ਮੌਜੂਦਾ ਦੌਰ ’ਚ ਪੁਲਿਸ ਦੀ ਡਿਊਟੀ ਸਖ਼ਤ ਪਰ ਕੰਮ ਸਲਾਘਾਯੋਗ

288

ਸਮਗਲਰਾਂ ਨਾਲ ਸਾਂਝ ਤੋੜਣ ਤੇ ਬੋਲੀ ਭਾਸ਼ਾ ’ਚ ਸੁਧਾਰ ਕਰਨ ਦੀ ਲੋੜ
ਬਲਵਿੰਦਰ ਸਿੰਘ ਭੁੱਲਰ
ਪੰਜਾਬ ਪੁਲਿਸ ਦੁਨੀਆਂ ਦੀਆਂ ਮੰਨੀਆਂ ਪ੍ਰਮੰਨੀਆਂ ਫੋਰਸਾਂ ਵਿੱਚੋਂ ਇੱਕ ਹੈ। ਦੇਸ਼ ਵਿਰੋਧੀ ਜਾਂ ਸਮਾਜ ਵਿਰੋਧੀ ਤੱਤਾਂ ਨਾਲ ਜਦ ਵੀ ਲੜਾਈ ਲੜਣੀ ਪਈ, ਤਾਂ ਪੰਜਾਬ ਪੁਲਿਸ ਨੇ ਦਲੇਰੀ, ਸੁਹਿਰਦਤਾ ਤੇ ਇਮਾਨਦਾਰੀ ਨਾਲ ਲੜਾਈ ਲੜੀ ਹੈ। ਇਸ ਫੋਰਸ ਦੇ ਅਧਿਕਾਰੀਆਂ ਜਵਾਨਾਂ ਨੇ ਕੁਰਬਾਨੀਆਂ ਦਿੱਤੀਆਂ ਹਨ। ਖਾੜਕੂਵਾਦ ਸਮੇਂ ਭਾਵੇਂ ਪੁਲਿਸ ਤੇ ਵੀ ਝੂਠੇ ਮੁਕਾਬਲਿਆਂ ਦੇ ਦੋਸ਼ ਲਗਦੇ ਰਹੇ ਅਤੇ ਦਹਾਕਿਆਂ ਬਾਅਦ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਅਦਾਲਤਾਂ ਵੱਲੋਂ ਸਜ਼ਾਵਾਂ ਵੀ ਹੋਈਆਂ ਤੇ ਕਾਫ਼ੀ ਜੇਲ੍ਹਾਂ ਵਿੱਚ ਬੰਦ ਵੀ ਹਨ। ਇਹ ਵੀ ਸੱਚ ਹੈ ਕਿ ਤਰੱਕੀਆਂ ਹਾਸਲ ਕਰਨ ਜਾਂ ਉ¤ਚ ਅਫ਼ਸਰਾਂ ਤੋਂ ਇਨਾਮ ਪ੍ਰਾਪਤ ਕਰਨ ਲਈ ਕੁੱਝ ਅਫ਼ਸਰ ਤੇ ਕਰਮਚਾਰੀ ਅਜਿਹਾ ਕਰਦੇ ਰਹੇ ਹਨ ਤੇ ਭੁਗਤ ਵੀ ਰਹੇ ਹਨ। ਪਰ ਇਸ ਸਬੰਧੀ ਸਾਰੀ ਪੁਲਿਸ ਨੂੰ ਦੋਸ਼ੀ ਨਹੀਂ ਮੰਨਿਆਂ ਜਾ ਸਕਦਾ।
ਪੰਜਾਬ ਦੇ ਉਸ ਕਾਲੇ ਦੌਰ ’ਚ ਪੁਲਿਸ ਅਫ਼ਸਰਾਂ ਤੇ ਕਰਮਚਾਰੀਆਂ ਨੇ ਡਟ ਕੇ ਮੁਕਾਬਲੇ ਵੀ ਕੀਤੇ, ਜਿਹਨਾਂ ਨੂੰ ਲੋਕਾਂ ਨੇ ਵੀ ਜਾਇਜ਼ ਕਰਾਰ ਦਿੱਤਾ। ਖਾੜਕੂ ਅੱਤਵਾਦੀ ਹੋਣ ਜਾਂ ਗੈਂਗਸਟਰ, ਡਾਕੂ ਹੋਣ ਜਾਂ ਚੋਰ, ਝਗੜਾ ਦੋ ਧਰਮਾਂ ਦਾ ਹੋਵੇ, ਫਿਰਕਿਆਂ ਦਾ ਜਾਂ ਦੋ ਪਾਰਟੀਆਂ ਦਾ, ਉਹਨਾਂ ਨੂੰ ਕਾਬੂ ਕਰਨ ਤੇ ਸਾਂਤੀ ਬਹਾਲ ਕਰਨ ਲਈ ਪੁਲਿਸ ਨੂੰ ਹੀ ਬਲਦੀ ਭੱਠੀ ਵਿੱਚ ਵੜਣਾ ਪੈਂਦਾ ਹੈ।
