ਬਾਹਰੋਂ ਆਇਆ ਹਰ ਪੰਜਾਬੀ ਸਾਡਾ ਭਰਾ ਹੈ ਦੇਖਭਾਲ ਕਰਨਾ ਸਾਡਾ ਫਰਜ ਹੈ – ਬਲਬੀਰ ਸਿੰਘ ਸਿੱਧੂ

ਫਿਰੋਜ਼ਪੁਰ 4 ਮਈ ( ਬਲਬੀਰ ਸਿੰਘ ਜੋਸਨ) ਦੂਸਰੇ ਰਾਜਾਂ ਤੋਂ ਪੰਜਾਬ ਵਿਚ ਆਉਣ ਵਾਲੇ ਪੰਜਾਬੀ ਸਾਡੇ ਭਰਾ ਹਨ ਅਤੇ ਉਨ੍ਹਾਂ ਦੀ ਦੇਖਭਾਲ ਕਰਨਾ ਸਾਡਾ ਪਹਿਲਾ ਫਰਜ ਬਣਦਾ ਹੈ। ਇਹ ਵਿਚਾਰ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਫਿਰੋਜ਼ਪੁਰ ਵਿਚ ਕੋਵਿਡ 19 ਦੇ ਕੰਮਾ ਦਾ ਜਾਇਜਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਇਹ ਗਲ ਸਹੀ ਹੈ ਕਿ ਪੰਜਾਬ ਹੋਰਨਾ ਰਾਜਾਂ ਦੇ ਮੁਕਾਬਲੇ ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਵਿਚ ਬਹੁਤ ਹੀ ਵਧੀਆ ਚੱਲ ਰਿਹਾ ਸੀ ਪਰ 7 ਹਜ਼ਾਰ ਬਾਹਰੋਂ ਆਏ ਲੋਕਾਂ ਕਾਰਨ ਕੋਰੋਨਾ ਦੇ ਕੇਸਾਂ ਵਿਚ ਵਾਧਾ ਜ਼ਰੂਰ ਹੋਇਆ ਪਰ ਉਨ੍ਹਾਂ ਲੋਕਾਂ ਨੂੰ ਕਧੇ ਨਾ ਕਧੇ ਦਾ ਘਰ ਵਾਪਸ ਆਉਣਾ ਹੀ ਸੀ। ਉਨ੍ਹਾਂ ਕਿਹਾ ਕਿ ਜਿਆਦਾਤਰ ਲੋਕਾਂ ਦੀ ਸੈਂਪਲਿੰਗ ਹੋ ਚੁੱਕੀ ਹੈ ਅਤੇ ਕੁਝ ਦਿਨਾਂ ਬਾਅਦ ਸਾਰੀ ਸੈਂਪਲਿੰਗ ਹੋਣ ਤੋਂ ਬਾਅਦ ਹਾਲਾਤ ਨਾਰਮਲ ਹੋ ਜਾਣਗੇ।
ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਸੈਪਲਾਂ ਦੀ ਟੈਸਟਿੰਗ ਦੀ ਰਫ਼ਤਾਰ ਨੂੰ ਵਧਾਉਣ ਲਈ ਪ੍ਰਾਈਵੇਟ ਲੈਬੋਰਟਰੀ ਵਾਲਿਆਂ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ ਤਾਂ ਜੋ ਵੱਧ ਤੋ ਵੱਧ ਨਮੂਨਿਆਂ ਦੇ ਨਤੀਜੇ ਜਲਦ ਤੋ ਜਲਦ ਲਏ ਜਾਣ ਅਤੇ ਲੋਕਾਂ ਦਾ ਸਮੇ ਸਿਰ ਇਲਾਜ ਸ਼ੁਰੂ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਸਮੇਂ ਸਰਕਾਰੀ ਅਤੇ ਪ੍ਰਾਈਵੇਟ ਨੂੰ ਮਿਲਾ ਕੇ ਕੁੱਲ ਅੱਠ ਹਜ਼ਾਰ ਲੈਬੋਰੇਟਰੀ ਕੋਰੋਨਾ ਦੀ ਟੈਸਟਿੰਗ ਕਰ ਰਹੀਆਂ ਹਨ। ਇਸ ਤੋਂ ਇਲਾਵਾ ਪੰਜਾਬ ਨੂੰ ਜਲਦ ਹੀ ਆਟੋਮੈਟਿਕ ਟੈਸਟਿੰਗ ਮਸ਼ੀਨਾਂ ਮਿਲਣ ਵਾਲੀਆਂ ਹਨ ਜਿਸ ਨਾਲ ਟੈਂਸਟਿੰਗ ਦੀ ਰਫਤਾਰ ਹੋਰ ਤੇਜ ਹੋ ਜਾਵੇਗੀ।
ਇਸ ਤੋਂ ਪਹਿਲਾਂ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਅਤੇ ਸਿਹਤ ਵਿਭਾਗ ਸਮੇਤ ਹੋਰ ਅਧਿਕਾਰਆਂ ਨਾਲ ਮੀਟਿੰਗ ਕਰ ਕੇ ਜ਼ਿਲ੍ਹੇ ਵਿਚ ਮੌਜੂਦਾ ਸਥਿਤੀ ਦਾ ਜਾਇਜਾ ਲਿਆ। ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਕੋਲ ਕੋਰੋਨਾ ਨਾਲ ਨਿਪਟਨ ਵਾਲੇ ਸੰਸਾਧਨਾ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਾ ਕਿ ਪੀਪੀਈ ਕਿੱਟਾਂ, ਮਾਸਕ, ਸੈਨੇਟਾਈਜ਼ਰ, ਡਿਸਇਨਫੈਕਟਿਡ ਸਪਰੇਅ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਸਾਰੇ ਸੰਸਾਧਨ ਉੱਚਿਤ ਮਾਤਰਾ ਵਿਚ ਉਪਲਬਧ ਹਨ ਅਤੇ ਹਸਪਤਾਲਾਂ ਵਿਚ ਬੈੱਡ ਦੀ ਮਾਤਰਾ ਵਿਚ ਵੀ ਵਾਧਾ ਕੀਤਾ ਗਿਆ ਹੈ।
ਇਸ ਮੌਕੇ ਵਿਧਾਇਕ ਪਿੰਕੀ ਅਤੇ ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਇਹ ਲੜਾਈ ਸਾਰਿਆਂ ਦੇ ਸਹਿਯੋਗ ਨਾਲ ਹੀ ਜਿੱਤੀ ਜਾ ਸਕਦੀ ਹੈ ਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਲੋਕ ਸੋਸ਼ਲ ਡਿਸਟੈਂਸਿੰਗ ਸਮੇਤ ਹੋਰ ਜ਼ਰੂਰੀ ਨਿਯਮਾਂ ਦੀ ਪਾਲਨਾ ਕਰ ਕੇ ਖੁਦ ਨੂੰ ਸੁਰੱਖਿਅਤ ਰੱਖਣ। ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰ: ਕੁਲਵੰਤ ਸਿੰਘ ਨੇ ਜ਼ਿਲ੍ਹੇ ਦੀ ਸਥਿਤੀ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਵਿੰਦਰਪਾਲ ਸਿੰਘ ਸੰਧੂ, ਐਸਡੀਐਮ ਅਮਿੱਤ ਗੁਪਤਾ, ਸਿਵਲ ਸਰਜਨ ਡਾ। ਨਵਦੀਪ ਸਿੰਘ ਆਦਿ ਹਾਜ਼ਰ ਸਨ।

Real Estate