….ਤੇ ਆਖਰ ! ਰੱਦ ਹੋ ਗਈ “ਡਿਪਟੀ ਦੇ ਦਰਬਾਰ” ਤਾਕਤਵਰ ਕਾਂਗਰਸੀ ਆਗੂਆਂ ਵੱਲੋਂ ਦਿੱਤੀ ਦਰਖਾਸਤ !

681

ਬਰਨਾਲਾ, 8 ਮਈ (ਨਿਰਮਲ ਸਿੰਘ ਪੰਡੋਰੀ) : ਬਰਨਾਲਾ ਜ਼ਿਲ੍ਹੇ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਸੱਤਾਧਾਰੀ ਪਾਰਟੀਕਾਂਗਰਸ ਦੀ ਇੰਚਾਰਜ ਦੇ ਖਾਸਮ ਖਾਸ ਕੁਝ ਕਾਂਗਰਸੀਆਂ ਵੱਲੋਂ ਹਲਕਾ ਇੰਚਾਰਜ ਦੇ ਖਿਲਾਫ ਸੋਸ਼ਲ ਮੀਡੀਆ ‘ਤੇ ਪੋਸਟ ਪਾਉਣ ਵਾਲੇ ਕੁਝ ਕਾਂਗਰਸੀਆਂ ਖਿਲਾਫ ਹੀ ਡੀ ਐਸ ਪੀ ਮਹਿਲ ਕਲਾਂ ਨੂੰ ਦਿੱਤੀ ਦਰਖਾਸਤ ਠੁੱਸ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ।ਕਾਂਗਰਸ ਦੇ ਹੀ ਅੰਦਰੂਨੀ ਸੂਤਰਾਂ ਦੇ ਦੱਸਣ ਅਨੁਸਾਰ ਪਿਛਲੇ ਦਿਨੀਂ ਵਿਧਾਨ ਸਭਾ ਹਲਕਾ ਮਹਿਲ ਕਲਾਂ ਨਾਲ ਸਬੰਧਤ ਇੱਕ ਪਿੰਡ ਦੇ ਸੀਨੀਅਰ ਕਾਂਗਰਸੀ ਆਗੂ ਵੱਲੋਂ ਹਲਕਾ ਇੰਚਾਰਜ ਦੇ ਖਿਲਾਫ ਸੋਸ਼ਲ ਮੀਡੀਆ ‘ਤੇ ਇੱਕ ਆਡੀਓ ਪੋਸਟ ਪਾਈ ਗਈ ਸੀ,ਇਸ ਆਡੀਓ ਪੋਸਟ ਵਿਚਲੀ ਸ਼ਬਦਾਵਲੀ ਤੋਂ ਤੜਫੇ ਹਲਕਾ ਇੰਚਾਰਜ ਦੇ ਕੁਝ ਨੇੜਲੇ ਕਾਂਗਰਸੀ ਆਗੂਆਂ ਨੇ ਡਿਪਟੀ ਦੇ ਦਰਬਾਰ ਹਾਜ਼ਰ ਹੋ ਕੇ ਪੋਸਟ ਪਾਉਣ ਵਾਲੇ ਉੱਪਰ ਕਾਰਵਾਈ ਕਰਨ ਲਈ ਲਿਖਤੀ ਦਰਖ਼ਾਸਤ ਦਿੱਤੀ ਸੀ ਪਰ ਡਿਪਟੀ ਸਾਹਿਬ ਨੇ ਦੌਰਾਨੇ ਪੜਤਾਲ “ਕੋਈ ਮਾਮਲਾ ਨਹੀਂ ਬਣਦਾ” ਕਹਿ ਕੇ ਦਰਖਾਸਤ ਰੱਦ ਕਰ ਦਿੱਤੀ।ਇਹ ਵੀ ਜਾਣਕਾਰੀ ਮਿਲੀ ਹੈ ਕਿ ਡਿਪਟੀ ਸਾਹਿਬ ਨੇ ਇਸ ਦਰਖਾਸਤ ਦੇ ਮਾਮਲੇ ‘ਚ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਅਤੇ ਤਾਕਤਵਾਰ ਕੱਟੜ ਕਾਂਗਰਸੀ ਨੌਜਵਾਨ ਆਗੂ ਨੂੰ ਆਪਣੇ ਦਰਬਾਰ ਬੁਲਾਇਆ ਵੀ ਸੀ ਅਤੇ ਇਸ ਆਗੂ ਨਾਲ ਡਿਪਟੀ ਦਰਬਾਰ ‘ਚ ਪੇਸ਼ ਹੋਣ ਸਮੇਂ ਹਲਕਾ ਇੰਚਾਰਜ ਨਾਲ 36 ਦਾ ਅੰਕੜਾ ਰੱਖਣ ਵਾਲੇ ਸੀਨੀਅਰ ਕਾਂਗਰਸੀ ਆਗੂ ਵੀ ਹਾਜ਼ਰ ਸਨ।ਇਸ ਨੌਜਵਾਨ ਕਾਂਗਰਸੀ ਆਗੂ ਵੱਲੋਂ ਡਿਪਟੀ ਦਰਬਾਰ ‘ਚ ਦਿੱਤੀਆਂ ਦਲੀਲਾਂ ਤੋਂ ਬਾਅਦ ਹਲਕਾ ਇੰਚਾਰਜ ਵੱਲੋਂ ਅਸਿੱਧੇ ਤੌਰ ‘ਤੇ ਆਪਣੇ ਵਿਰੋਧੀ ਕਾਂਗਰਸੀਆਂ ਉੱਪਰ ਸੁੱਟਿਆ “ਦਰਖਾਸਤ ਰੂਪੀ ਬੰਬ” ਠੁੱਸ ਹੋ ਗਿਆ।

