ਜਿੰਦਗੀ ਦੀ ਕਿਤਾਬ ਦੇ ਕੁਝ ਪੰਨੇ- ਹਰਮੀਤ ਬਰਾੜ

533

 ਹਰਮੀਤ ਬਰਾੜ (ਐਡਵੋਕੇਟ )

ਜ਼ਿੰਦਗੀ ਇਕ ਕਿਤਾਬ ਵਰਗੀ ਹੈ , ਜਿਸ ਦੇ ਕੁਝ ਪੰਨੇ ਮੈ ਗੂੰਦ ਨਾਲ ਜੋੜ ਦਿੱਤੇ ਨੇ ਤਾਂ ਜੋ ਓਹਨਾ ਨੂੰ ਕਦੇ ਨਾ ਖੋਲਿਆ ਜਾ ਸਕੇ। ਪਰ ਕੁਝ ਪੰਨੇ ਤੇਜ਼ ਹਵਾ ਆਉਣ ਨਾਲ ਵਾਰ ਵਾਰ ਖੁੱਲ੍ਹਦੇ ਨੇ, ਬੰਦ ਹੁੰਦੇ ਨੇ ਜੋ ਮੈਨੂੰ ਨਾ ਚਾਹੁੰਦਿਆਂ ਆਪਣੇ ਆਪ ਨਾਲ ਵਹਾ ਲਿਜਾਂਦੇ ਨੇ ਤੇ ਘੰਟਿਆਂ ਬੱਧੀ ਓਥੇ ਬਿਠਾਈ ਰੱਖਦੇ ਨੇ।ਕੁਝ ਪੰਨੇ ਕਿਸੇ ਪ੍ਰੇਮ ਕਹਾਣੀ ਵਾਂਗ ਸਾਉਣ ਦੀਆਂ ਪੀਂਘਾਂ ਵਰਗੇ ਤੇ ਪੋਹ ਮਾਘ ਦੀ ਕੋਸੀ ਧੁੱਪ ਵਾਂਗ ਨਿੱਘੇ ਤੇ ਪਿਆਰੇ ਨੇ ਜੋ ਮੇਰੀ ਰੂਹ ਤੱਕ ਵੱਸੇ ਨੇ ।

ਕੁਝ ਖ਼ੂਨ ਨਾਲ ਲਿਖੀ ਕਹਾਣੀ ਵਾਂਗ ਸੁਰਖ਼ ਤੇ ਕਿਸੇ ਡਰਾਉਣੀ ਰਾਤ ਵਰਗੇ ਨੇ , ਜਿੰਨਾਂ ਨੂੰ ਖੋਲਦਿਆਂ ਮੈਂ ਧੁਰ ਅੰਦਰ ਤੱਕ ਕੰਬ ਜਾਨੀ ਆਂ । ਕੁਝ ਸ਼ਿਵ ਦੀ ਉਸ ਕਵਿਤਾ ਵਰਗੇ ਨੇ ਜੋ ਬਿਰਹੜਾ ਪੂਜਦੀ , ਸ਼ਾਇਰੀ ਲਿਖਦਿਆਂ ਖਤਮ ਹੋ ਗਈ ।ਕੁਝ ਪੰਨਿਆਂ ਤੇ ਸੰਘਰਸ਼ਾਂ ਤੇ ਵੀਰ ਰਸ ਦੀਆਂ ਕਵਿਤਾਵਾਂ ਨੇ , ਕੁਝ ਵਿੱਚ ਜ਼ਿੰਦਗੀ ਦੀਆਂ ਜਿੱਤਾਂ ਦਰਜ ਨੇ। ਕੁਝ ਮਮਤਾ ਨਾਲ ਭਿੱਜੀ ਲੋਰੀ ਵਰਗੇ ਨੇ ਜੋ ਮੋਢੇ ਚੁੱਕ ਸੁਣਾਈਆਂ ਗਈਆਂ ਹੋਣ । ਕੁਝ ਪੰਨੇ ਮੇਰੀ ਮਾਂ ਦੇ ਝੁਰੜੀਆਂ ਵਾਲੇ ਚਿਹਰੇ ਵਾਂਗ ਫਿਕਰ ਤੇ ਤਜਰਬੇ ਨਾਲ ਭਰੇ ਨੇ , ਜੋ ਹਰ ਸਾਹਮਣੇ ਵਾਲੇ ਚਿਹਰੇ ਨੂੰ ਪੜਨ ਦੀ ਕੋਸ਼ਿਸ਼ ਕਰਦੇ ਨੇ। ਕੁਝ ਮੇਰੇ ਪਿਓ ਵਾਂਗ ਡਾਢੇ ਤੇ ਅਣਖੀਲੇ ਨੇ।

