ਯਾਰ ! ਮੈਂ ਘਰੋ ਘਰੀ ਥੋੜਾ ਦੇ ਕੇ ਆਉਣਾ ਹੈ ਆਸ਼ਾ ਵਰਕਰਾਂ ਨੂੰ ਸਾਮਾਨ : ਸੀ.ਐਮ.ਓ ਬਰਨਾਲਾ

354

ਆਸ਼ਾ ਵਰਕਰਾਂ ਵੱਲੋਂ ਕਾਲੀਆਂ ਚੁੰਨੀਆਂ ਲੈ ਕੇ ਸਰਕਾਰ ਖਿਲਾਫ਼ ਸੰਘਰਸ਼ ਕਰਨ ਦੀ ਚਿਤਾਵਨੀ

ਬਰਨਾਲਾ, 4 ਮਈ (ਨਿਰਮਲ ਸਿੰਘ ਪੰਡੋਰੀ) : ਇੱਕ ਪਾਸੇ ਪੰਜਾਬ ਸਰਕਾਰ ਕਰੋਨਾ ਖਿਲਾਫ ਲੜੀ ਜਾ ਰਹੀ ਲੜਾਈ ‘ਚ ਸਾਰੇ ਪ੍ਰਬੰਧ ਮੁਕੰਮਲ ਹੋਣ ਦੇ ਦਾਅਵੇ ਕਰਦੀ ਨਹੀਂ ਥੱਕਦੀ ਪਰ ਦੂਜੇ ਪਾਸੇ ਕਰੋੜਾਂ ਖਿਲਾਫ ਲੜੇ ਜਾ ਰਹੇ ਯੁੱਧ ਦੇ ਮੈਦਾਨ ਵਿੱਚ ਮੋਹਰੀ ਲਾਈਨ ‘ਤੇ ਲੜਾਈ ਲੜ ਰਹੇ ਸਿਹਤ ਵਿਭਾਗ ਦੇ ਵਰਕਰਾਂ ਕੋਲ ਪੂਰੇ ਹਥਿਆਰ ਹੀ ਨਹੀਂ ਹਨ। ਜੀ ਹਾਂ ! ਮਾਮਲਾ ਸਿਹਤ ਵਿਭਾਗ ਦੀਆਂ ਆਸ਼ਾ ਵਰਕਰਾਂ ਦੀ ਡਿਊਟੀ ਨਾਲ ਸੰਬੰਧਤ ਹੈ ਜਿਹੜੀਆਂ ਲੋਕਾਂ ਦੇ ਘਰਾਂ ਵਿੱਚ ਜਾ ਕੇ ਅੰਕੜੇ ਇਕੱਠੇ ਕਰ ਰਹੀਆਂ ਹਨ ਅਤੇ ਉਨ੍ਹਾਂ ਦਸਤਾਨੇ, ਮਾਸਕ, ਸੈਨੇਟਾਈਜ਼ਰ ਵਰਗਾ ਮੁੱਢਲਾ ਸਾਮਾਨ ਵੀ ਨਹੀਂ ਹੈ। ਸਿਹਤ ਵਿਭਾਗ ਦੀ ਮੁੱਖ ਕੜੀ ਵਜੋਂ ਹੇਠਲੇ ਪੱਧਰ ‘ਤੇ ਕੰਮ ਕਰ ਰਹੀਆਂ ਲੱਗਭਗ 27000 ਆਸ਼ਾ ਫੈਸਿਲੀਟੇਟਰ ਤੇ ਆਸ਼ਾ ਵਰਕਰਾਂ ਵਿਭਾਗ ਵੱਲੋਂ ਮਾਸਕ, ਸੈਨੇਟਾਇਜਰ ਤੇ ਦਸਤਾਨੇ ਆਦਿ ਸੁਰੱਖਿਆ ਸਮਾਨ ਨਾ ਮਿਲਣ ਕਰਕੇ ਦਹਿਸਤ ਦੇ ਮਾਹੌਲ ਵਿਚ ਕੰਮ ਕਰਨ ਲਈ ਮਜ਼ਬੂਰ ਹਨ। ਜਿਕਰਯੋਗ ਹੈ ਕਿ ਦੁਨੀਆਂ ਭਰ ‘ਚ ਮਹਾਂਮਾਰੀ ਦੇ ਰੂਪ ਚ ਫੈਲ ਚੁੱਕੇ ਕੋਵਿਡ – 19 ਤੋਂ ਲੋਕਾਂ ਨੂੰ ਬਚਾਉਣ ਲਈ ਸਿਹਤ ਵਿਭਾਗ ਵੱਲੋਂ ਸਿਵਲ ਤੇ ਪੁਲਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਮਾਸਕ, ਸੈਨੇਟਾਇਜਰ ਤੇ ਦਸਤਾਨੇ ਪਹਿਨਾਉਣ ਲਈ ਸਖਤੀ ਦਾ ਵੀ ਸਹਾਰਾ ਲਿਆ ਜਾ ਰਿਹਾ ਹੈ, ਪ੍ਰੰਤੂ ਹੇਠਲੇ ਪੱਧਰ ‘ਤੇ ਸਿਹਤ ਵਿਭਾਗ ਲਈ ਮੁੱਖ ਕੜੀ ਵਜੋਂ ਸੂਬੇ ਭਰ ‘ਚ ਕੰਮ ਕਰ ਰਹੀਆਂ ਸਿਹਤ ਵਿਭਾਗ ਦੇ ਆਪਣੇ ਹੀ ਮਹਿਕਮੇਂ ਦੀਆਂ 27 ਹਜਾਰ ਦੇ ਕਰੀਬ ਆਸ਼ਾ ਫੈਸਿਲੀਟੇਟਰ ਤੇ ਆਸ਼ਾ ਵਰਕਰਾਂ ਨੂੰ ਬਿਨਾਂ ਹਥਿਆਰਾਂ ਦੇ ਕੋਵਿਡ – 19 ਖਿਲਾਫ਼ ਲੜੀ ਜਾ ਰਹੀ ਜੰਗ ਵਿਚ ਧੱਕ ਕੇ ਆਸਾ ਵਰਕਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਨਿਗੂਣੀਆਂ ਉਜ਼ਰਤਾਂ ਤੇ ਪੂਰਾ ਪੂਰਾ ਦਿਨ ਮਹਿਕਮੇਂ ਲਈ ਕੰਮ ਕਰਨ ਵਾਲੀਆਂ ਇਹ ਆਸ਼ਾ ਫੈਸਿਲੀਟੇਟਰ ਤੇ ਆਸ਼ਾ ਵਰਕਰ ਘਰ – ਘਰ ਜਾ ਕੇ ਵਿਦੇਸੋਂ, ਧਾਰਮਿਕ ਸਥਾਨਾਂ ਜਾਂ ਬਾਹਰਲੇ ਸੂਬਿਆਂ ਚ ਰਹਿ ਕੇ ਵਾਪਸ ਆਪਣੇ ਘਰ ਪਰਤੇ ਤੇ ਸ਼ੱਕੀ ਵਿਅਕਤੀਆਂ ਦਾ ਰਿਕਾਰਡ ਤਿਆਰ ਕਰਦਿਆਂ ਹਨ। ਇੱਥੋਂ ਤਕ ਕਿ ਇਨ੍ਹਾਂ ਨੂੰ ਕੋਰੋਨਾ ਪਾਜੇਟਿਵ ਮਰੀਜਾਂ ਦਾ ਵੀ ਨਿੱਤ ਦਿਨ ਦੀ ਜਾਂਚ ਦਾ ਰਿਕਾਰਡ ਇਕੱਠਾ ਕਰਕੇ ਰੋਜ਼ਾਨਾ ਏਐਨਐਮ ਨੂੰ ਜਮ੍ਹਾਂ ਕਰਵਾਉਣਾ ਪੈਂਦਾ ਹੈ ਜਿਸ ਕਾਰਨ ਸਮੂਹ ਆਸ਼ਾ ਫੈਸਿਲੀਟੇਟਰ ਤੇ ਵਰਕਰ ਦਹਿਸਤ ਦੇ ਇਸ ਮਾਹੌਲ ਵਿਚ ਸਿਰ ਉਪਰ ਲਈਆਂ ਆਪਣੀਆਂ ਚੁੰਨੀਆਂ ਤੋਂ ਹੀ ਮਾਸਕ ਦਾ ਕੰਮ ਲੈ ਕੇ ਡੰਗ ਟਪਾ ਰਹੀਆਂ ਹਨ। ਸਿਹਤ ਵਿਭਾਗ ਲਈ ਰੋਜ਼ਾਨਾ 50- 60 ਘਰਾਂ ਵਿੱਚ ਜਾ ਕੇ ਰਿਕਾਰਡ ਤਿਆਰ ਕਰਨ ਵਾਲੀਆਂ ਇਹ ਵਰਕਰ ਰੱਬ ਆਸਰੇ ਕੰਮ ਕਰਨ ਲਈ ਮਜ਼ਬੂਰ ਹਨ।

