ਮਾਂ ਰੁੱਸ ਜੇ ਤਾਂ-ਅਮਨਜੀਤ ਕੌਰ ਸ਼ਰਮਾ

95

ਅਮਨਜੀਤ ਕੌਰ ਸ਼ਰਮਾ
ਮਾਂ ਰੁੱਸ ਜੇ ਤਾਂ ਖੁੱਸ ਜਾਂਦੀ ਏ ਠੰਢੀ ਮਿੱਠੀ ਛਾਂ
ਦੁਨੀਆਂ ਦਾ ਹਰ ਕੋਨਾ ਲੱਭਿਆ ਲੱਭੀ ਕਿਤੋ ਨਾ ਮਾਂ

ਇੱਕ ਅੱਖਰਾ ਇਹ ਨਾਂ ਏ ਭਾਵੇਂ ਅਰਥ ਬੜੇ ਨੇ ਡੂੰਘੇ
ਇਸ ਤੋਂ ਵੱਧ ਕੀ ਹੋਣੀ ਲੋਕੋ ਸੁਰਗਾਂ ਵਾਲ਼ੀ ਛਾਂ

ਔਕੜ ਦੇ ਵਿੱਚ ਕਦੇ ਨਾ ਡੋਲੇ ਨਾ ਹੀ ਡੋਲਣ ਦੇਵੇ
ਹਰ ਔਕੜ ਨੂੰ ਹਰਨ ਦੀ ਖ਼ਾਤਰ ਝੱਟ ਫੜ ਲੈਂਦੀ ਬਾਂਹ

ਆਪਣੇ ਜਣਿਆਂ ਦੇ ਹਾਸੇ ਵਿੱਚ ਵਸਦੀ ਇਹਦੀ ਦੁਨੀਆਂ
ਬੱਚਿਆਂ ਦੀ ਦੁਨੀਆਂ ਵਿੱਚ ਖੋ ਜਾਏ
ਭੁੱਲ ਕੇ ਇਹ ਦੁਨੀਆਂ
ਦੁੱਖਾਂ ਵਾਲੇ ਭਵ ਸਾਗਰ ਵੀ ਸਹਿਜੇ ਬੱਚਾ ਤਰ ਜਾਏ
ਖੜੀ ਹੋਵੇ ਜੇ ਪਿੱਛੇ ਉਹਦੇ ਪਿਆਰੀ ਪਿਆਰੀ ਮਾਂ

ਧੀਆਂ ਪੁੱਤ ਜੇ ਫੇਰਨ ਅੱਖਾਂ ਤਾਂ ਵੀ ਰੱਖੇ ਜਿਗਰਾ
ਪਰ ਕਦੇ ਨਾ ਬਣਦੀ ਦੇਖੀ ਮਿੱਤਰੋ ਮਾਂ ਕੁਮਾਂ

ਏਸੇ ਲਈ ਤਾਂ ਮਾਂ ਨੂੰ ਰੱਬ ਨੇ ਐਸਾ ਜੀਵ ਬਣਾਇਆ
ਕਿਉਕਿ ਆਪ ਉਹ ਨਾ ਪੁੱਜ ਸਕਦਾ ਲੋੜਾਂ ਵਾਲੀ ਥਾਂ।

Real Estate