ਕਾਂਗਰਸ ਦੀ ਮੌਜੂਦਾ ਖਿੱਚੋਤਾਣ ਸ਼ਰਾਬ ਮਾਫੀਏ ਦੇ ਮੁੱਦੇ ਤੋਂ ਧਿਆਨ ਭਟਕਾਉਣ ਦੀ ਸਾਜਿਸ਼ ਦਾ ਹਿੱਸਾ-ਨੀਲ ਗਰਗ

ਬਠਿੰਡਾ 14 ਮਈ 2020

ਪੰਜਾਬ ਚ ਪਿਛਲੇ ਦਿਨੀ ਕੈਪਟਨ ਸਰਕਾਰ ਦੇ ਮੰਤਰੀਆਂ ਅਤੇ ਪੰਜਾਬ ਦੇ ਮੁੱਖ ਸਕੱਤਰ ਦਰਮਿਆਨ ਪਿਆ ਰਫੜ੍ਹ ਅਤੇ ਉਸਤੋਂ ਬਾਅਦ ਵਿੱਚ ਪੈਦਾ ਹੋਏ ਹਾਲਾਤ ਪੰਜਾਬ ਲਈ ਕੋਈ ਸ਼ੁਭ ਸੰਕੇਤ ਨਹੀਂ। ਅੱਜ ਜਦੋਂ ਪੰਜਾਬ ਕਰੋਨਾ ਵਰਗੀ ਮਹਾਂਮਾਰੀ ਨਾਲ ਲੜ ਰਿਹਾ ਹੈ, ਓਦੋਂ ਪੰਜਾਬ ਦਾ ਮੰਤਰੀ ਮੰਡਲ ਤੇ ਪੂਰੀ ਕਾਂਗਰਸ ਪਾਰਟੀ ਆਬਕਾਰੀ ਨੀਤੀ ਤੇ ਉਲਝੀ ਹੋਈ ਹੈ।

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਭਾਵੇਂ ਉਪਰੀ ਤੌਰ ਤੇ ਦੇਖਣ ਨੂੰ ਇਹ ਸਿਰਫ ਮੁੱਖ ਸਕੱਤਰ ਅਤੇ ਕੁਝ ਮੰਤਰੀਆਂ ਦਰਮਿਆਨ ਮਨ ਮਟਾਵ ਦੀ ਘਟਨਾ ਨਜ਼ਰ ਆਉਂਦੀ ਹੈ ਪਰ ਇਸ ਪਿੱਛੇ ਅਸਲੀ ਕਾਰਨ ਤਾਂ ਸ਼ਰਾਬ ਮਾਫੀਏ ਦੀ ਪੁਸ਼ਤਪਨਾਹੀ ਹੀ ਹੈ।ਜਿਸ ਨਾਲ ਪੰਜਾਬ ਦੇ ਖਜ਼ਾਨੇ ਨੂੰ ਲਗਾਤਾਰ ਨੁਕਸਾਨ ਹੋ ਰਿਹਾ ਹੈ। ਅੱਜ ਜੇਕਰ ਕਾਂਗਰਸ ਦੇ ਹੀ ਕੁਝ ਵਿਧਾਇਕ, ਮੰਤਰੀ ਤੇ ਲੀਡਰ ਇਨਕੁਆਰੀ ਦੀ ਮੰਗ ਕਰ ਰਹੇ ਹਨ ਤਾਂ ਮੁੱਖ ਮੰਤਰੀ ਸਾਹਿਬ ਨੂੰ ਬਿਨਾਂ ਕਿਸੇ ਦੇਰੀ ਦੇ ਇਨਕੁਆਰੀ ਕਰਵਾ ਦੇਣੀ ਚਾਹੀਦੀ ਹੈ।

ਨੀਲ ਗਰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਐਮ ਐਲ ਏ ਅਮਨ ਅਰੋੜਾ ਨੇ ਤਿੰਨ ਵਾਰ ਵਿਧਾਨ ਸਭਾ ‘ਚ ਸ਼ਰਾਬ ਮਾਫੀਆ ਨੂੰ ਨੱਥ ਪਾਉਣ ਲਈ ਸ਼ਰਾਬ ਕਾਰਪੋਰੇਸ਼ਨ ਬਨਾਉਣ ਦੀ ਮੰਗ ਨੂੰ ਲੈ ਕੇ ਪ੍ਰਾਈਵੇਟ ਮੈਂਬਰ ਬਿੱਲ ਵਿਧਾਨ ਸਭਾ ਸਪੀਕਰ ਨੂੰ ਸਾਰੇ ਨਿਯਮਾਂ ਮੁਤਾਬਕ ਦਿੱਤਾ ਜਿਸ ਨਾਲ ਸਰਕਾਰੀ ਖਜਾਨੇ ‘ਚ ਘਟੋ ਘਟ 10-11 ਹਜਾਰ ਕਰੋੜ ਸਾਲਾਨਾ ਦਾ ਵਾਧੂ ਮਾਲੀਆ ਇਕੱਠਾ ਹੋ ਸਕਦਾ ਸੀ ਪਰ ਇਸ ਸਰਕਾਰ ਇਸ ‘ਤੇ ਕੋਈ ਗੌਰ ਨਹੀਂ ਫਰਮਾਇਆ, ਜੋ ਇਸ ਗੱਲ ਨੂੰ ਪੁਖਤਾ ਕਰਦਾ ਹੈ ਕੇ ਸਰਕਾਰ ਖੁਦ ਮਾਫੀਆ ਨੂੰ ਖਤਮ ਹੀ ਨਹੀਂ ਕਰਨਾ ਚਾਹੁੰਦੀ ਜਦਕਿ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਚ ਸ਼ਰਾਬ ਕਾਰਪੋਰੇਸ਼ਨ ਬਣਾਉਣ ਦੀ ਗੱਲ ਕੀਤੀ ਗਈ ਹੈ।

