ਮੁਲਤਾਨੀ ਅਗਵਾ ਮਾਮਲੇ ‘ਚ ਸੁਮੇਧ ਸੈਣੀ ਖਿਲਾਫ ਪਰਚਾ ਦਰਜ

496

ਪੰਜਾਬੋਂ ‘ਚ ਭੱਜ ਰਹੇ ਸੁਮੇਧ ਸੈਣੀ ਨੂੰ ਹਿਮਾਚਲ ‘ਚ ਨਹੀਂ ਦਿੱਤਾ ਵੜਨ
ਚੰਡੀਗੜ, 7 ਮਈ  (ਜਗਸੀਰ ਸਿੰਘ ਸੰਧੂ) : ਕਰੀਬ ਤੀਹ ਸਾਲ ਪਹਿਲਾਂ ਹੋਏ ਅਗਵਾ ਹੋਏ ਸਿੱਖ ਨੌਜਵਾਨ ਬਲਵੰਤ ਸਿੰਘ ਮੁਲਤਾਨੀ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਖਿਲਾਫ਼ ਮਟੌਰ ਪੁਲਿਸ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ, ਹਾਲਾਂਕਿ ਅਜੇ ਤੱਕ ਕਿਸੇ ਪੁਲਿਸ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ, ਪਰ ਇਸ ਮਾਮਲੇ ਦਾ ਪਤਾ ਲੱਗਦਿਆਂ ਹੀ ਅੱਜ ਸਵੇਰੇ ਸੁਮੇਧ ਸੈਣੀ ਨੇ ਪੰਜਾਬ ‘ਚੋਂ ਭੱਜ ਕੇ ਹਿਮਾਚਲ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਸੀ, ਪਰ ਹਿਮਾਚਲ ਪੁਲਿਸ ਨੇ ਉਨ•ਾਂ ਨੂੰ ਸੂਬੇ ਵਿਚ ਦਾਖਲ ਨਹੀਂ ਹੋਣ ਦਿੱਤਾ।
ਇਸ ਮਾਮਲੇ ਦੇ ਪਿਛੋਕੜ ਬਾਰੇ ਜਾਣਦਿਆਂ ਪਤਾ ਲੱਗਿਆ ਹੈ ਕਿ ਜਦੋਂ 1991 ਵਿੱਚ ਸੁਮੇਧ ਸਿੰਘ ਸੈਣੀ ਚੰਡੀਗੜ• ਦੇ ਐਸਐਸਪੀ ਸਨ ਤਾਂ ਉਸ ਵੇਲੇ ਸਿੱਖ ਨੌਜਵਾਨ ਬਲਵੰਤ ਸਿੰਘ ਮੁਲਤਾਨੀ ਨੂੰ ਚੰਡੀਗੜ ਵਿਖੇ ਸੁਮੇਧ ਸੈਣੀ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਫੜਿਆ ਸੀ। ਜਿਕਰਯੋਗ ਹੈ ਕਿ ਇਸ ਹਮਲੇ ਵਿਚ ਸੈਣੀ ਦੀ ਸੁਰੱਖਿਆ ਲਈ ਤਾਇਨਾਤ ਚਾਰ ਪੁਲਿਸ ਕਰਮੀ ਮਾਰੇ ਗਏ ਸਨ। ਇਸ ਤੋਂ ਬਾਅਦ ਮੁਲਤਾਨੀ ਦੇ ਭਰਾ ਨੇ ਇਕ ਸ਼ਿਕਾਇਤ ਦਰਜ ਕਰਾਈ ਸੀ, ਜਿਸ ਦੇ ਆਧਾਰ ‘ਤੇ ਹੁਣ ਇਹ ਕੇਸ ਦਰਜ ਕੀਤਾ ਹੈ।
ਬਲਵੰਤ ਸਿੰਘ ਮੁਲਤਾਨੀ ਦੇ ਪਰਿਵਾਰ ਨੇ ਇਨਸਾਫ ਲਈ ਲੰਬੀ ਜੱਦੋਜਹਿਦ ਕੀਤੀ ਹੈ। ਕਈ ਸਾਲ ਦੀ ਜੱਦੋਜਹਿਦ ਮਗਰੋਂ ਇਸ ਮਾਮਲੇ ‘ਚ 2007 ਵਿਚ ਸੀਬੀਆਈ ਨੇ ਜਾਂਚ ਸ਼ੁਰੂ ਕੀਤੀ ਸੀ। ਇਹ ਜਾਂਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਨਾਲ ਸ਼ੁਰੂ ਹੋਈ ਸੀ।
ਉਧਰ ਇਸ ਕੇਸ ਦੇ ਦਰਜ ਹੋਣ ਦਾ ਪਤਾ ਲੱਗਦਿਆਂ ਅੱਜ ਸਵੇਰੇ ਸੁਮੇਧ ਸਿੰਘ ਸੈਣੀ ਨੇ ਆਪਣੇ ਕੁਝ ਸਾਥੀਆਂ ਸਮੇਤ ਬਿਨਾ ਕਿਸੇ ਪਾਸ ਪਰਮਿਟ ਦੇ ਖੁਦ ਨੂੰ ਸਾਬਕਾ ਡੀ.ਜੀਪੀ ਦਾ ਹਵਾਲਾ ਦੇ ਕੇ ਹਿਮਾਚਲ ਦੀ ਸਰਹੱਦ ਵਿਚ ਵੜਨ ਦੀ ਕੋਸ਼ਿਸ਼ ਕੀਤੀ ਤਾਂ ਨਾਕੇ ‘ਤੇ ਤਾਇਨਾਤ ਪੁਲਿਸ ਕਰਮੀਆਂ ਨੇ ਉਹਨਾਂ ਨੂੰ ਹਿਮਾਚਲ ‘ਚ ਦਾਖਲ ਨਹੀਂ ਹੋਣ ਦਿੱਤਾ। ਇਸ ਊਪਰੰਤ ਸੁਮੇਧ ਸਿੰਘ ਸੈਣੀ ਨੇ ਬਿਲਾਸਪੁਰ ਦੇ ਐਸਪੀ ਦਿਵਾਕਰ ਸ਼ਰਮਾ ਨੂੰ ਵੀ ਫੋਨ ਕਰਕੇ ਮੰਡੀ ਜ਼ਿਲ•ੇ ਦੇ ਕਰਸੋਗ ਖੇਤਰ ਵਿਚ ਜਾਣ ਦੀ ਇਜਾਜਤ ਵੀ ਮੰੰਗੀ, ਪਰ ਐਸਪੀ ਬਿਲਾਸਪੁਰ ਦਿਵਾਕਰ ਨੇ ਸਪੱਸਟ ਕਹਿ ਦਿੱਤਾ ਕਿ ਨਿਯਮਾਂ ਅਨੁਸਾਰ ਉਹ ਕਿਸੇ ਵੀ ਹਾਲ ਹਿਮਾਚਲ ਦਾ ਬਾਰਡਰ ਪਾਰ ਨਹੀਂ ਕਰ ਸਕਦੇ। ਇਸ ਤਰ•ਾਂ ਦੋ ਤਿੰਨ ਘੰਟੇ ਉਥੇ ਖੱਜਲ ਖੁਆਰ ਹੋ ਕੇ ਸੁਮੇਧ ਸੈਣੀ ਪੰਜਾਬ ਵਿੱਚ ਵਾਪਸ ਮੁੜ ਆਏ। ਉਧਰ ਸੁਮੇਧ ਸੈਣੀ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਖਿਲਾਫ ਨਿੱਜੀ ਰੰਜਿਸ਼ ਕੱਢਣ ਲਈ ਦੇਸ ਵਿਰੋਧੀ ਤਾਕਤਾਂ ਦੀ ਮੱਦਦ ਕਰ ਰਹੇ ਹਨ।