ਮੌਜੂਦ ਸਮਾਂ ਪੁਲਿਸ ਲਈ ਵੱਖਰੀ ਸਮੱਸਿਆ ਲੈ ਕੇ ਆਇਆ ਹੈ। ਕਰੋਨਾ ਵਾਇਰਸ ਨਾਲ ਫੈਲ ਰਹੀ ਮਹਾਂਮਾਰੀ ਨੂੰ ਰੋਕਣ ਲਈ ਸਰਕਾਰਾਂ ਨੂੰ ਕਰਫਿਊ ਜਾਂ ਲਕਡਾਊਨ ਕਰਨਾ ਪਿਆ। ਇਸਨੂੰ ਸਫ਼ਲ ਬਣਾਉਣ ਲਈ ਵੀ ਸਭ ਤੋਂ ਵੱਡੀ ਭੂਮਿਕਾ ਪੰਜਾਬ ਪੁਲਿਸ ਨੇ ਨਿਭਾਈ ਤੇ ਨਿਭਾ ਰਹੀ ਹੈ। ਜਦੋਂ ਆਮ ਲੋਕ ਇਸ ਭਿਆਨਕ ਬੀਮਰੀ ਤੋਂ ਬਚਣ ਲਈ ਘਰਾਂ ਅੰਦਰ ਬੰਦ ਹੋ ਗਏ, ਉਦੋਂ ਪੁਲਿਸ ਕਰਮਚਾਰੀ, ਸਿਹਤ ਵਿਭਾਗ ਦੇ ਮੁਲਾਜਮ ਤੇ ਸਫ਼ਾਈ ਸੇਵਕ ਆਦਿ ਸਿਰਾਂ ਤੇ ਕੱਫਣ ਬੰਨ ਕੇ ਡਿਊਟੀਆਂ ਲਈ ਬਾਹਰ ਨਿਕਲੇ। ਪੁਲਿਸ ਜੇਕਰ ਲੋਕਾਂ ਨੂੰ ਘਰਾਂ ਚੋਂ ਬਾਹਰ ਨਿਕਲਣ ਤੋਂ ਰੋਕਦੀ ਹੈ ਤਾਂ ਅਜਿਹਾ ਲੋਕਾਂ ਦੀ ਭਲਾਈ ਲਈ ਹੀ ਕਰ ਰਹੀ ਹੈ, ਜਦ ਕਿ ਆਪਣੀ ਸਿਹਤ ਤੇ ਬੱਚਿਆਂ ਪਰਿਵਾਰਾਂ ਦਾ ਭਵਿੱਖ ਉਹਨਾਂ ਖਤਰੇ ਵਿੱਚ ਪਾਇਆ ਹੋਇਆ ਹੈ। ਅਜਿਹਾ ਕਰਨ ਦੇ ਬਾਵਜੂਦ ਵੀ ਪੁਲਿਸ ਨੂੰ ਹਮਲਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਜਿਸਦੀ ਸਭ ਤੋਂ ਅਹਿਮ ਮਿਸਾਲ ਪਟਿਆਲਾ ਵਿਖੇ ਭੂਤਰੇ ਹੋਏ ਨਿਹੰਗਾਂ ਵੱਲੋਂ ਡਿਊਟੀ ਨਿਭਾ ਰਹੀ ਪੁਲਿਸ ਪਾਰਟੀ ਤੇ ਕੀਤੇ ਹਮਲੇ ਦੀ ਹੈ। ਜਿਸ ਵਿੱਚ ਏ ਐਸ ਆਈ ਹਰਜੀਤ ਸਿੰਘ ਦਾ ਹੱਥ ਵੱਢਿਆ ਗਿਆ। ਪਰ ਜੋ ਦਲੇਰੀ ਤੇ ਹੌਂਸਲਾ ਹਰਜੀਤ ਸਿੰਘ ਨੇ ਵਿਖਾਇਆ, ਉਸ ਅੱਗੇ ਸਿਰ ਝੁਕਦਾ ਹੈ ਅਤੇ ਡਾਕਟਰਾਂ ਨੇ ਉਸਦਾ ਹੱਥ ਮੁੜ ਜੋੜ ਦਿੱਤਾ ਹੈ।
