ਨਿਰਮਲ ਸਿੰਘ
‘ਸਤਲੁਜ’ ਜਿਸ ਨੂੰ ਵੈਦਿਕ ਸਮੇਂ ‘ਸ਼ਤਦਰੂ’ ਵੀ ਕਿਹਾ ਗਿਆ ਹੈ ਭਾਰਤੀ ਉੱਪ ਮਹਾਂਦੀਪ ਦੀਆਂ ਉਹਨਾਂ ਚਾਰ ਨਦੀਆਂ ਵਿੱਚੋਂ ਇੱਕ ਹੈ ਜਿਹੜੀਆਂ ‘ਹਿਮਾਲਿਆ’ ਦੇ ਉੱਗਣ ਤੋਂ ਪਹਿਲਾਂ ਤੋਂ ਵਗ ਰਹੀਆਂ ਮੰਨੀਆਂ ਜਾਂਦੀਆਂ ਹਨ। ਪੰਜਾਬ ਦੇ ਪੰਜ ਦਰਿਆਵਾਂ ਵਿੱਚੋਂ ਇਹ ਸਭ ਤੋਂ ਪੁਰਾਣਾ, ਲੰਬਾ ਤੇ ਵੱਡਾ ਹੈ। ‘ਸਤਲੁਜ’ ਦਾ ਉੱਤਰੀ ਭਾਰਤ ਦੇ ਉਪਜਾਊ ਮੈਦਾਨਾਂ ਦੀਆਂ ਸਿਰਜਕ ਸ਼ਕਤੀਆਂ ਵਿੱਚ ਅਹਿਮ ਸਥਾਨ ਹੈ। ਭੂ ਵਿਗਿਆਨੀਆਂ ਦੀ ਸਮਝ ਹੈ ਕਿ ਕਦੇ ‘ਸਤਲੁਜ’ ਦਾ ਵਹਾਅ ਪੂਰਬ ਵੱਲ ਸੀ ਤੇ ਇਹ ‘ਗੰਗਾ’ ਨਾਲ ਜਾ ਮਿਲਦਾ ਸੀ ਪਰ ਫਿਰ ਭੂ ਪ੍ਰਸਥਿਤੀਆਂ ਦੇ ਬਦਲਣ ਕਰਕੇ ਇਹ ਪੱਛਮ ਵੱਲ ਮੁੜ ਗਿਆ।
ਸਤਲੁਜ ‘ਤਿੱਬਤ’ ਵਿੱਚੋਂ ‘ਮਾਨਸਰੋਵਰ’ ਦੇ ਨੇੜੇ ‘ਰਾਕਸ਼ਸਤਾਲ’ ਝੀਲ ਤੋਂ ਸ਼ੁਰੂ ਹੁੰਦਾ ਹੈ।ਤਿੱਬਤ ਵਿੱਚ ਇਸ ਨੂੰ Longcchen Khabab ਜਾਂ ਲਾਲ ਨਦੀ ਵੀ ਸੱਦਿਆ ਜਾਂਦਾ ਹੈ। ‘ਸ਼ਿਪਕੀ’ ਦਰੇ ਵਿੱਚੋਂ ਲੰਘ ਕੇ ਸਤਲੁਜ ਭਾਰਤ ਵਿੱਚ ਪ੍ਰਵੇਸ਼ ਕਰਦਾ ਹੈ ਤੇ ਨਾਲ ਹੀ NH5 ਰਾਜਮਾਰਗ ਵੀ ਚੱਲ ਪੈਂਦਾ ਹੈ। ਸਤਲੁਜ ਤੇ NH5 ਦਾ ਸਫ਼ਰ ‘ਸ਼ਿਪਕੀ’ ਦਰੇ ਤੋਂ ‘ਹੁਸੈਨੀਵਾਲਾ’ ਬਾਰਡਰ ਤੱਕ ਨਾਲ ਨਾਲ ਹੀ ਚੱਲਦਾ ਹੈ। ਭਾਰਤ ਵਿੱਚ ਪ੍ਰਵੇਸ਼ ਤੋਂ ਥੋੜ੍ਹਾ ਹੀ ਅੱਗੇ ‘ਖਾਬ’ ਪਿੰਡ ਨੇੜੇ ‘ਸਪਿਤੀ’ ਨਦੀ ਸਤਲੁਜ ਦੀ ਹਮਸਫਰ ਬਣਦੀ ਹੈ ਤੇ ਥੋੜਾ ਹੋਰ ਅੱਗੇ ਚੱਲ ਕੇ ‘ਕਰਚਮ’ ਕੋਲ ‘ਬਸਪਾ’ ਅਤੇ ਥੋੜ੍ਹਾ ਅੱਗੇ ਵਾਂਗਤੂ ਨੇੜੇ ਭਾਬਾ ਨਦੀ ਵੀ ਸਤਲੁਜ ਨਾਲ ਆ ਮਿਲਦੀਆ ਹਨ। ਹੋਰ ਵੀ ਕਈ ਨਿੱਕੇ ਵੱਡੇ ਨਦੀ ਨਾਲਿਆਂ ਨੂੰ ਨਾਲ ਰਲਾਉਂਦਿਆਂ ਤੇ ਅਣਗਿਣਤ ਵੱਡੀਆਂ ਛੋਟੀਆਂ ਜਲ ਮਸ਼ੀਨਾਂ ਨੂੰ ਗੇੜਾ ਪਾਉਂਦਿਆਂ ਭਾਖੜਾ ਨੇੜੇ ਸਤਲੁਜ ਪੰਜਾਬ ਵਿੱਚ ਦਾਖਲ ਹੋ ਜਾਂਦਾ ਹੈ। ਉਸ ਪੰਜਾਬ ਵਿੱਚ ਜਿਸ ਦੀ ਹੋਂਦ ਵਿੱਚ ਸਤਲੁਜ ਦਾ ਸਭ ਤੋਂ ਵੱਡਾ ਯੋਗਦਾਨ ਹੈ।
ਲੁਧਿਆਣੇ ਵਰਗੇ ਕਈ ਸ਼ਹਿਰਾਂ ਦੀ ਗੰਦਗੀ ਨਾਲ ਬੇਹਾਲ ਹੋਏ ਸਤਲੁਜ ਨੂੰ ‘ਹਰੀਕੇ’ ਆ ਕੇ ਜਰਾ ਕੁ ਰਾਹਤ ਮਿਲਦੀ ਹੈ ਜਿੱਥੇ ‘ਬਿਆਸ’ ਇਸ ਨੂੰ ਜਰਾ ਕੁ ਸਾਫ਼ ਦਾਮਨ ਨਾਲ ਮਿਲਦਾ ਹੈ। ਹੁਸੈਨੀਵਾਲਾ ਤੋਂ ਕੁਝ ਕਿਲੋਮੀਟਰ ਪਹਿਲਾਂ ਪਾਕਿਸਤਾਨ ਦੀ ਕਸੂਰ ਤਹਿਸੀਲ ਦੀ ਸੈਰ ਕਰਕੇ ਫਿਰ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਸਤਲੁਜ ਪਾਕਿਸਤਾਨ ਵੱਲ ਲੰਘ ਜਾਂਦਾ ਹੈ। ਉੱਧਰ ਪਾਕਿਸਤਾਨ ਵਿੱਚ ‘ਜਿਹਲਮ’ ਤੇ ‘ਰਾਵੀ’ ਨੂੰ ਨਾਲ ਲੈ ਕੇ ‘ਚਨਾਬ’ ਵੀ ‘ਉੱਚ ਸ਼ਰੀਫ’ ਦੇ ਨੇੜੇ ਸਤਲੁਜ ਨੂੰ ਆਣ ਮਿਲਦਾ ਹੈ। ਇੱਥੋਂ ‘ਪੰਜਨਦ’ ਦੇ ਰੂਪ ਵਿੱਚ ਥੋੜ੍ਹਾ ਅੱਗੇ ਜਾ ਕੇ ਇਹ ‘ਸਿੰਧ’ ਨੂੰ ਆਪਾ ਸੌਂਪ ਦਿੰਦੇ ਹਨ।
ਇਸੇ ਸਤਲੁਜ ਦੇ ਕੰਢੇ ਵੱਸੇ ਅਨੰਦਪੁਰ ਦੇ ਕੇਸਗੜ੍ਹ ਵਿਖੇ ਗੁਰੂ ਗੋਬਿੰਦ ਸਿੰਘ ਜੀ ਖਾਲਸੇ ਦੀ ਸਾਜਨਾ ਕਰਦੇ ਹਨ ਤੇ ਇਹ ਖਾਲਸਾ ਫਿਰ ਸਦੀਆਂ ਤੋਂ ਭਾਰਤ ਨੂੰ ਲੁੱਟਣ ਆਉਂਦੇ ਰਹੇ ਹਮਲਾਵਰਾਂ ਦਾ ਰਾਹ ਰੋਕਦਾ ਹੈ। ਇਹ ਸਤਲੁਜ ਦਰਿਆ 1809 ਦੀ ਅੰਮ੍ਰਿਤਸਰ ਸੰਧੀ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ੀ ਰਾਜ ਵਿਚਕਾਰ ਸਰਹੱਦ ਬਣਦਾ ਹੈ । ਸਤਲੁਜ ਦੇ ਮੁੱਢ ਰਾਖਸ਼ਸ਼ਤਾਲ ਦੇ ਨੇੜੇ ਹੀ 1841 ਈ ਨੂੰ ਟੋਇਓ ਦੀ ਲੜਾਈ ਵਿੱਚ ਜਰਨੈਲ ਜੋਰਾਵਰ ਸਿੰਘ ਦੀ ਸ਼ਹੀਦੀ ਨਾਲ ਖਾਲਸਾ ਰਾਜ ਦੀ ਤਿੱਬਤ ਜੇਤੂ ਮੁਹਿੰਮ ਪੁੱਠੇ ਪੈਰੀਂ ਮੁੜਦੀ ਹੈ। ਇਸਦੇ ਕਿਨਾਰਿਆਂ ਤੇ ਹੀ ਪਹਿਲਾ ਅੈਂਗਲੋ ਸਿੱਖ ਯੁੱਧ ਲੜਿਆ ਗਿਆ। ਇਸੇ ਦਰਿਆ ਦੇ ਪਾਣੀਆਂ ਤੇ ਸ਼ੁਰੂ ਹੋਏ ਸੰਘਰਸ਼ ਅਤੇ ਘਟੀਆ ਲੀਡਰਾਂ ਦੀਆਂ ਚਾਲਾਂ ਸਦਕਾ ਪੰਜਾਬ ਨੂੰ ਕਾਲੇ ਦਿਨ ਵੇਖਣੇ ਪਏ। ਤੇ ਉਹੀ ਝਗੜਾ (SYL) ਅੱਜ ਵੀ ਰਾਜਨੀਤੀ ਦਾ ਮਨਪਸੰਦ ਮੁੱਦਾ ਹੈ। ਸਤਲੁਜ ਤੋਂ ਨਿਕਲਦੀਆਂ ਨਹਿਰਾਂ ਮਾਲਵੇ ਦੇ ਵੱਡੇ ਭੂ ਭਾਗ ਦੇ ਨਾਲ-ਨਾਲ ਹਰਿਆਣਾ ਅਤੇ ਰਾਜਸਥਾਨ ਦੇ ਕਾਫੀ ਇਲਾਕਿਆਂ ਨੂੰ ਵੀ ਸਿੰਜਦੀਆਂ ਹਨ। ਸਤਲੁਜ ਤੇ ਬਣੀਆਂ ਵੱਖ ਵੱਖ ਜਲ ਬਿਜਲੀ ਯੋਜਨਾਵਾਂ ਉੱਤਰੀ ਭਾਰਤ ਦੇ ਵਡੇਰੇ ਹਿੱਸੇ ਨੂੰ ਰੁਸ਼ਨਾਉਣ ਲਈ ਦਿਨ ਰਾਤ ਯਤਨਸ਼ੀਲ ਰਹਿੰਦੀਆਂ ਹਨ, ਭਾਰਤ ਦੀ ਸਭ ਤੋਂ ਵੱਡੀ ਭੂਮੀਗਤ ਜਲ ਬਿਜਲੀ ਯੋਜਨਾ ਵੀ ਸਤਲੁਜ ਦਰਿਆ ਤੇ ਹੀ ਕਾਰਜਸ਼ੀਲ ਹੈ । ਕਦੇ-ਕਦੇ ਇਸ ਵਿੱਚ ਆਏ ਹੜ੍ਹ ਵੱਡੀ ਤਬਾਹੀ ਦਾ ਕਾਰਨ ਵੀ ਬਣਦੇ ਹਨ। ਇਸ ਤਰ੍ਹਾਂ ਸਤਲੁਜ ਨੇ ਆਦਿ ਕਾਲ ਤੋਂ ਪੰਜਾਬ ਤੇ ਕਈ ਪੱਖਾਂ ਤੋਂ ਅਸਰਅੰਦਾਜ ਰਿਹਾ ਹੈ।
.. ਨਿਰਮਲ ਸਿੰਘ..
#ਸਤਲੁਜ #ਪੰਜਾਬ #Punjab #Sutlej