ਪਤਨੀ ਵੱਲੋਂ ਖੁਦਕੁਸ਼ੀ ਕਰਨ ਤੋਂ ਬਾਅਦ ਪਤੀ ਨੇ ਵੀ ਰੇਲ ਗੱਡੀ ਥੱਲੇ ਆ ਕੇ ਜਾਨ ਦਿੱਤੀ

190

ਚੰਡੀਗੜ, 13 ਮਈ (ਜਗਸੀਰ ਸਿੰਘ ਸੰਧੂ) : ਪਤਨੀ ਦੇ ਖੁਦਕੁਸ਼ੀ ਕਰਨ ਤੋਂ 20 ਘੰਟੇ ਬਾਅਦ ਪਤੀ ਨੇ ਵੀ ਰੇਲ ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਜਲੰਧਰ ਦੀ ਫਰੈਂਡਜ਼ ਕੋਲੋਨੀ ਦੀ ਵਸਨੀਕ ਅਤੇ ਏ.ਪੀ.ਜੇ ਕਾਲਜ ਦੀ ਸਾਬਕਾ ਲੈਕਚਰਾਰ ਅਸ਼ੀਮਾ ਰਾਣਾ (35 ਸਾਲ) ਨੇ ਆਪਣੇ ਘਰ ਵਿੱਚ ਹੀ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਅਸ਼ੀਮਾ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਹਾਲੇ ਉਸਦਾ ਸਸਕਾਰ ਵੀ ਨਹੀਂ ਕੀਤੀ ਸੀ ਕਿ ਉਸਦੇ ਪਤੀ ਵਿਕਾਸ (38 ਸਾਲ)  ਨੇ ਵੀ ਰੇਲ ਗੱਡੀ ਦੇ ਅੱਗੇ ਛਾਲ ਮਾਰ ਦਿੱਤੀ ਅਤੇ ਉਸਦੀ ਮੌਤ ਹੋ ਗਈ।ਫਿਲਹਾਲ ਖ਼ੁਦਕੁਸ਼ੀ ਦੇ ਸਹੀ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਜਾਣਕਾਰੀ ਮੁਤਾਬਿਕ ਰੈਡੀਮੇਡ ਦਾ ਕਾਰੋਬਾਰ ਕਰਦਾ ਵਿਕਾਸ ਆਪਣੀ ਪਤਨੀ ਅਸ਼ੀਮਾ ਅਤੇ ਦੋ ਬੇਟੀਆਂ ਨਾਲ ਜਲੰਧਰ ਦੀ ਫਰੈਂਡਜ਼ ਕਲੋਨੀ ਵਿੱਚ ਰਹਿੰਦਾ ਸੀ। ਅਸ਼ੀਮਾ ਪਿਛਲੇ ਤਕਰੀਬਲ 6 ਸਾਲ ਏਪੀਜੇ ਕਾਲਜ ਵਿੱਚ ਬਤੌਰ ਲੈਕਚਰਾਰ ਪੜਾਉਂਦੀ ਰਹੀ ਅਤੇ ਹੁਣ ਉਹ ਘਰੇਲੂ ਪਤਨੀ ਵੱਜੋਂ ਵਿਚਰ ਰਹੀ ਸੀ। ਲੋਕਾਂ ਵਿੱਚ ਹੋ ਰਹੀ ਚਰਚਾ ਮੁਤਾਬਿਕ ਉਹਨਾਂ ਦੇ ਘਰ ਦੇ ਨੇੜੇ ਰਹਿੰਦਾ ਇੱਕ ਨੌਜਵਾਨ ਕਾਂਗਰਸੀ ਆਗੂ ਪਿਛਲੇ ਕੁਝ ਮਹੀਨਿਆਂ ਤੋਂ ਉਹਨਾਂ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਿਹਾ ਸੀ। ਜਲੰਧਰ ਪੁਲਿਸ ਦੇ ਏਸੀਪੀ ਜਸਵਿੰਦਰ ਸਿੰਘ ਖਹਿਰਾ ਮੁਤਾਬਿਕ ਮ੍ਰਿਤਕ ਔਰਤ ਦੇ ਪਿਤਾ ਦੇ ਬਿਆਨਾਂ ਤੇ ਵਿਕਾਸ ਖਿਲਾਫ ਉਸ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ, ਪਰ ਦੂਜੇ ਪਾਸੇ, ਵਿਕਾਸ ਨੇ ਵੀ ਰੇਲਵੇ ਟਰੈਕ ‘ਤੇ ਰੇਲ ਗੱਡੀ ਦੇ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ।ਪੁਲਸ ਨੇ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾ ਕੇ ਵਿਕਾਸ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ ਅਤੇ ਪੁਲਸ ਇਹਨਾਂ ਖੁਦਕੁਸੀਆਂ ਦੇ ਕਾਰਨਾਂ ਦੀ ਤਲਾਸ਼ ਕਰ ਰਹੀ ਹੈ।

Real Estate