ਪੰਜਾਬ ਪੁਲਿਸ ਦੇ ਇਹ ਹੌਂਸਲੇ ਭਰਪੂਰ ਤੇ ਉਤਸ਼ਾਹਜਨਕ ਪੱਖ ਹਨ, ਜਿਹਨਾਂ ਦੀ ਸਲਾਘਾ ਕਰਨੀ ਬਣਦੀ ਹੈ। ਪਰ ਕੁੱਝ ਨਾਂਹ ਪੱਖੀ ਰੁਝਾਨ ਵੀ ਹਨ, ਉਹਨਾਂ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਕਰੋਨਾ ਮਹਾਂਮਾਰੀ ਦਾ ਫੈਲਾਅ ਰੋਕਣ ਲਈ ਪਿੰਡਾਂ ਦੀਆਂ ਪੰਚਾਇਤਾਂ ਤੇ ਲੋਕਾਂ ਨੇ ਆਪਣੇ ਆਪ ਪਿੰਡਾਂ ਨੂੰ ਆਉਣ ਵਾਲੇ ਰਸਤਿਆਂ ਤੇ ਨਾਕੇ ਲਾ ਲਏ ਸਨ, ਤਾਂ ਜੋ ਕਰੋਨਾ ਤੋਂ ਪੀੜਤ ਕੋਈ ਵਿਅਕਤੀ ਵਿੱਚ ਵਿੱਚ ਦਾਖ਼ਲ ਨਾ ਹੋ ਸਕੇ। ਇਹਨਾਂ ਨਾਕਿਆਂ ਤੇ ਬਾਹਰੋਂ ਆਉਣ ਵਾਲੇ ਹਰ ਵਿਅਕਤੀ ਦੀ ਤਲਾਸ਼ੀ ਲਈ ਜਾਣ ਲੱਗੀ, ਤਾਂ ਕਈ ਪਿੰਡਾਂ ਵਿੱਚ ਨਸ਼ੇ ਸਪਲਾਈ ਕਰਨ ਵਾਲਿਆਂ ਦੀ ਪਛਾਣ ਹੋ ਗਈ। ਪਰ ਅਜਿਹੇ ਨਸ਼ੇ ਵੇਚਣ ਵਾਲਿਆਂ ਨਾਲ ਇੱਕ ਵਰਦੀਧਾਰੀ ਪੁਲਿਸ ਕਰਮਚਾਰੀ ਵੀ ਹੁੰਦਾ ਸੀ। ਮੌਕੇ ਤੇ ਗੁੱਸੇ ਕਾਰਨ ਨਸ਼ਾ ਵੇਚਣ ਵਾਲੇ ਤੇ ਨਾਲ ਹੀ ਪੁਲਿਸ ਕਰਮਚਾਰੀ ਦੀ ਕੁੱਟਮਾਰ ਹੋਈ ਤੇ ਇਸ ਦੀਆਂ ਵੀਡੀਓਜ਼ ਵੀ ਵਾਇਰਲ ਹੋਈਆਂ। ਇਹਨਾਂ ਘਟਨਾਵਾਂ ਨਾਲ ਵਰਦੀ ਨੂੰ ਵੀ ਦਾਗ ਲੱਗਿਆ ਤੇ ਵਿਭਾਗ ਦੀ ਵੀ ਬੇਇਜਤੀ ਹੋਈ।
