ਜਦੋਂ ਸਹਿਰ ‘ਚ ਵੜਨ ਤੋਂ ਰੋਕੇ ਜਾਣ ‘ਤੇ ਦੋਧੀ ਨੇ ਪੁਲਸ ਅਧਿਕਾਰੀਆਂ ਦੇ ਪੈਰਾਂ ‘ਚ ਸੜਕ ‘ਤੇ ਡੋਲੇ ਦੁੱਧ ਦੇ ਡਰੰਮ

495
ਬਰਨਾਲਾ, 6 ਮਈ (ਜਗਸੀਰ ਸਿੰਘ ਸੰਧੂ) : ਬਰਨਾਲਾ ਪੁਲਸ ਵੱਲੋਂ ਸਹਿਰ ਦੇ ਬਜਾਰਾਂ ਵਿੱਚੋਂ ਚਾਰ ਪਹੀਆ ਤੇ ਦੋ ਪਹੀਆ ਵਾਹਨਾਂ ਦੀ ਐੈਟਰੀ ਬੰਦ ਕਰਨ ਕਰਕੇ ਅੱਜ ਉਸ ਸਮੇਂ ਅਜੀਬ ਸਥਿਤੀ ਪੈਦਾ ਹੋ ਗਈ, ਜਦੋਂ ਸਹਿਰ ਵਿੱਚ ਜਾਣ ਤੋਂ ਰੋਕੇ ਗਏ ਇੱਕ ਦੋਧੀ ਨੇ ਆਪਣੀ ਦੁੱਧ ਦੇ ਡਰੰਮ ਪੁਲਸ ਅਧਿਕਾਰੀਆਂ ਦੇ ਸਾਹਮਣੇ ਸੜਕ ‘ਤੇ ਹੀ ਡੋਲ ਦਿੱਤੇ। ਹੋਇਆ ਇਹ ਕਿ ਧਨੌਲਾ ਰੋਡ ‘ਤੇ ਬਣੇ ਅੰਡਰ ਬ੍ਰਿਜ ਦੇ ਸਾਹਮਣੇ ਪੈਟਰੋਲ ਪੰਪ ‘ਤੇ ਲਗਾਏ ਗਏ ਨਾਕੇ ‘ਤੇ ਅੱਜ ਸਵੇਰੇ ਜਦੋਂ ਇੱਕ ਦੋਧੀ ਦੁੱਧ ਦੇ ਡਰੰਮ ਲੈ ਕੇ ਸਹਿਰ ਵਿੱਚ ਜਾਣ ਲੱਗਿਆ ਤਾਂ ਪੁਲਸ ਨੇ ਉਸ ਨੂੰ ਰੋਕ ਲਿਆ ਅਤੇ ਕਿਹਾ ਕਿ ਹੁਣ ਤਾਜਾ ਹੁਕਮਾਂ ਅਨੁਸਾਰ ਇਸ ਤੋਂ ਅੱਗੇ ਸਹਿਰ ਵਿੱਚ ਚਾਰ ਪਹੀਆ ਜਾਂ ਦੋ ਪਹੀਆ ਵਾਹਨ ਨਹੀਂ ਆ ਸਕਦਾ, ਇਸ ਲਈ ਤੁਸੀਂ ਆਪਣਾ ਵਹੀਕਲ ਪਿਛੇ ਪਾਰਕ ਕਰਕੇ ਪੈਦਲ ਅੱਗੇ ਜਾ ਸਕਦੇ ਹੋ’। ਇਸ ‘ਤੇ ਉਕਤ ਦੋਧੀ ਨੇ ਪੁਲਸ ਨੂੰ ਸਮਝਾਇਆ ਕਿ ਉਸ ਨੇ ਇਹ ਦੁੱਧ ਦੇ ਡਰੰਮ ਸ਼ਹਿਰ ਦੇ ਅੰਦਰ ਆਪਣੀ ਡੇਅਰੀ ‘ਤੇ ਲੈ ਕੇ ਜਾਣੇ ਹਨ ਅਤੇ ਕੁੱਝ ਸਹਿਰੀਆਂ ਦੇ ਘਰਾਂ ਵਿੱਚ ਵੀ ਦੁੱਧ ਪਾ ਕੇ ਆਉਣਾ ਹੈ, ਇਸ ਲਈ ਉਹ ਆਪਣੇ ਵਹੀਕਲ ਤੋਂ ਬਿਨਾਂ ਪੈਦਲ ਦੁੱਧ ਦੇ ਡਰੰਮ ਕਿਵੇਂ ਲਿਜਾ ਸਕਦਾ ਹੈ, ਪਰ ਪੁਲਸ ਵਾਲਿਆਂ ਨੇ ਉਸ ਨੂੰ ਸਾਫ ਮਨਾ ਕਰ ਦਿੱਤਾ। ਦੋਧੀ ਨੇ ਪੁਲਸ ਅਧਿਕਾਰੀਆਂ ਦੀਆਂ ਬਹੁਤ ਮਿੰਨਤਾਂ ਕੀਤੀਆਂ ਅਤੇ ਕਿਹਾ ਕਿ ਉਸਦਾ ਭਾਰੀ ਨੁਕਸਾਨ ਹੋ ਜਾਵੇਗਾ, ਉਸ ਨੂੰ ਦੁੱਧ ਦੇ ਡਰੰਮ ਅੱਗੇ ਲਿਜਾਣ ਦੀ ਇਜਾਜਤ ਦੇ ਦਿੱਤੀ ਜਾਵੇ, ਪਰ ਪੁਲਸ ਅਧਿਕਾਰੀਆਂ ਨੇ ਸਖਤੀ ਨਾਲ ਉਸ ਨੂੰ ਮਨਾ ਕਰ ਦਿੱਤਾ, ਇਸ ‘ਤੇ ਰੋਸ ਵਿੱਚ ਆਏ ਦੋਧੀ ਨੇ ਆਪਣੇ ਵਾਹਨ ਤੋਂ ਦੁੱਧ ਦੇ ਡਰੰਮ ਉਤਾਰ ਕੇ ਉਥੇ ਹੀ ਪੁਲਸ ਅਧਿਕਾਰੀਆਂ ਦੇ ਪੈਰਾਂ ‘ਚ ਸੜਕ ‘ਤੇ ਡੋਲ ਦਿੱਤੇ, ਜਿਸ ਨੂੰ ਦੇਖ ਕੇ ਇੱਕ ਵਾਰ ਤਾਂ ਪੁਲਸ ਅਧਿਕਾਰੀ ਵੀ ਹੱਕੇ ਬੱਕੇ ਰਹਿ ਗਏ ਅਤੇ ਸੜਕ ‘ਤੇ ਦੁੱਧ ਦਾ ਛੱਪੜ ਲੱਗ ਗਿਆ। ਉਧਰ ਪੁਲਸ ਨਾਲ ਬਹਿਸਦਾ ਕੇ ਆਪਣੀ ਕਿਸਮਤ ਨੂੰ ਕੋਸਦਾ ਉਕਤ ਦੋਧੀ ਉਥੇ ਹੀ ਦੁੱਧ ਡੋਲ ਕੇ ਵਾਪਸ ਚਲਾ ਗਿਆ।
Real Estate