੋਟਲ’ ਨੂੰ ਵਿਦੇਸਾਂ ਤੋਂ ਆਉਣ ਵਾਲੇ ਲੋਕਾਂ ਲਈ ਇਕਾਂਤਵਾਸ ਕੇਂਦਰ ਬਣਾਇਆ ਗਿਆ ਹੈ, ਜਿਥੇ ਬਾਹਰਲੇ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ 21 ਦਿਨਾਂ ਲਈ ਕੁੰਆਰਟੀਨ ਕੀਤਾ ਜਾਣਾ ਹੈ। ਇਸ ਗੱਲ ਦਾ ਪਤਾ ਲਗਦਿਆਂ 22 ਏਕੜ ਕਾਲੋਨੀ ਦੇ ਵਸਨੀਕ ਅਤੇ ਆਲੇ ਦੁਆਲੇ ਦੇ ਲੋਕਾਂ ਵੱਲੋਂ ਇਸ ਦਾ ਵਿਰੋਧ ਸੁਰੂ ਹੋ ਗਿਆ ਹੈ। ਵਿਸਵ ਹਿੰਦੂ ਪ੍ਰੀਸ਼ਦ ਧਰਮ ਪ੍ਰਸਾਰ ਪੰਜਾਬ ਦੇ ਮੀਤ ਪ੍ਰਧਾਨ ਵਿਜੈ ਮਾਰਵਾੜੀ ਨੇ ਕਿਹਾ ਹੈ ਕਿ ਜਦੋਂ ਵਿਦੇਸ਼ ਤੋਂ ਆਉਣ ਵਾਲੇ ਲੋਕ ਆਪਣਾ ਖਰਚਾ ਖੁਦ ਕਰਨ ਲਈ ਤਿਆਰ ਹਨ ਤਾਂ ਉਹਨਾਂ ਨੂੰ ਆਬਾਦੀ ਤੋਂ ਬਾਹਰਲੇ ਕਿਸੇ ਹੋਟਲ, ਮੈਰਿਜ ਪੈਲੇਜ ਜਾਂ ਰੈਸਟੋਰੈਂਟ ਵਿੱਚ ਵੀ ਠਹਿਰਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਭਾਵੇਂ ਵਿਦੇਸ਼ਾਂ ਤੋਂ ਆਉਣ ਵਾਲੇ ਲੋਕ ਵੀ ਸਾਡੇ ਭੈਣ ਭਰਾ ਹਨ ਅਤੇ ਉਹਨਾਂ ਦੀ ਜਾਂਚ ਕਰਨ ਉਪਰੰਤ ਹੀ ਉਹਨਾਂ ਨੂੰ ਹੋਟਲ ਵਿੱਚ ਠਹਿਰਾਇਆ ਜਾਣਾ ਹੈ, ਪਰ ਇਸ ਹੋਟਲ ਦੇ ਸੰਘਣੀ ਆਬਾਦੀ ਵਿੱਚ ਹੋਣ ਕਰਕੇ ਲੋਕਾਂ ਵਿੱਚ ਭੈਅ ਅਤੇ ਸਹਿਮ ਦਾ ਮਾਹੌਲ ਬਣ ਗਿਆ ਹੈ, ਜਿਸ ਪ੍ਰਤੀ ਜਿਲਾ ਪ੍ਰਸਾਸਨ ਨੂੰ ਸੋਚਣਾ ਚਾਹੀਦਾ ਹੈ। ਇਸ ਮੌਕੇ ਸਾਬਕਾ ਕੌਂਸਲਰ ਹਰਦੇਵ ਸਿੰਘ ਬਾਜਵਾ ਨੇ ਵੀ ਪੱਤੀ ਰੋਡ ‘ਤੇ ਆਪਣੀ ਇਮਾਰਤ ਦੇਣ ਦੀ ਪੇਸ਼ਕਸ਼ ਕਰਦਿਆਂ ਪ੍ਰਸਾਸ਼ਨ ਨੂੰ ਬੇਨਤੀ ਕੀਤੀ ਹੈ ਕਿ ਇਸ ਸੰਘਣੀ ਆਬਾਦੀ ਵਾਲੀ ਜਗਾ ‘ਤੇ ਇਕਾਂਤਵਾਸ ਕੇਂਦਰ ਨਾ ਬਣਾਇਆ ਜਾਵੇ। ਇਸ ਸਮੇਂ ਸੁਨੀਲ ਕੁਮਾਰ, ਭੋਲਾ ਸਿੰਘ, ਕਪਿਲ ਦਾਦੂ, ਦਵਿੰਦਰ ਮਿੱਤਲ, ਕਪਿਲ ਅਰੋੜਾ, ਰਾਜੇਸ ਮਿੱਤਲ, ਸਕਿੰਟੂ ਅਤੇ ਰਾਮ ਲਾਲ ਬਦਰਾ ਨੇ ਵੀ ਜਿਲਾ ਪ੍ਰਸਾਸ਼ਨ ਦੇ ਫੈਸਲੇ ਦਾ ਵਿਰੋਧ ਕਰਦਿਆਂ ਸੰਘਣੀ ਆਬਾਦੀ ਵਿੱਚ ਇਕਾਂਤਵਾਸ ਕੇਂਦਰ ਨਾ ਬਣਾਏ ਜਾਣ ਦੀ ਗੁਹਾਰ ਕੀਤੀ ਹੈ।

Real Estate