ਔਰਤ ਖੁਦ ਡੁੱਬਣ ਨੂੰ ਤਿਆਰ ਰਹਿੰਦੀ

835

ਹਰਮੀਤ ਬਰਾੜ
ਇੱਕ ਗੱਲ ਡਾ: ਗਾਂਧੀ ਅਕਸਰ ਕਹਿੰਦੇ ਕਿ ਦਲਿਤ ਹੋਣ ਦਾ ਦਰਦ ਸਿਰਫ ਦਲਿਤ ਹੀ ਸਮਝ ਸਕਦਾ, ਆਪਾਂ ਕੋਸ਼ਿਸ਼ ਕਰ ਸਕਦੇ ਆਂ ਪਰ ਹੰਢਾ ਨਹੀਂ ਸਕਦੇ। ਬਿਲਕੁਲ ਓਵੇਂ ਜਿਵੇਂ ਔਰਤ ਹੋ ਕੇ ਹੀ ਸਮਝਿਆ ਜਾ ਸਕਦਾ ਕਿ ਉਹ ਕਿਹੜੀਆਂ ਉਲਝਣਾਂ ਚੋਂ ਰੋਜ਼ ਲੰਘਦੀ ਹੈ, ਮਰਦ ਤਾਂ ਸਿਰਫ ਅੰਦਾਜ਼ਾ ਲਾ ਸਕਦਾ ਜਾਂ ਕਈ ਵਾਰ ਉਹ ਵੀ ਨਹੀਂ ।

ਮੈਂ ਇਹ ਸ਼ਬਦ ਕਾਫੀ ਵਾਰ ਸੋਚੇ, ਅੱਗੇ ਵੀ ਦੱਸੇ । ਸੋਚਣ ਵਾਲੀ ਗੱਲ ਹੈ ਅਸੀਂ ਸਿਰਫ 70 ਸਾਲ ਵਿਚ ਰਿਜਰਵੇਸ਼ਨ ਤੋਂ ਅੱਕ ਗਏ, ਉਹ ਜਿੰਨਾਂ ਨੂੰ ਹਜ਼ਾਰਾਂ ਸਾਲ ਤੋਂ ਅਸੀਂ ਬਰਾਬਰ ਬੈਠਣ, ਭਾਂਡੇ ਸਾਂਝੇ ਵਰਤਣ, ਮੰਦਿਰਾਂ ਚ ਜਾਣ ਤੋਂ ਰੋਕਦੇ ਰਹੇ ਕਦੇ ਨਹੀਂ ਸੋਚਿਆ ਉਨ੍ਹਾਂ ਨੇ ਕਿਵੇਂ ਉਮਰਾਂ ਗੁਜਾਰੀਆਂ ਹੋਣਗੀਆਂ?

ਜਦੋਂ ਔਰਤ ਬਾਰੇ ਮੈਂ ਜਾਂ ਕੋਈ ਵੀ ਹੋਰ ਬਰਾਬਰਤਾ ਦੀ ਗੱਲ ਕਰਦੈ ਤਾਂ ਅਕਸਰ ਇੱਕ ਭੀੜ ਆਉਂਦੀ ਐ ਜੋ ਦੱਸਦੀ ਐ ਕਿ ਬਰਾਬਰੀ ਕਿਸ ਗੱਲ ਦੀ? ਦੇਖ ਫਲਾਣੀ ਵੀ ਤਾਂ ਐਵੇਂ ਰਹਿ ਰਹੀ ਨਾ, ਦੇਖ ਉਹਨੇ ਵੀ ਕੁਰਬਾਨੀ ਕੀਤੀ ਆਦਿ ਆਦਿ।
ਹਰੇਕ ਦਾ ਵੱਖਰਾ ਪੱਧਰ ਹੈ, ਕੋਈ ਜੁਝਾਰੂ ਤੇ ਕੋਈ ਘਰੇਲੂ, ਕੋਈ ਸਾਹਿਤਕਾਰ ਤੇ ਕੋਈ ਸੰਗੀਤਕਾਰ।। ਤੁਸੀਂ ਕੌਣ ਹੋ ਜੋ ਇਹ ਦੱਸੋ ਕਿ ਆਪਣੇ ਹੱਕ ਲਈ ਮੇਰੀ ਆਵਾਜ਼ ਕਿਹੋ ਜਿਹੀ ਹੋਵੇ ? ਉਹ ਕਿੰਨੀ ਉੱਚੀ ਜਾਂ ਮੱਧਮ ਹੋਵੇ? ਮੈਂ ਉਸ ਲਈ ਕੁਰਬਾਨੀ ਦੇਣ ਲਈ ਤਿਆਰ ਹਾਂ ਜਾਂ ਨਹੀਂ?

