Boys locker room ਵਰਗੇ ਮਸਲੇ ਦਾ ਹੱਲ ਸਹੀ ਹੱਲ ਕੀ ਹੋਵੇ

476

ਹਰਮੀਤ ਬਰਾੜ
ਗੱਲ ਕਰਦੇ ਆਂ boys locker room ਦੀ , ਇਹ ਕੀ ਹੈ ? ਤੁਸੀ ਇਸ ਬਾਰੇ ਕਿੰਨਾ ਜਾਣਦੇ ਓ ? ਇਸ ਵਿਸ਼ੇ ਦੀ ਗੱਲ ਤੋ ਪਹਿਲਾਂ ਥੋੜਾ ਪਿੱਛੇ ਚੱਲਦੇ ਆਂ ਜਦੋਂ ਮੋਬਾਇਲ ਨਹੀਂ ਹੁੰਦੇ ਸੀ , ਮੁੰਡੇ ਓਦੋਂ ਵੀ ਕੁੜੀਆਂ ਤੇ ਭੱਦੀਆਂ ਟਿੱਪਣੀਆਂ ਕਰਦੇ ਸਨ। ਇੱਕ ਗੋਸ਼ਤ ਵਾਂਗ ਉਸ ਨੂੰ ਨੋਚ ਲੈਣਾ ਚਾਹੁੰਦੇ ਸਨ , ਕਈ ਵਾਰ ਹੋਇਆ ਵੀ, ਕਾਰਨ ਅੱਗੇ ਦੇਖਦੇ ਆਂ ਕਿ ਕੀ ਰਹੇ। Boys locker room ਕੀ ਹੈ ? ਇਸ ਤੇ ਗੱਲ ਕਰਦੇ ਆਂ । ਪਿਛਲੇ ਦਿਨੀਂ ਸੋਸ਼ਲ ਮੀਡੀਆ ਤੇ ਕੁਝ ਕੁ ਸਕਰੀਨ ਸ਼ੌਟ ਵਾਇਰਲ ਹੋਏ ਜੋ ਕਿ ਦੱਖਣੀ ਦਿੱਲੀ ਦੇ ਇੱਕ ਪਬਲਿਕ ਸਕੂਲ ਵਿੱਚ ਲੜਕਿਆਂ ਵੱਲੋਂ ਚਲਾਏ ਜਾਂਦੇ ਗਰੁੱਪ ਦੇ ਸਨ।

ਇਸ ਗਰੁੱਪ ਵਿੱਚ ਮੁੰਡਿਆਂ ਵੱਲੋਂ ਆਪਣੀਆਂ ਹਮ ਜਮਾਤਣ ਕੁੜੀਆਂ ਜਾਂ ਹੋਰ ਮੁਹੱਲੇ ਆਦਿ ਦੀਆਂ ਕੁੜੀਆਂ ਦੀਆਂ ਅਸ਼ਲੀਲ ਤਸਵੀਰਾਂ ਸਾਂਝੀਆਂ ਕੀਤੀਆਂ ਜਾਂਦੀਆਂ ਸਨ। ਸਵਾਲ ਤਕਨਾਲੋਜੀ ਤੇ ਉੱਠੇ ਕਿ ਇਹ ਮੁੰਡੇ ਤਾਂ ਵਿਗੜੇ , ਇਸੇ ਲਈ ਉੱਪਰ ਮੈਂ ਮੋਬਾਇਲ ਤੋ ਪਹਿਲਾਂ ਦੀ ਉਦਾਹਰਣ ਦਿੱਤੀ । ਪਰ ਫਰਕ ਇਹ ਰਿਹਾ ਕਿ ਮੋਬਾਇਲ ਫ਼ੋਨ ਕਰਕੇ ਇਹ ਗੱਲਾਂ ਸਾਹਮਣੇ ਆ ਗਈਆਂ। ਇਸ ਸਭ ਦੇ ਹੱਕ ਅਤੇ ਵਿਰੋਧ ਵਿੱਚ ਬਹੁਤ ਚਰਚਾ ਛਿੜੀ।

ਬਹੁਤ ਲੋਕਾਂ ਨੂੰ ਲੱਗਦਾ ਸੀ ਕਿ ਕੁੜੀਆਂ ਨੂੰ ਅਜਿਹੀਆਂ ਤਸਵੀਰਾਂ ਨਹੀਂ ਭੇਜਣੀਆਂ ਚਾਹੀਦੀਆਂ ਸੀ ਜਦਕਿ ਮੇਰਾ ਨਿੱਜੀ ਮੰਨਣਾ ਹੈ ਕਿ ਅਕਸਰ ਅਜਿਹੇ ਰਿਸ਼ਤੇ ਯਕੀਨ ਤੇ ਟਿਕੇ ਹੁੰਦੇ ਨੇ ਤੇ ਆਪਸ ਵਿੱਚ ਕਿਵੇਂ ਦਾ ਰਿਸ਼ਤਾ ਰੱਖਣਾ ਹੈ ਇਹ ਉਨ੍ਹਾਂ ਦੀ ਆਪਣੀ ਮਰਜ਼ੀ ਹੈ , ਫੇਰ ਵੀ ਜੇ ਉਨ੍ਹਾਂ ਲੋਕਾਂ ਦੀ ਗੱਲ ਵੱਡੀ ਰੱਖੀ ਜਾਵੇ ਤਾਂ ਕੀ ਜਿਸਨੂੰ ਤਸਵੀਰਾਂ ਭੇਜੀਆਂ ਗਈਆਂ ਹਨ ਉਸ ਦਾ ਬਿਨਾ ਇਜਾਜ਼ਤ ਨਿੱਜੀ ਤਸਵੀਰਾਂ ਸਾਂਝੀਆਂ ਕਰਨਾ ਬਣਦਾ ਹੈ ?