ਉਪਰੋਕਤ ਦਰਖਾਸਤ ਸਬੰਧੀ ਜਦੋਂ ਡੀਐਸਪੀ ਮਹਿਲ ਕਲਾਂ ਪਰਮਿੰਦਰ ਸਿੰਘ ਗਰੇਵਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਦਰਖਾਸਤ ਵਿਚਲੀ ਸ਼ਬਦਾਵਲੀ ਦੇ ਅਨੁਸਾਰ ਕੋਈ ਮਾਮਲਾ ਹੀ ਨਹੀਂ ਬਣਦਾ ਅਤੇ ਨਾ ਹੀ ਪੋਸਟ ਪਾਉਣ ਸਬੰਧੀ ਦਰਖਾਸਤ ਵਿੱਚ ਸਿੱਧੇ ਤੌਰ ‘ਤੇ ਕਿਸੇ ਦਾ ਨਾਮ ਹੀ ਲਿਖਿਆ ਸੀ,ਜਿਸ ਕਰਕੇ ਇਹ ਦਰਖਾਸਤ ਰੱਦ ਕਰ ਦਿੱਤੀ ਗਈ ਹੈ।ਭਰੋਸੇ ਯੋਗ ਸੂਤਰਾਂ ਅਨੁਸਾਰ ਇਹ ਵੀ ਪਤਾ ਲੱਗਿਆ ਹੈ ਕਿ ਦੌਰਾਨੇ ਪੜਤਾਲ ਦਰਖਾਸਤ ਦੇਣ ਵਾਲੇ ਕਾਂਗਰਸੀ ਆਗੂਆਂ ਵਿੱਚੋਂ ਕੋਈ ਵੀ ਆਗੂ ਦਰਖਾਸਤ ਸਬੰਧੀ ਅਗਲੇਰੀ ਕਾਰਵਾਈ ਲਈ ਸਿੱਧੇ ਤੌਰ ‘ਤੇ ਬਿਆਨ ਲਿਖਵਾਉਣ ਲਈ ਸਾਹਮਣੇ ਨਹੀਂ ਆਇਆ,ਜੋ ਦਰਖਾਸਤ ਰੱਦ ਹੋਣ ਦਾ ਮੁਢਲਾ ਕਾਰਨ ਬਣਦਾ ਹੈ।

Real Estate