ਨੀਲ ਗਰਗ ਨੇ ਕਿਹਾ ਕਿ ਜਿਵੇਂ ਅਖਬਾਰਾਂ ‘ਚ ਛਪਿਆ ਹੈ ਕਿ ਆਬਕਾਰੀ ਨੀਤੀ ਬਣਾਉਣ ਤੇ ਚੀਫ ਸੈਕਟਰੀ ਅਤੇ ਮੰਤਰੀਆਂ ‘ਚ ਚਲ ਰਹੇ ਰੌਲੇ ਤੋਂ ਬਾਅਦ ਕਿਵੇਂ ਇਕ ਸੀਨੀਅਰ ਮੰਤਰੀ ਦੂਜੇ ਮੰਤਰੀ ਨੂੰ ਧਮਕੀ ਦੇ ਰਿਹਾ ਹੈ ਅਤੇ ਕੁਝ ਮਾਮਲੇ ਖੋਲ੍ਹਣ ਦੀ ਗੱਲ ਕਰ ਰਿਹਾ ਹੈ ਤਾਂ ਮਾਮਲਾ ਅਤਿ ਗੰਭੀਰ ਹੈ।

ਨੀਲ ਗ਼ਰਗ ਨੇ ਕਿਹਾ ਕਿ ਸਾਨੂੰ ਤਾਂ ਇਹ ਸੀ ਕਿ ਕਰਫ਼ਿਊ ‘ਚ ਠੇਕੇ ਖੁੱਲਣ ਨਾਲ ਘਰਾਂ ‘ਚ ਲੜਾਈ ਝਗੜੇ ਵਧਣਗੇ ਪਰ ਇੱਥੇ ਤਾਂ ਸਰਕਾਰ ਚ ਹੀ ਕਲੇਸ਼ ਪੈ ਗਿਆ।

‘ਆਪ’ ਬੁਲਾਰੇ ਨੇ ਮੁੱਖ ਮੰਤਰੀ ਸਾਹਿਬ ਤੋਂ ਮੰਗ ਕੀਤੀ ਕਿ ਉਹ ਫਾਰਮ ਹਾਊਸ ‘ਚ ਬੈਠਕੇ ਮੂਕ ਦਰਸ਼ਕ ਨਾ ਬਣੇ ਰਹਿਣ ਸਗੋਂ ਅੱਗੇ ਆ ਕੇ ਇਸ ਸਾਰੇ ਮਾਮਲੇ ਦੀ ਫੌਰੀ ਤੌਰ ਤੇ ਜਾਂਚ ਕਰਵਾਉਣ ਕਿਉਂਕਿ ਔਖੇ ਵਕਤ ‘ਚ ਹੀ ਆਗੂ ਦੀ ਪਹਿਚਾਣ ਹੁੰਦੀ ਹੈ।ਉਹਨਾਂ ਮੰਗ ਕੀਤੀ ਕੈਪਟਨ ਸਾਹਿਬ ਆਮ ਆਦਮੀ ਪਾਰਟੀ ਦੀ ਸ਼ਰਾਬ ਨਿਗਮ ਬਣਾਉਣ ਦੀ ਮੰਗ ‘ਤੇ ਗੌਰ ਕਰਨ ਤਾਂ ਕਿ ਸਰਕਾਰੀ ਖਜ਼ਾਨੇ ਦੀ ਹੋ ਰਹੀ ਲੁੱਟ ਨੂੰ ਰੋਕਿਆ ਜਾ ਸਕੇ ਨਹੀਂ ਤਾਂ 2022 ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਦੋਸ਼ੀਆਂ ਨੂੰ ਸਜ਼ਾ ਵੀ ਦੇਵੇਗੀ ਤੇ ਸ਼ਰਾਬ ਕਾਰਪੋਰੇਸ਼ਨ ਬਣਾਕੇ ਸਰਕਾਰੀ ਖਜ਼ਾਨੇ ਦੀ ਹੁੰਦੀ ਲੁੱਟ ਵੀ ਰੋਕੇਗੀ।

Real Estate