ਪੰਜਾਬ ‘ਚ ਡੀਜ਼ਲ ਤੇ ਪੈਟਰੋਲ 2-2 ਰੁਪਏ ਮਹਿੰਗਾ ਕੀਤਾ

157

ਚੰਡੀਗੜ, 6 ਮਈ (ਜਗਸੀਰ ਸਿੰਘ ਸੰਧੂ) : ਸੰਸਾਰ ਭਰ ‘ਚ ਫੈਲੀ ਕੋਰੋਨਾ ਦੀ ਮਹਾਂਮਰੀ ਦੇ ਮੱਦੇਨਜਰ ਅੰਤਰਰਾਸਟਰੀ ਪੱਧਰ ‘ਤੇ ਕੱਚੇ ਤੇਲ ਦੀਆਂ ਕੀਮਤਾਂ ਡਿੱਗਣ ਕਰਕੇ ਜਿਥੇ ਬਹੁਤੇ ਮੁਲਕਾਂ ਵਿੱਚ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਆਈ ਹੈ, ਉਥੇ ਇਸ ਦੇ ਉਲਟ ਭਾਰਤ ਦੇ ਕਈਂ ਸੂਬਿਆਂ ਨੇ ਆਪਣੀ ਅਰਥ ਵਿਵਸਥਾ ਨੂੰ ਠੀਕ ਰੱਖਣ ਲਈ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਅਸਾਮ, ਨਾਗਾਲੈਂਡ ਅਤੇ ਦਿੱਲੀ ਤੋਂ ਬਾਅਦ ਮੰਗਲਵਾਰ ਨੂੰ ਪੰਜਾਬ ਸਰਕਾਰ ਨੇ ਵੀ ਪੈਟਰੋਲ ਦੀਆਂ ਕੀਮਤਾਂ ਚ ਵਾਧੇ ਦਾ ਐਲਾਨ ਕਰ ਦਿੱਤਾ ਹੈ। ਜਿਕਰਯੋਗ ਹੈ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਇਸ ਤੋਂ ਪਹਿਲਾਂ ਹੀ ਪੈਟਰੋਲੀਅਮ ਉਤਪਾਦਾਂ ‘ਤੇ ਵੈਟ ਵਧਾਉਣ ਦਾ ਫੈਸਲਾ ਕੀਤਾ ਸੀ। ਮੰਗਲਵਾਰ ਨੂੰ ਦਿੱਲੀ ਚ ਪੈਟਰੋਲ ‘ਤੇ ਵੈਟ ਚ 27 ਪ੍ਰਤੀਸ਼ਤ ਅਤੇ ਡੀਜ਼ਲ ‘ਤੇ 30 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਨਵੀਂਆਂ ਕੀਮਤਾਂ ਦੇ ਅਨੁਸਾਰ ਮੰਗਲਵਾਰ ਨੂੰ ਦਿੱਲੀ ਵਿੱਚ ਪੈਟਰੋਲ 71.26 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 7 ਰੁਪਏ ਤੋਂ ਵੱਧ ਦੇ ਵਾਧੇ ਤੋਂ ਬਾਅਦ 69.29 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ ਜਦੋਂ ਕਿ ਮੰਗਲਵਾਰ ਨੂੰ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਨਵੀਂ ਕੀਮਤਾਂ ਪੰਜਾਬ ਚ ਅੱਧੀ ਰਾਤ ਤੋਂ ਲਾਗੂ ਹੋ ਜਾਣਗੀਆਂ। ਇਸ ਤੋਂ ਬਾਅਦ ਸੂਬੇ ਚ ਪੈਟਰੋਲ ਅਤੇ ਡੀਜ਼ਲ 2-2 ਰੁਪਏ ਪ੍ਰਤੀ ਲੀਟਰ ਮਹਿੰਗੇ ਹੋ ਜਾਣਗੇ।

Real Estate