ਕਪੂਰਥਲਾ ਜਿਲ੍ਹੇ ਦੇ ਪਿੰਡ ਲੱਖਣ ਕੇ ਪੱਡਾ ਦੇ ਮੁੱਖ ਚੌਕ ‘ਤੇ ਇੱਕ ਠਾਣੇਦਾਰ ਵੱਲੋਂ ਗੋਲੀਆਂ ਮਾਰ ਕੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਰਵਿੰਦਰਜੀਤ ਪਹਿਲਵਾਨ ਨੂੰ ਕਤਲ ਕਰ ਦਿੱਤਾ ਜਦਕਿ ਉਸਦੇ ਦੂਜੇ ਸਾਥੀ ਦੇ ਵੀ ਗੋਲੀ ਲੱਗੀ ਹੈ , ਪਰ ਉਹ ਮਾਮੂਲੀ ਜ਼ਖ਼ਮੀ ਹੋਇਆ ।
ਜ਼ਖ਼ਮੀ ਹੋਏ ਪ੍ਰਦੀਪ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਪਿੰਡ ਲੱਖਣ ਕੇ ਪੱਡਾ ਨੇ ਪੁਲਿਸ ਨੂੰ ਦੱਸਿਆ ਕਿ ਬੀਤੀ ਸ਼ਾਮ ਕਰੀਬ ਸਾਢੇ ਨੌਂ ਵਜੇ ਤੋਂ ਬਾਅਦ ਉਹ ਤੇ ਉਸ ਦੇ ਸਾਥੀ ਕਬੱਡੀ ਖਿਡਾਰੀ ਅਰਵਿੰਦਰਜੀਤ ਸਿੰਘ ਸਮੇਤ 5 ਜਣੇ ਇੰਡੈਵਰ ਕਾਰ ‘ਚ ਪਿੰਡ ਲੱਖਣ ਕੇ ਪੱਡਾ ਵੱਲ ਆ ਰਹੇ ਸਨ । ਗੱਡੀ ਜਦੋਂ ਪਿੰਡ ਵੱਲ ਨੂੰ ਮੁੜੀ ਤਾਂ ਥੋੜ੍ਹਾ ਅੱਗੇ ਸੜਕ ਕੰਢੇ ਗਰਾਊਂਡ ਨੇੜੇ ਇਕ ਸੂਰਮੇ ਰੰਗੀ ਕਾਰ ਖੜ੍ਹੀ ਸੀ ਜਿਸ ਦੇ ਪਿਛਲੇ ਸ਼ੀਸ਼ੇ ਤੇ ਕੱਪੜੇ ਦੇ ਪਰਦੇ ਲੱਗੇ ਹੋਏ ਸੀ। ਉਨ੍ਹਾਂ , ਕਾਰ ਨੂੰ ਸ਼ੱਕੀ ਸਮਝਦੇ ਹੋਏ ਆਪਣੀ ਗੱਡੀ ਖੜ੍ਹੀ ਕੀਤੀ ਤਾਂ ਉਨ੍ਹਾਂ ਕਾਰ ਪਿੰਡ ਵੱਲ ਨੂੰ ਭਜਾ ਲਈ। ਪਿੱਛਾ ਕੀਤਾ ਤਾਂ ਉਨ੍ਹਾਂ ਪਿੰਡ ਦੀ ਫਿਰਨੀ ਦੇ ਨੇੜੇ ਗੱਡੀ ਰੋਕ ਲਈ।
ਇਸ ਤੋਂ ਬਾਅਦ ਉਹ ਤੇ ਅਰਵਿੰਦਰ ਜੀਤ ਸਿੰਘ ਨੇ ਗੱਡੀ ਤੋਂ ਹੇਠਾਂ ਉੱਤਰ ਕੇ ਕਾਰ ਚੈੱਕ ਕਰਨੀ ਚਾਹੀ ਤਾਂ ਕਾਰ ‘ਚੋਂ ਪਰਮਜੀਤ ਸਿੰਘ ਪੁੱਤਰ ਵਿਰਸਾ ਸਿੰਘ ਵਾਸੀ ਬਾਮੂਵਾਲ ਜੋ ਪੁਲਿਸ ਮੁਲਾਜ਼ਮ ਨਿਕਲਿਆ, ਦੇ ਹੱਥ ਵਿਚ ਰਿਵਾਲਵਰ ਸੀ। ਉਕਤ ਪੁਲਿਸ ਮੁਲਾਜ਼ਮ ਨੇ ਬਿਨਾਂ ਕੋਈ ਗੱਲ ਕੀਤਿਆਂ ਅਰਵਿੰਦਰਜੀਤ ਸਿੰਘ ਤੇ ਉਸ ਉੱਪਰ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਕਤ ਮੁਲਾਜ਼ਮ ਵਲੋਂ ਚਲਾਈਆਂ ਗੋਲੀਆਂ ਅਰਵਿੰਦਰਜੀਤ ਸਿੰਘ ਦੀ ਛਾਤੀ ‘ਚ ਤੇ ਉਸ ਦੇ ਮੋਢੇ ਤੇ ਵੱਖੀ ‘ਚ ਲੱਗੀਆਂ।
ਗੱਡੀ ਦੇ ਓਹਲੇ ਹੋ ਕੇ ਉਨ੍ਹਾਂ ਆਪਣੀ ਜਾਨ ਬਚਾਈ। ਇਸ ਉਪਰੰਤ ਉਹ ਅਰਵਿੰਦਰ ਨੂੰ ਸੁਭਾਨਪੁਰ ਦੇ ਹਸਪਤਾਲ ‘ਚ ਲੈ ਗਏ ਪਰ ਉੱਥੇ ਉਸ ਨੂੰ ਦਾਖਲ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਜਲੰਧਰ ਦੇ ਇੱਕ ਨਿਜੀ ਹਸਪਤਾਲ ਪਹੁੰਚੇ ਤਾਂ ਉੱਥੇ ਅਰਵਿੰਦਰਜੀਤ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਥਾਣਾ ਸੁਭਾਨਪੁਰ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਦੂਸਰੇ ਪਾਸੇ ਉਕਤ ਪੁਲਿਸ ਮੁਲਾਜ਼ਮ ਫਰਾਰ ਦੱਸਿਆ ਜਾ ਰਿਹਾ ਹੈ।
ਇਸ ਮਾਮਲੇ ਦੇ ਬਾਕੀ ਪੱਖ ਅਤੇ ਵੇਰਵੇ ਆਉਣੇ ਬਾਕੀ ਹਨ ।