ਆਸ਼ਾ ਵਰਕਰਾਂ ਦੀ ਇਸ ਸਮੱਸਿਆ ਪ੍ਰਤੀ ਜਦ ਸਿਵਲ ਸਰਜਨ ਬਰਨਾਲਾ ਡਾ ਗੁਰਿੰਦਰਬੀਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਬੜੀ ਬੇਰੁਖ਼ੀ ਨਾਲ ਜਵਾਬ ਦਿੰਦਿਆਂ ਕਿਹਾ ਕਿ “ਯਾਰ ਮੈਂ ਘਰੋ ਘਰੀ ਥੋੜਾ ਦੇ ਕੇ ਆਉਣਾ ਹੈ ਸਾਮਾਨ ਆਸ਼ਾ ਵਰਕਰਾਂ ਨੂੰ … ” ਆਪਣੇ ਬਲਾਕ ਵਿਚੋਂ ਲੈ ਲੈਣ, ਮੈ ਥੋੜਾ ਦੇਣਾ ਹੈ…ਬਲਾਕ ਹੈਡੁਆਰਟਰ ‘ਤੇ ਪਹੁੰਚ ਗਿਆ ਹੈ, ਬਲਾਕ ਐੱਸਐਮਓ ਦੇਣਗੇ।” ———— ਆਸ਼ਾ ਵਰਕਰ ਯੂਨੀਅਨ ਪੰਜਾਬ ਦੀ ਜਿਲ੍ਹਾ ਆਗੂ ਸੰਦੀਪ ਕੌਰ ਪੱਤੀ ਨੇ ਕਿਹਾ ਕਿ ਵਿਭਾਗ ਵੱਲੋਂ ਉਨ੍ਹਾਂ ਨੂੰ ਇੱਕ ਵਾਰ ਵੀ ਕੋਈ ਸੁਰੱਖਿਆ ਸਮਾਨ ਮੁੱਹਈਆ ਨਹੀਂ ਕਰਵਾਇਆ ਗਿਆ। ਨਿਗੂਣੀਆਂ ਤਨਖਾਹਾਂ ਆਸਰੇ ਘਰ ਦੇ ਖਰਚੇ ਹੀ ਮਸਾਂ ਚਲਦੇ ਨੇ ਪੱਲਿਓਂ ਮਾਸਕ, ਸੈਨੇਟਾਇਜਰ ਤੇ ਦਸਤਾਨੇ ਆਦਿ ਸੁਰੱਖਿਆ ਸਮਾਨ ਖ੍ਰੀਦ ਕਰਨਾ ਉਨ੍ਹਾਂ ਦੇ ਵੱਸ ਵਿਚ ਨਹੀਂ ਹੈ। ਉਨ੍ਹਾਂ ਦੱਸਿਆ ਕਿ ਆਸ਼ਾ ਵਰਕਰ ਦੇ ਕੋਰੋਨਾ ਪਾਜੇਟਿਵ ਪਾਏ ਜਾਣ ‘ਤੇ ਵਰਕਰ ਨੂੰ ਇਲਾਜ ਤੱਕ 10 ਹਜਾਰ ਰੁਪਏ ਵੱਖਰੇ ਤੌਰ ‘ਤੇ ਦੇਣ ਅਤੇ ਕੋਰੋਨਾ ਨਾਲ ਮੌਤ ਹੋਣ ਤੇ ਵਰਕਰ ਦੇ ਵਾਰਸਾਂ ਨੂੰ 1 ਕਰੋੜ ਰੁਪਈਆ ਸਹਾਇਤਾ ਵਜੋਂ ਦੇਣ ਆਦਿ ਸਮੇਤ ਵੱਖ ਵੱਖ ਮੰਗਾਂ ਸਬੰਧੀ ਇੱਕ ਮੰਗ ਪੱਤਰ ਵਿਭਾਗ ਦੇ ਡਾਇਰੈਕਟਰ ਨੂੰ ਭੇਜਿਆ ਗਿਆ ਹੈ ਜੇਕਰ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਇੱਕ ਦਿਨ ਦੀ ਹੜਤਾਲ ਕਰਕੇ ਸਿਰਾਂ ਉਪਰ ਕਾਲੀਆਂ ਚੁੰਨੀਆਂ ਲੈ ਕੇ ਸੰਘਰਸ਼ ਕਰਾਂਗੇ।

Real Estate