ਕੀ ਹੈ ਬਲਵੰਤ ਸਿੰਘ ਮੁਲਤਾਨੀ ਅਗਵਾ ਮਾਮਲਾ?
ਸਿੱਖ ਨੌਜਵਾਨ ਬਲਵੰਤ ਸਿੰਘ ਮੁਲਤਾਨੀ ਨੂੰ 13 ਦਸੰਬਰ, 1991 ਵਾਲੇ ਦਿਨ ਮੁਹਾਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਖਿਲਾਫ ਟਾਡਾ ਅਤੇ ਅਪਰਾਧਿਕ ਸਾਜਿਸ਼ ਅਧੀਨ ਮਾਮਲੇ ਦਰਜ ਕੀਤੇ ਗਏ ਸਨ। ਪੁਲਸ ਦਾਅਵੇ ਮੁਤਾਬਕ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਗੁਰਦਾਸਪੁਰ ਲਿਆਂਦਾ ਗਿਆ, ਜਿੱਥੋਂ ਪੁਲਸ ਨੇ ਉਸ ਦੇ ਫਰਾਰ ਹੋਣ ਦੀ ਕਹਾਣੀ ਬਣਾ ਦਿੱਤੀ। ਪੁਲਸ ਦਾ ਦਾਅਵਾ ਸੀ ਕਿ ਉਹ 19 ਦਸੰਵਰ, 1991 ਨੂੰ ਉੱਥੋਂ ਫਰਾਰ ਹੋ ਗਿਆ।
ਬਲਵੰਤ ਸਿੰਘ ਦੇ ਪਿਤਾ ਨੇ ਦਰਸ਼ਨ ਸਿੰਘ ਮੁਲਤਾਨੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਕਿਹਾ ਕਿ ਉਸਦੇ ਪੁੱਤਰ ਨੂੰ ਪੁਲਸ ਨੇ ਖਤਮ ਕਰ ਦਿੱਤਾ ਹੈ ਅਤੇ ਉਸਦੀ ਫਰਾਰੀ ਦੀ ਝੂਠੀ ਕਹਾਣੀ ਘੜੀ ਗਈ ਹੈ। ਇਸ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ ਸੀ ਜਿਸਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਨਜ਼ੂਰ ਕਰ ਲਿਆ ਸੀ, ਜਿਸ ਤਹਿਤ ਹੀ ਇਹ ਮੁੱਕਦਮਾ ਦਰਜ ਹੋਇਆ ਹੈ।

Real Estate