ਮੇਰੀ ਬੱਚੀ ਕੀ ਕੱਪੜੇ ਪਾਊਗੀ, ਕਿਹੜੇ ਵਿਸ਼ੇ ਪੜੂਗੀ, ਉਸਦਾ ਬੁਆਏ ਫਰੈਂਡ ਹੋਵੇਗਾ ਜਾਂ ਨਹੀਂ, ਕੀ ਇਹ ਸਭ ਥੋਡੇ ਜਾਨਣ ਦੇ ਵਿਸ਼ੇ ਨੇ ? ਮੈਨੂੰ ਤਾਂ ਲਗਦਾ ਕਿ ਇਸ ਸਭ ਵਿੱਚ ਮੇਰੀ ਵੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਮੈਂ ਇੱਕ ਦੋਸਤ ਬਣ ਕੇ ਚੰਗੇ ਜਾਂ ਬੁਰੇ ਦੀ ਸਲਾਹ ਦੇ ਸਕਦੀ ਆਂ ਪਰ ਉਸ ਦੇ ਲਈ ਰਾਹ ਮੈਂ ਨਹੀਂ ਚੁਣੂੰਗੀ। ਉਹ ਗਲਤੀ ਕਰੇ, ਡਿੱਗੇ, ਫੇਰ ਸੰਭਲੇ ਤੇ ਇੱਕ ਜਿੰਮੇਵਾਰ ਇਨਸਾਨ ਬਣੇ।। ਮੈਂ ਸਿਰਫ ਇਹ ਚਾਹੁੰਣੀ ਆਂ।

ਮੈਂ ਕਿਸਾਨੀ ਬਾਰੇ ਬਹੁਤਾ ਨਹੀਂ ਜਾਣਦੀ, ਮੈਂ ਕਦੇ ਨਹੀਂ ਕਹਿੰਦੀ ਕਿ ਤੁਸੀਂ ਇਹ ਫਸਲ ਬੀਜੋ, ਇਹ ਨਾ ਬੀਜੋ।। ਫੇਰ ਥੋਨੂੰ ਇਹ ਹੱਕ ਕਿਸਨੇ ਦਿੱਤਾ ਕਿ ਮੇਰੀ ਜਿੰਦਗੀ ਦੀ ਕਮਾਂਡ ਤੁਸੀਂ ਚਲਾਓ ?
ਬਹੁਤ ਹੋ ਚੁੱਕਿਆ, ਤੁਸੀਂ ਸਦੀਆਂ ਤੋਂ ਮੈਨੂੰ ਆਪਣੇ ਮੁਤਾਬਿਕ ਚਲਾਇਆ, ਮੇਰੇ ਅੰਦਰ ਖੌਲਦੇ ਤੂਫਾਨ ਏਸ ਤੋਂ ਪਹਿਲਾਂ ਕਿ ਬਗਾਵਤ ਕਰਨ, ਐਨੀ ਕੁ ਹੱਦ ਜਰੂਰ ਨਿਯਤ ਕਰ ਲਵੋ ਕਿ ਮੈਂ ਥੋਡੀ ਇੱਜ਼ਤ ਕਰਦੀ ਰਹਿ ਸਕਾਂ।

ਮੁਆਫੀ, ਪਰ ਮੈਨੂੰ ਆਪਣੇ ਬਣਾਏ ਚੌਖਟੇ ਵਿਚ ਫਿੱਟ ਨਾ ਕਰੋ। ਜੇ ਸੱਚ ਤੋਂ ਮੂੰਹ ਫੇਰੋਗੇ, ਜੋ ਤੁਸੀਂ ਹਮੇਸ਼ਾਂ ਕੀਤਾ ਤਾਂ ਨਤੀਜੇ ਥੋਨੂੰ ਜਲਦ ਹੀ ਅਗਲੀਆਂ ਪੀੜ੍ਹੀਆਂ ਨਫਰਤ ਰਾਹੀਂ ਮੋੜਨਗੀਆਂ।

 

Real Estate