ਅਮਰਨਾਥ ਯਾਤਰਾ ਦੀ ਐਡਵਾਂਸ ਰਜਿਸਟ੍ਰੇਸ਼ਨ 17 ਮਈ ਤੱਕ ਮੁਲਤਵੀ

258

ਚੰਡੀਗੜ, 6 ਮਈ (ਜਗਸੀਰ ਸਿੰਘ ਸੰਧੂ) : ਕੋਰੋਨਾ ਵਾਇਰਸ ਕਾਰਨ ਦੇਸ਼ ਭਰ ‘ਚ ਹੋਏ ਲਾਕਡਾਊਨ ਦੇ ਅਸਰ ਕਾਰਨ ਹਿੰਦੂ ਧਰਮ ਦੇ ਪ੍ਰਸਿੱਧ ਤੀਰਥ ਅਸਥਾਨ ਸ੍ਰੀ ਬਾਬਾ ਅਮਰਨਾਥ ਗੁਫਾ ਦੀ ਯਾਤਰਾ ਲਈ ਐਡਵਾਂਸ ਰਜਿਸਟ੍ਰੇਸ਼ਨ 17 ਮਈ ਤਕ ਮੁਲਤਵੀ ਕਰ ਦਿੱਤੀ ਗਈ ਹੈ। ਅਜਿਹਾ ਤੀਜੀ ਵਾਰ ਹੋਇਆ ਹੈ ਜਦੋਂ ਐਡਵਾਂਸ ਰਜਿਸਟ੍ਰੇਸ਼ਨ ਮੁਲਤਵੀ ਕੀਤੀ ਗਈ ਹੋਵੇ। ਇਸ ਤੋਂ ਪਹਿਲਾਂ ਚਾਰ ਮਈ ਤਕ ਲਈ ਰਜਿਸਟ੍ਰੇਸ਼ਨ ਮੁਲਤਵੀ ਕੀਤੀ ਗਈ ਸੀ। ਸ੍ਰੀ ਅਮਰਨਾਥ ਜੀ ਸ਼੍ਰਾਈਨ ਬੋਰਡ ਦੀ ਕੁਝ ਦਿਨ ਪਹਿਲਾਂ ਬੈਠਕ ਹੋਈ ਸੀ ਜਿਸ ਵਿਚ ਭਵਿੱਖ ‘ਚ ਕੋਰੋਨਾ ਕਾਰਨ ਪੈਦਾ ਹੋਏ ਹਾਲਾਤ ਨੂੰ ਦੇਖ ਕੇ ਤੀਰਥ ਯਾਤਰਾ ਸਬੰਧੀ ਫ਼ੈਸਲਾ ਲੈਣ ਦਾ ਐਲਾਨ ਕੀਤਾ ਗਿਆ ਸੀ। ਜਿਕਰਯੋਗ ਹੈ ਕਿ ਬਾਬਾ ਅਮਰਨਾਥ ਜੀ ਦੀ ਇਸ ਸਾਲ ਦੀ ਯਾਤਰਾ 23 ਜੂਨ ਤੋਂ ਹੋਣੀ ਹੈ। ਇਸ ਦੇ ਲਈ ਐਡਵਾਂਸ ਰਜਿਸਟ੍ਰੇਸ਼ਨ ਇਕ ਅਪ੍ਰੈਲ ਤੋਂ ਸ਼ੁਰੂ ਹੋਣੀ ਸੀ, ਪਰ ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਹਾਲਾਤ ਨੂੰ ਦੇਖਦੇ ਹੋਏ ਇਸ ਨੂੰ 15 ਅਪ੍ਰੈਲ ਤਕ ਲਈ ਮੁਲਤਵੀ ਕੀਤਾ ਸੀ ਤੇ ਹੁਣ ਸੂਤਰਾਂ ਮੁਤਾਬਿਕ ਪਤਾ ਲੱਗਿਆ ਹੈ ਕਿ 17 ਮਈ ਤਕ ਫਿਰ ਮੁਲਤਵੀ ਕਰ ਦਿੱਤਾ ਗਿਆ ਹੈ, ਜਦਕਿ ਸ੍ਰੀ ਅਮਰਨਾਥ ਜੀ ਸ਼੍ਰਾਈਨ ਬੋਰਡ ਦੀ ਵੈੱਬਸਾਈਟ ‘ਤੇ ਐਡਵਾਂਸ ਰਜਿਸਟ੍ਰੇਸ਼ਨ ਨੂੰ ਮੁਲਤਵੀ ਕਰਨ ਸਬੰਧੀ ਅਜੇ ਤੱਕ ਇਸ ਸਬੰਧੀ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ।

Real Estate