ਇਹਨਾਂ ਗਰੁੱਪਾਂ ਵਿੱਚ ਉਨ੍ਹਾਂ ਕੁੜੀਆਂ ਦੇ ਗੈਂਗਰੇਪ ਕਰਨ ਦੀਆ ਗੱਲਾਂ ਦੇ ਸਕਰੀਨ ਸ਼ੌਟ ਵੀ ਸਾਹਮਣੇ ਆਏ ਹਨ , ਹੁਣ ਸਵਾਲ ਇਹ ਹੈ ਕਿ ਸਾਡੇ ਨੌਜਵਾਨ ਕਿਸ ਦਿਸ਼ਾ ਵੱਲ ਤੁਰ ਰਹੇ ਹਨ? ਇਸ ਸਭ ਦਾ ਮੁੱਢਲਾ ਕਾਰਨ ਕੀ ਹੈ ? ਉਹ ਇਸ ਸਭ ਵਿੱਚੋਂ ਖ਼ੁਸ਼ੀ ਕਿਉਂ ਤਲਾਸ਼ ਰਹੇ ਹਨ ? ਸਵਾਲ ਵੱਡੇ ਨੇ ਤੇ ਚਰਚਾ ਦੀ ਮੰਗ ਕਰਦੇ ਹਨ, ਪਰ ਹਾਸੋਹੀਣੀ ਗੱਲ ਇਹ ਹੈ ਕਿ ਸਕੂਲ ਵੱਲੋਂ ਇਸ ਸਭ ਨੂੰ ਰੋਕਣ ਲਈ ਮੋਬਾਈਲ ਸਕੂਲ ਵਿੱਚ ਬੰਦ ਕਰ ਦਿੱਤੇ ਗਏ ਹਨ ਤੇ ਕਲਾਸਾਂ ਵਿੱਚ ਸੀ ਸੀ ਟੀ ਵੀ ਕੈਮਰੇ ਲਾਉਣ ਦਾ ਫੈਸਲਾ ਲਿਆ ਗਿਆ ਹੈ। ਮੇਰੀ ਨਜ਼ਰੇ ਇਹ ਸਭ ਵਕਤੀ ਹੱਲ ਤਾਂ ਹੋ ਸਕਦੇ ਹਨ ਪਰ ਪੱਕੇ ਹੱਲ ਸਿਰਫ ਤੇ ਸਿਰਫ ਉਂਨਾਂ ਬੱਚਿਆਂ ਨੂੰ ਸੈਕਸ ਸਿੱਖਿਆ ਦੇਣੀ ਹੀ ਹੋ ਸਕਦੀ ਹੈ।

ਘਰਾਂ ਵਿੱਚ ਆਪਣੇ ਬੱਚਿਆਂ ਨਾਲ ਸੈਕਸ ਵਰਗੇ ਸੰਜੀਦਾ ਵਿਸ਼ੇ ਤੇ ਗੱਲ ਹੋਣੀ ਜ਼ਰੂਰੀ ਹੈ , ਜੇ ਇਹ ਗੱਲ ਤੁਸੀ ਨਹੀਂ ਕਰੋਂਗੇ ਤਾਂ ਉਹ ਇਸ ਸਭ ਦਾ ਕੋਈ ਹੋਰ ਜ਼ਰੀਆ ਲੱਭਣਗੇ ਤੇ ਇਹੋ ਜਿਹੇ ਖ਼ਤਰਨਾਕ ਰੁਝਾਨ ਆਉਂਦੇ ਰਹਿਣਗੇ। ਅਸੀਂ ਦੇਵੀਆਂ -ਦੇਵਤੇ ਬਣਨਾ ਛੱਡ ਕੇ ਇਸ ਸਦੀ ਮੁਤਾਬਿਕ ਆਪਣੇ ਬੱਚਿਆਂ ਦੀ ਪਰਵਰਿਸ਼ ਕਰੀਏ ਤਾਂ ਬਿਹਤਰ ਰਹੇਗਾ। ਕਈ ਥਾਂ ਇਹੀ ਗਰੁੱਪ ਕੁੜੀਆਂ ਵੱਲੋਂ ਵੀ ਚਲਾਏ ਜਾਂਦੇ ਦੱਸੇ ਗਏ ਹਨ , ਨਤੀਜੇ ਜੋ ਵੀ ਹੋਣ ਕਮੀ ਸਮਾਜ ਦੀ ਬਣਤਰ ਤੇ ਪਰਵਰਿਸ਼ ਵਿੱਚ ਹੈ । ਇਸ ਸਭ ਦੌਰਾਨ ਇੱਕ ਮੁੰਡੇ ਦੇ ਆਤਮ ਹੱਤਿਆ ਕਰਨ ਦੀ ਵੀ ਖ਼ਬਰ ਆਈ ਹੈ । ਇਹ ਸੰਜੀਦਾ ਵਿਸ਼ਾ ਹੈ ਤੇ ਇਸ ਉੱਤੇ ਗੱਲਬਾਤ ਵੀ ਸੰਜੀਦਾ ਹੋ ਕੇ ਹੀ ਕੀਤੀ ਜਾਣੀ ਚਾਹੀਦੀ ਹੈ।

 

Real Estate