ਕਾਲੀਆਂ ਚੁੰਨੀਆਂ ਦੀ ਧਮਕੀ ਅੱਗੇ ਝੁੱਕੀ ਸਰਕਾਰ, ਆਸ਼ਾ ਵਰਕਰਾਂ ਲਈ ਜਾਗਿਆ ਸਤਿਕਾਰ

373

ਪੰਜਾਬੀ ਨਿਊਜ਼ ਆਨਲਾਇਨ ਨੇ ਉਠਾਇਆ ਸੀ ਪ੍ਰਮੁੱਖਤਾ ਨਾਲ ਇਹ ਮਾਮਲਾ

ਬਰਨਾਲਾ 8 ਮਈ (ਨਿਰਮਲ ਸਿੰਘ ਪੰਡੋਰੀ) : ਸਿਹਤ ਵਿਭਾਗ ਪੰਜਾਬ ਨੇ ਆਖਰ ਆਪਣੇ ਅਧੀਨ ਕੰਮ ਕਰ ਰਹੀਆਂ ਆਸ਼ਾ ਵਰਕਰਾਂ ਅਤੇ ਆਸ਼ਾ ਫੈਸੀਲੀਟੇਟਰਜ ਦੀ ਪੁਕਾਰ ਸੁਣ ਲਈ ਹੈ ਅਤੇ ਵਿਭਾਗ ਨੇ ਤੁਰੰਤ ਇੱਕ ਪੱਤਰ ਜਾਰੀ ਕਰਕੇ ਆਸ਼ਾ ਵਰਕਰਾਂ ਦੀਆਂ ਮੰਗਾਂ ਮੰਨਣ ਸਬੰਧੀ ਅਮਲ ਸ਼ੁਰੂ ਕਰ ਦਿੱਤਾ ਹੈ।ਦੱਸਣਯੋਗ ਹੈ ਕਿ ਕਰੋਨਾ ਮਹਾਂਮਾਰੀ ਖਿਲਾਫ਼ ਮੁਢਲੇ ਪੜਾਅ ‘ਤੇ ਲੜ ਰਹੀਆਂ ਆਸ਼ਾ ਵਰਕਰਾਂ ਵੱਲੋਂ ਘਰ ਘਰ ਜਾ ਕੇ ਸਰਵੇ ਕਰਨ ਸਬੰਧੀ ਦਿੱਤੀ ਜਾ ਰਹੀ ਭੱਤਾ ਰਾਸ਼ੀ ਵਿੱਚ ਵਾਧਾ ਕਰਨ,ਆਸ਼ਾ ਵਰਕਰ ਦੇ ਕਰੋਨਾ ਪੀੜਤ ਹੋ ਜਾਣ ‘ਤੇ ਮੁਫ਼ਤ ਇਲਾਜ ਅਤੇ ਦਸ ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ,ਕਰੋਨਾ ਕਰਕੇ ਆਸ਼ਾ ਵਰਕਰ ਦੀ ਮੌਤ ਹੋ ਜਾਣ ‘ਤੇ ਪੰਜਾਹ ਲੱਖ ਰੁਪਏ ਦਾ ਬੀਮਾ ਅਤੇ ਪਰਿਵਾਰਕ ਮੈਂਬਰ ਨੂੰ ਨੌਕਰੀ ਦੇਣ ਦੀ ਮੰਗ ਆਸ਼ਾ ਵਰਕਰ ਅਤੇ ਆਸ਼ਾ ਫੈਸਲੀਟੇਟਰਜ਼ ਯੂਨੀਅਨ ਵੱਲੋਂ ਜ਼ੋਰ ਸ਼ੋਰ ਨਾਲ ਉਠਾਈ ਜਾ ਰਹੀ ਸੀ ਪਰ ਸਰਕਾਰ ਆਸ਼ਾ ਵਰਕਰਾਂ ਦੀਆਂ ਮੰਗਾਂ ਪ੍ਰਤੀ ਬੇਰੁਖ਼ੀ ਧਾਰਨ ਕਰੀ ਬੈਠੀ ਸੀ। ਯੂਨੀਅਨ ਦੀ ਸੂਬਾ ਪ੍ਰਧਾਨ ਸੁਖਵਿੰਦਰ ਕੌਰ ਨੇ ਦੱਸਿਆ ਕਿ ਆਸ਼ਾ ਵਰਕਰਾਂ ਦੀ ਯੂਨੀਅਨ ਵੱਲੋਂ ਕਈ ਵਾਰ ਸਰਕਾਰ ਨੂੰ ਮੰਗ ਪੱਤਰ ਵੀ ਦਿੱਤੇ ਗਏ ਸਨ ਫਿਰ ਵੀ ਸਰਕਾਰ ਨੇ ਕੋਈ ਹੁੰਗਾਰਾ ਨਹੀਂ ਭਰਿਆ ਸੀ । “ਸਿੱਧੀ ਉਂਗਲ ਨਾਲ ਘਿਉ ਨਾ ਨਿਕਲਣ ‘ਤੇ ਵਿੰਗੀ ਉਂਗਲ” ਕਰਨ ਵਾਲੀ ਨੀਤੀ ‘ਤੇ ਚੱਲਦਿਆਂ ਆਸ਼ਾ ਵਰਕਰਾਂ ਦੀ ਯੂਨੀਅਨ ਵੱਲੋਂ ਕਾਲੀਆਂ ਚੁੰਨੀਆਂ ਲੈ ਕੇ ਦੋ ਰੋਜ਼ਾ ਹੜਤਾਲ ਕਰਨ ਦੀ ਧਮਕੀ ਦਿੱਤੀ ਗਈ ਸੀ।ਕਰੋਨਾ ਮਹਾਂਮਾਰੀ ਦੌਰਾਨ ਡਾਕਟਰਾਂ ਤੋਂ ਲੈ ਕੇ ਹੇਠਲੇ ਪੱਧਰ ਤੱਕ ਕੰਮ ਕਰਨ ਵਾਲੇ ਸਿਹਤ ਵਿਭਾਗ ਦੇ ਸਿਹਤ ਕਰਮੀਆਂ ਨੂੰ ਪੂਰਾ ਸਾਮਾਨ ਮੁਹੱਈਆ ਨਾ ਕਰਵਾਉਣ ਦੇ ਦੋਸ਼ਾਂ ਕਾਰਨ ਬੈਕਫੁੱਟ ‘ਤੇ ਚੱਲ ਰਹੀ ਪੰਜਾਬ ਸਰਕਾਰ ਦੀ ਸੋਚ ਕਾਲੇ ਰੰਗ ਦੀ ਧਮਕੀ ਤੋਂ ਬਾਅਦ ਆਸ਼ਾ ਵਰਕਰਾਂ ਪ੍ਰਤੀ ਚਿੱਟੀ ਹੋਈ ਅਤੇ ਆਸ਼ਾ ਵਰਕਰਾਂ ਲਈ “ਆਸ਼ਾ ਦੀ ਕਿਰਨ ਜਾਗੀ”।
ਸਿਵਲ ਸਰਜਨਾਂ ਨੂੰ ਕੀਤਾ ਪੱਤਰ ਜਾਰੀ :-
ਆਸ਼ਾ ਵਰਕਰ ਅਤੇ ਆਸ਼ਾ ਫੈਸਲੀਟੇਟਰਜ਼ ਯੂਨੀਅਨ ਨਾਲ ਹੋਈ ਮੀਟਿੰਗ ਤੋਂ ਬਾਅਦ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਡਾਇਰੈਕਟਰ ਨੇ 7 ਮਈ 2020 ਨੂੰ ਪੰਜਾਬ ਦੇ ਸਮੂਹ ਸਿਵਲ ਸਰਜਨਾਂ ਨੂੰ ਪੱਤਰ ਨੰਬਰ NHM/CCP/PB/2020…48236-48263 ਜਾਰੀ ਕਰ ਦਿੱਤਾ ਗਿਆ ਹੈ ਜਿਸ ਵਿੱਚ ਕੋਵਿਡ-19 ਮਹਾਂਮਾਰੀ ਦੌਰਾਨ ਆਸ਼ਾ ਵਰਕਰਾਂ ਨੂੰ ਇਨਸੈਂਟਿਵ ਦੇਣ ਸਬੰਧੀ ਜਾਣਕਾਰੀ ਦਿੱਤੀ ਗਈ ਹੈ।
ਸਰਕਾਰ ਦਾ ਕੀਤਾ ਧੰਨਵਾਦ :-
ਕਰੋਨਾ ਮਹਾਂਮਾਰੀ ਦੌਰਾਨ ਧਰਾਤਲ ਪੱਧਰ ‘ਤੇ ਤਨਦੇਹੀ ਨਾਲ ਡਿਊਟੀ ਕਰਨ ਵਾਲੀਆਂ ਆਸ਼ਾ ਵਰਕਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਕੌਰ ਪੱਤੀ ਅਤੇ ਜਨਰਲ ਸਕੱਤਰ ਵੀਰਪਾਲ ਕੌਰ ਸਹਿਜੜਾ ਨੇ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਆਸ਼ਾ ਵਰਕਰਾਂ ਨਿਗੂਣੇ ਭੱਤੇ ਮਿਲਣ ਦੇ ਬਾਵਜੂਦ ਵੀ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਕਰ ਰਹੀਆਂ ਹਨ, ਉਸੇ ਤਰ੍ਹਾਂ ਸਰਕਾਰ ਵੀ ਮੰਨੀਆਂ ਮੰਗਾਂ ਦੇ ਅਮਲ ਨੂੰ ਇਮਾਨਦਾਰੀ ਨਾਲ ਪੂਰਾ ਕਰਨ ਸਬੰਧੀ ਕੰਮ ਕਰੇ।ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਰਕਾਰ ਅਜਿਹੀ ਨੌਬਤ ਨਹੀਂ ਆਉਣ ਦੇਵੇਗੀ ਜਿਸ ਕਾਰਨ ਆਸ਼ਾ ਵਰਕਰਾਂ ਨੂੰ ਭਵਿੱਖ ‘ਚ ਸਿਰਾਂ ਉੱਪਰ “ਕਾਲੀਆਂ ਚੁੰਨੀਆਂ” ਲੈ ਕੇ ਸੰਘਰਸ਼ ਕਰਨਾ ਪਵੇ।

Real Estate