ਦੂਜਾ ਇੱਕ ਹੋਰ ਪੱਖ ਹੈ ਬੋਲੀ ਭਾਸ਼ਾ ਦਾ। ਕਰਫਿਊ ਦੌਰਾਨ ਉਲੰਘਣਾ ਕਰਨ ਵਾਲਿਆਂ ਨੂੰ ਰੋਕਣ ਲਈ ਪੁਲਿਸ ਤਾਇਨਾਤ ਸੀ, ਕਈ ਵਾਰ ਉਸਨੂੰ ਸਖ਼ਤੀ ਵੀ ਕਰਨੀ ਪਈ ਤਾਂ ਜੋ ਲੋਕਾਂ ਵਿੱਚ ਡਰ ਤੇ ਸਹਿਮ ਪਾਇਆ ਜਾ ਸਕੇ। ਕਈ ਥਾਵਾਂ ਤੇ ਪੁਲਿਸ ਨੇ ਡੰਡਾ ਪਰੇਡ ਵੀ ਕੀਤੀ, ਜਿਸ ਬਾਰੇ ਲੋਕਾਂ ਦਾ ਰਲਵਾਂ ਮਿਲਵਾਂ ਪ੍ਰਤੀਕਰਮ ਹੁੰਦਾ ਰਿਹਾ। ਅਜਿਹੀਆਂ ਵੀਡੀਓਜ ਪੁਲਿਸ ਮੁਲਾਜਮਾਂ ਨੇ ਖ਼ੁਦ ਹੀ ਵਾਇਰਲ ਕੀਤੀਆਂ। ਇਹਨਾਂ ਵੀਡੀਓਜ ਵਿੱਚ ਪੁਲਿਸ ਕਰਮਚਾਰੀ ਜੋ ਧੀਆਂ ਭੈਣਾਂ ਮਾਵਾਂ ਦੀਆਂ ਗੰਦੀਆਂ ਗਾਲਾਂ ਦੇ ਰਹੇ ਹਨ ਤੇ ਜੋ ਘਟੀਆ ਤੇ ਗੰਦੀ ਭਾਸ਼ਾ ਵਰਤੀ ਗਈ ਹੈ ਉਹ ਅਤੀ ਨਿੰਦਣਯੋਗ ਹੈ। ਅਜਿਹੀਆਂ ਵੀਡੀਓਜ ਜੇ ਪਰਿਵਾਰ ਵਿੱਚ ਬੈਠਾ ਕੋਈ ਮੈਂਬਰ ਦੇਖਣ ਲੱਗ ਜਾਵੇ ਤਾਂ ਉਹ ਵਿਚਕਾਰੋਂ ਬੰਦ ਕਰਨੀ ਪੈਂਦੀ ਹੈ। ਅਜਿਹੀ ਭਾਸ਼ਾ ਬੋਲੀ ਭੈਣ ਭਰਾ, ਮਾਂ ਪੁੱਤ ਜਾਂ ਪਿਓ ਧੀ ਇਕੱਠੇ ਬੈਠੇ ਸੁਣ ਨਹੀਂ ਸਕਦੇ। ਅਜਿਹੀ ਹਾਲਤ ਪੁਲਿਸ ਕਰਮਚਾਰੀਆਂ ਦੇ ਘਰਾਂ ਵਿੱਚ ਵੀ ਹੁੰਦੀ ਹੋਵੇਗੀ। ਪਰ ਉਹਨਾਂ ਬੋਲੀ ਵਿੱਚ ਸੁਧਾਰ ਕਰਨ ਦਾ ਕੋਈ ਯਤਨ ਨਹੀਂ ਕੀਤਾ।
ਪੁਲਿਸ ਦੀ ਬਹਾਦਰੀ ਤੇ ਸਖ਼ਤ ਡਿਊਟੀ ਦੀ ਸਲਾਘਾ ਲੋਕ ਵੀ ਕਰ ਰਹੇ ਹਨ, ਸਰਕਾਰ ਤੇ ਵਿਭਾਗ ਦੇ ਉਚ ਅਧਿਕਾਰੀ ਵੀ ਅਤੇ ਬਣਦੀ ਵੀ ਹੈ। ਪਰ ਵਿਭਾਗ ਦੇ ਉ¤ਚ ਪੁਲਿਸ ਅਧਿਕਾਰੀਆਂ ਨੂੰ ਪੁਲਿਸ ਮੁਲਾਜਮਾਂ ਦੀ ਨਸ਼ੇ ਵੇਚਣ ਵਾਲਿਆਂ ਨਾਲ ਸਾਂਝ ਤੋੜਣ ਅਤੇ ਕਰਮਚਾਰੀਆਂ ਦੀ ਬੋਲੀ ਭਾਸ਼ਾ ਵਿੱਚ ਸੁਧਾਰ ਲਿਆਉਣ ਵੱਲ ਵੀ ਉਚੇਚਾ ਧਿਆਨ ਦੇਣ ਦੀ ਲੋੜ ਹੈ।
ਭੁੱਲਰ ਹਾਊਸ, ਗਲੀ ਨੰ: 12 ਭਾਈ ਮਤੀ ਦਾਸ ਨਗਰ,
ਬਠਿੰਡਾ। ਮੋਬਾ: 098882-75913

Real Estate