ਕੁਝ ਪੰਨੇ ਕਿਸੇ ਪੈਗ਼ੰਬਰ ਵਾਂਗ ਸ਼ਾਂਤ ਰਹਿਣਾ ਚਾਹੁੰਦੇ ਨੇ , ਜੋ ਦੀਨ ਦੁਨੀਆਂ ਤੋ ਪਰੇ ਬੇਖ਼ਬਰ ਕਿਸੇ ਜੋਗੀ ਵਾਂਗ ਜਿਉਣਾ ਚਾਹੁੰਦੇ ਨੇ। ਕੁਝ ਗੁਰੂਆਂ ਦੀ ਗੁਰਬਾਣੀ ਵਰਗੇ ਵੀ ਨੇ ਜਿੰਨਾ ਨੂੰ ਪੜ੍ਹ ਕੇ ਰੂਹ ਤ੍ਰਿਪਤ ਹੋ ਜਾਵੇ। ਕੁਝ ਹੱਥ ਵਿੱਚ ਫੜੀ ਸ਼ਮਸ਼ੀਰ ਵਾਂਗ ਬੇਖੌਫ ਵੀ ਨੇ ਜੋ ਬੰਦਿਸ਼ਾਂ ਨੂੰ ਚੀਰਦੇ , ਹੱਕਾਂ ਲਈ ਲੜਦੇ ਤੇ ਅੜਦੇ ਰਹੇ ਨੇ। ਜ਼ਿੰਦਗੀ ਵਿਗਿਆਨ , ਇਤਿਹਾਸ ,ਧਰਮ ਸ਼ਾਸਤਰ, ਰਾਜਨੀਤੀ ਸ਼ਾਸਤਰ , ਸਮਾਜਿਕ ਸਿੱਖਿਆ ਤੇ ਗਣਿਤ ਨਾਲ ਭਰੀ ਕਿਤਾਬ ਹੈ ਪਰ ਕੁਝ ਪੰਨੇ ਅਜੇ ਵੀ ਅਧੂਰੇ ਤੇ ਕੁਝ ਸਾਫ਼ ਨੇ ਜੋ ਲਿਖਣੇ ਬਾਕੀ ਨੇ , ਕਿਤਾਬ ਪੂਰੀ ਹੋਵੇਗੀ ਤਾਂ ਸਮਝ ਆਵੇਗਾ ਕਿਹੜਾ ਵਿਸ਼ਾ ਕਿਸ ਦੂਜੇ ਵਿਸ਼ੇ ਤੇ ਭਾਰੂ ਰਿਹਾ।
ਨਹੀਂ ਜਾਣਦੀ ਤੂੰ ਵਿਦਿਆਰਥੀ ਬਣ ਕਿਹੜਾ ਪੰਨਾ ਖੋਲ੍ਹ ਕੇ ਪੜੇਂਗਾ , ਉਸ ਤੋ ਬਾਦ ਮੈਨੂੰ ਕੀ ਖਿਤਾਬ ਦੇਵੇਂਗਾ ਪਰ ਮੇਰੀ ਮੰਨੇ ਤਾਂ ਕਿਤਾਬ ਪੂਰੀ ਪੜੀਂ , ਸ਼ਾਇਦ ਤੂੰ ਸਮਝ ਸਕੇਂ ਕਿ ਇਹ ਕਿਤਾਬ ਕਿਹੜੇ ਹਲਾਤਾਂ ਵਿੱਚੋਂ ਗੁਜ਼ਰਦਿਆਂ ਮੈ ਨੇਪਰੇ ਚੜ੍ਹਾਈ ।ਕੁਝ ਪੰਨੇ ਪੜੇਂਗਾ ਤਾਂ ਕਦੇ ਮੈਨੂੰ ਜਾਨਣ ਦਾ ਦਾਅਵਾ ਨਾ ਕਰ ਸਕੇਂਗਾ। ਮੈਨੂੰ ਤੇਰੇ ਮੁੱਖਬੰਦ ਦੀ ਉਡੀਕ ਰਹੇਗੀ ।

Real Estate