ਸਿੱਖ ਸ਼ਨਾਖਤ-ਮਹਾਂਮਾਰੀ ਦੇ ਦੌਰ ’ਚ ਕੀਤੀ ਅਦੁੱਤੀ ਸੇਵਾ ਨੇ ਵੱਖਰੀ ਪਹਿਚਾਣ ਬਣਾਈ

321

ਬਲਵਿੰਦਰ ਸਿੰਘ ਭੁੱਲਰ
ਸਿੱਖ ਕੌਮ ਨੂੰ ਆਪਣੇ ਧਰਮ ਦੇ ਮੂਲ ਅਸੂਲਾਂ ‘ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ’ ਤੇ ਪਹਿਰਾ ਦਿੰਦਿਆਂ ਸਦੀਆਂ ਬੀਤ ਗਈਆਂ ਹਨ। ਸਿੱਖਾਂ ਦਾ ਇਤਿਹਾਸ ਬੜਾ ਸ਼ਾਨਾਮੱਤਾ ਹੈ, ਉਹ ਵਗੈਰ ਕਿਸੇ ਜਾਤੀ ਲਿੰਗ ਜਾਂ ਧਰਮ ਦੇ ਵਿਤਕਰੇ ਤੋਂ ਸੇਵਾ ਨਿਭਾਉਂਦੇ ਹਨ, ਪਰ ਫੇਰ ਵੀ ਉਹਨਾਂ ਨੂੰ ਬਹੁਤ ਵਾਰ ਅਤੀ ਭੈੜੀਆਂ ਮੁਸਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ। ਜਿਸਦਾ ਮੁੱਖ ਕਾਰਨ ਹੈ ਕਿ ਉਹ ਦੁਨੀਆਂ ਪੱਧਰ ਤੇ ਆਪਣੀ ਵੱਖਰੀ ਪਹਿਚਾਣ ਨਹੀਂ ਬਣਾ ਸਕੇ। ਇਸੇ ਕਰਕੇ ਵਿਦੇਸ਼ਾਂ ਵਿੱਚ ਕਈ ਥਾਵਾਂ ਤੇ ਉਹਨਾਂ ਦੀ ਪੱਗ ਦੇ ਕਾਰਨ ਹਮਲਿਆਂ ਦਾ ਸ਼ਿਕਾਰ ਹੋਣਾ ਪਿਆ, ਕਿਉਂਕਿ ਉਸਾਮਾ ਬਿਨ ਲਾਦੇਨ ਜਾਂ ਹੋਰ ਕੱਟੜਵਾਦੀ ਮੁਸਲਮਾਨ ਆਗੂ ਵੀ ਪੱਗੜੀਧਾਰੀ ਹੀ ਸਨ ਅਤੇ ਹਮਲਾਵਰ ਸਿੱਖਾਂ ਨੂੰ ਵੀ ਕੱਟੜਵਾਦੀ ਮੁਸਲਮਾਨ ਸੰਗਠਨਾਂ ਦੇ ਮੈਂਬਰ ਸਮਝ ਬੈਠੇ।
ਅਮਰੀਕਾ ਕੈਨੇਡਾ ਆਸਟਰੇਲੀਆ ਇੰਗਲੈਂਡ ਫਿਜ਼ੀ ਨਿਊਜੀਲੈਡ ਫਿਲਪਾਈਨ ਇਟਲੀ ਆਦਿ ਬਹੁਤ ਸਾਰੇ ਦੇਸਾਂ ਵਿੱਚ ਸਿੱਖ ਲੰਬੇ ਅਰਸੇ ਤੋਂ ਰਹਿ ਰਹੇ ਹਨ ਅਤੇ ਉਹਨਾਂ ਨੇ ਇਹਨਾਂ ਦੇਸਾਂ ਵਿੱਚ ਆਪਣੇ ਕਾਰੋਬਾਰ ਸਥਾਪਤ ਕਰ ਲਏ ਹਨ। ਉਹਨਾਂ ਦਾ ਉੱਥੇ ਬਹੁਤ ਮਾਣ ਸਤਿਕਾਰ ਵੀ ਹੈ, ਪਰ ਫੇਰ ਵੀ ਉਹ ਵੱਖਰੀ ਪਹਿਚਾਣ ਬਣਾਉਣ ਵਿੱਚ ਅਸਫ਼ਲ ਰਹੇ। ਅਗਾਂਹਵਧੂ ਬੁੱਧੀਜੀਵੀ ਸਿੱਖ ਸਰਦਾਰਾਂ ਨੇ ਲੰਬੇ ਸਮੇਂ ਤੋਂ ਯਤਨ ਅਰੰਭੇ ਹੋਏ ਸਨ, ਕਿ ਉਹ ਆਪਣੀ ਵੱਖਰੀ ਪਹਿਚਾਣ ਬਣਾ ਕੇ ਹੋਰਨਾ ਪਗੜੀਧਾਰੀਆਂ ਨਾਲੋਂ ਨਿਖੇੜਾ ਕਰ ਸਕਣ। ਇਸੇ ਇਰਾਦੇ ਨਾਲ ਉਹਨਾਂ ਵੱਖ ਵੱਖ ਦੇਸਾਂ ਵਿੱਚ ਚੋਣਾਂ ਲੜਣ ਵੱਲ ਕਦਮ ਵਧਾਇਆ। ਉਹ ਇੰਗਲੈਂਡ ਕੈਨੇਡਾ ਅਮਰੀਕਾ ਫਿਜ਼ੀ ਆਦਿ ਦੇਸਾਂ ਵਿੱਚ ਚੋਣਾਂ ਜਿੱਤੇ ਤੇ ਕਈ ਮੰਤਰੀ ਬਣ ਕੇ ਸਰਕਾਰਾਂ ’ਚ ਹਿੱਸੇਦਾਰ ਵੀ ਬਣੇ। ਉਹ ਕੁੱਝ ਹੱਦ ਤੱਕ ਕਾਮਯਾਬ ਵੀ ਹੋਏ ਕਿ ਬਤੌਰ ਸਿੱਖ ਉਹਨਾਂ ਆਪਣੀ ਪਹਿਚਾਣ ਬਣਾਈ, ਕਿਉਂਕਿ ਉਹਨਾਂ ਆਪਣਾ ਸਿੱਖ ਚਿਹਰਾ ਹੀ ਉ¤ਥੋਂ ਦੀ ਜਨਤਾ ਸਾਹਮਣੇ ਪੇਸ਼ ਕੀਤਾ।
ਪਿਛਲੇ ਕੁੱਝ ਸਾਲਾਂ ਤੋਂ ਵਿਦੇਸਾਂ ਵਿੱਚ ਬੈਠੇ ਅਮੀਰ ਸਿੱਖ ਸਰਦਾਰਾਂ ਨੇ ਸੱਤਾ ਤੋਂ ਪਾਸੇ ਰਹਿੰਦਿਆਂ ਵੰਡ ਛਕਣ ਤੇ ਗਰੀਬ ਗੁਰਬੇ ਦੁਖੀਆਂ ਦਰਦੀਆਂ ਦੀ ਸੇਵਾ ਕਰਨ ਵੱਲ ਉਚੇਚਾ ਧਿਆਨ ਦਿੰਦਿਆਂ ਸਿੱਖ ਜਥੇਬੰਦੀਆਂ ਕਾਇਮ ਕੀਤੀਆਂ। ਇਹਨਾਂ ਜਥੇਬੰਦੀਆਂ ਨੇ ਗੁਰੂ ਸਾਹਿਬਾਨਾਂ ਦੇ ਉਪਦੇਸ ਅਨੁਸਾਰ ਭਾਈ ਘਨੱਈਆ ਵਾਂਗ ਸੇਵਾ ਕਰਨ ਦਾ ਹੌਂਸਲਾ ਤੇ ਤਰੱਦਦ ਕੀਤਾ। ਕਿਸੇ ਵੀ ਦੇਸ ’ਚ ਹੜ੍ਹ ਆਏ, ਸੁਨਾਮੀ ਆਈ, ਝੱਖੜ ਆਏ, ਅੱਗ ਲੱਗੀ, ਬੀਮਾਰੀ ਫੈਲੀ ਜਾਂ ਉਹ ਵਿਤਕਰੇਬਾਜੀ ਦਾ ਸ਼ਿਕਾਰ ਹੋਏ ਸਿੱਖ ਜਥੇਬੰਦੀਆਂ ਦੇ ਵਰਕਰਾਂ ਨੇ ਉ¤ਥੇ ਪਹੁੰਚ ਕੇ ਸੇਵਾ ਕੀਤੀ, ਉਹ ਸਪੇਨ ਸੀ, ਮੀਆਂਮਾਰ ਜਾਂ ਆਸਟਰੇਲੀਆ। ਭੁੱਖਿਆਂ ਨੂੰ ਢਿੱਡ ਭਰਨ ਲਈ ਖਾਣਾ ਦਿੱਤਾ ਤੇ ਤਨ ਢਕਣ ਲਈ ਕੱਪੜੇ ਦਿੱਤੇ। ਪੀੜਤਾਂ ਵਿੱਚ ਸਿੱਖ ਹਨ ਜਾਂ ਨਹੀਂ, ਇਸਨੂੰ ਵੀ ਅੱਖੋਂ ਪਰੋਖੇ ਕਰਕੇ ਮਾਨਵਤਾ ਦੀ ਸੇਵਾ ਨੂੰ ਤਰਜੀਹ ਦਿੱਤੀ। ਬਹੁਤ ਦੇਸਾਂ ਦੇ ਲੋਕਾਂ ਨੇ ਸਿੱਖ ਜਥੇਬੰਦੀਆਂ ਦੇ ਇਸ ਕਾਜ ਦੀ ਭਰਪੂਰ ਸਲਾਘਾ ਕੀਤੀ। ਜਿਸ ਨਾਲ ਉਹਨਾਂ ਦਾ ਹੌਂਸਲਾ ਹੋਰ ਵਧਿਆ ਤੇ ਸਿੱਖਾਂ ਦੀ ਗੱਲ ਹੋਣ ਲੱਗੀ।
ਹੁਣ ਕਰੋਨਾ ਵਾਇਰਸ ਨਾਲ ਦੁਨੀਆਂ ਪੱਧਰ ਤੇ ਫੈਲੀ ਭਿਆਨਕ ਬੀਮਾਰੀ ਨੇ ਸਮੁੱਚੇ ਸੰਸਾਰ ਨੂੰ ਹਿਲਾ ਕੇ ਰੱਖ ਦਿੱਤਾ ਆਪਣੇ ਆਪਣਿਆਂ ਤੋਂ ਦੂਰ ਹੋ ਗਏ, ਆਪਣੇ ਪਰਿਵਾਰਕ ਮੈਂਬਰ ਕਰੋਨਾ ਪੀੜਤ ਦਾ ਇਲਾਜ ਕਰਾਉਣ ਅਤੇ ਮੌਤ ਹੋਣ ਤੇ ਸਸਕਾਰ ਕਰਨ ਤੋਂ ਵੀ ਆਪਣੇ ਭੱਜਣ ਲੱਗੇ। ਸਰਕਾਰਾਂ ਨੇ ਲਾਕਡਾਊਨ ਦੇ ਐਲਾਨ ਕੀਤੇ, ਲੋਕਾਂ ਨੇ ਆਪਣੇ ਆਪ ਨੂੰ ਘਰਾਂ ਵਿੱਚ ਬੰਦ ਕਰ ਲਿਆ। ਕਾਰੋਬਾਰ ਠੱਪ ਹੋ ਗਏ, ਆਮਦਨਾਂ ਰੁਕ ਗਈਆਂ। ਗਰੀਬ ਲੋਕਾਂ ਦਾ ਜਿਉਣਾ ਦੁੱਭਰ ਹੋਣ ਲੱਗਾ, ਪੇਟ ਭਰਨ ਲਈ ਰਾਸ਼ਨ ਦੀ ਥੁੜ ਕਾਰਨ ਭੁੱਖਮਰੀ ਵਰਗੀ ਹਾਲਤ ਬਣ ਗਈ।
ਧੰਨ ਹਨ, ਉਹ ਸਿੱਖ ਜਥੇਬੰਦੀਆਂ ਤੇ ਉਹਨਾਂ ਦੇ ਅਹੁਦੇਦਾਰ ਮੈਂਬਰ ਤੇ ਵਰਕਰ, ਜੋ ਗੁਰੂ ਤੇ ਭਰੋਸਾ ਕਰਕੇ ਮੈਦਾਨ ਵਿੱਚ ਨਿੱਤਰੇ। ਉਹਨਾਂ ਸਮੁੱਚੀ ਦੁਨੀਆਂ ਦੇ ਹਰ ਦੇਸ ਵਿੱਚ ਪਹੁੰਚ ਕਰਕੇ ਭੁੱਖਿਆ ਤੱਕ ਰਾਸ਼ਨ ਤੇ ਲੰਗਰ ਪਹੁੰਚਾਇਆ। ਜਦੋਂ ਕਰੋਨਾ ਤੋਂ ਡਰਦੇ ਲੋਕ ਘਰਾਂ ਵਿੱਚ ਲੁਕੇ ਹੋਏ ਸਨ, ਇੱਕ ਦੂਜੇ ਨਾਲ ਹੱਥ ਲਾਉਣਾ ਤਾਂ ਦੂਰ ਨੇੜੇ ਜਾਣ ਦੀ ਵੀ ਹਿੰਮਤ ਨਹੀਂ ਸੀ ਕਰ ਰਹੇ, ਉਦੋਂ ਸਿੱਖ ਜਥੇਬੰਦੀਆਂ ਦੇ ਵਰਕਰ ਯੋਧੇ ਸਿਰਾਂ ਤੇ ਕੱਫਣ ਬੰਨ ਕੇ ਸੇਵਾ ਕਰਨ ਲਈ ਸੜਕਾਂ ਗਲੀਆਂ ਵਿੱਚ ਨਿਕਲੇ। ਉਹਨਾਂ ਲੰਗਰ ਤਿਆਰ ਕਰਨੇ, ਪੈਕਟ ਬਣਾਉਣੇ ਤੇ ਫੇਰ ਭੁੱਖਿਆਂ ਤੱਕ ਪਹੁੰਚ ਕਰਕੇ ਵੰਡਣ ਵਾਲੀ ਅਦੁੱਤੀ ਸੇਵਾ ਨਿਭਾਈ।
ਪੰਜਾਬ ’ਚ ਦੇਖੀਏ ਤਾਂ ਹਰ ਪਿੰਡ ਵਿੱਚ ਕਈ ਕਈ ਗੁਰਦੁਆਰੇ ਹਨ ਅਤੇ ਇੱਥੋਂ ਦੇ ਲੋਕ ਵੀ ਰੱਜੇ ਪੁੱਜੇ ਹਨ, ਜਿਸ ਸਦਕਾ ਉਹਨਾਂ ਗਰੀਬਾਂ ਨੂੰ ਭੁੱਖਮਰੀ ਦਾ ਅਹਿਸਾਸ ਨਹੀਂ ਹੋਣ ਦਿੱਤਾ। ਪਰ ਵਿਦੇਸਾਂ ਵਿੱਚ ਜਿੱਥੇ ਗੁਰਦੁਆਰੇ ਵੀ ਨਹੀਂ ਤੇ ਸਿੱਖ ਵੀ ਨਹੀਂ ਹਨ ਜਾਂ ਜੇ ਹਨ ਤਾਂ ਬਹੁਤ ਥੋੜੇ ਹਨ, ਉਥੇ ਵੀ ਸਿੱਖ ਜਥੇਬੰਦੀਆਂ ਨੇ ਭੁੱਖਿਆਂ ਦੀ ਬਾਂਹ ਫੜੀ। ਸਿੱਖ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਇਸ ਅਦੁੱਤੀ ਸ਼ਾਨਾਮੱਤੀ ਸੇਵਾ ਨੇ ਦੁਨੀਆਂ ਭਰ ’ਚ ਸਿੱਖਾਂ ਦਾ ਸਿਰ ਉ¤ਚਾ ਕੀਤਾ ਹੈ। ਸਿੱਖ ਕੌਮ ਦੇ ਆਗੂ ਜੋ ਸਦੀਆਂ ਤੋਂ ਆਪਣੀ ਵੱਖਰੀ ਪਹਿਚਾਣ ਬਣਾਉਣ ਲਈ ਕਾਮਯਾਬ ਨਹੀਂ ਸਨ ਹੋ ਸਕੇ, ਇਸ ਕਰੋਨਾ ਮਹਾਂਮਾਰੀ ਵਿੱਚ ਨਿਭਾਈ ਸੇਵਾ ਸਦਕਾ ਦੁਨੀਆਂ ਵਿੱਚ ਉਹਨਾਂ ਦੀ ਵੱਖਰੀ ਪਹਿਚਾਣ ਬਣ ਗਈ।
ਅੱਜ ਦੁਨੀਆਂ ਦੇ ਹਰ ਦੇਸ ’ਚ ਸਿੱਖਾਂ ਦਾ ਮਾਣ ਸਤਿਕਾਰ ਹੋ ਰਿਹਾ ਹੈ, ਲੱਗ ਭੱਗ ਹਰ ਦੇਸ ਦੀਆਂ ਸਰਕਾਰਾਂ ਤੇ ਪ੍ਰਧਾਨ ਮੰਤਰੀਆਂ ਅਤੇ ਲੋਕਾਂ ਵੱਲੋਂ ਸਿੱਖ ਧਰਮ ਦੇ ਅਸੂਲਾਂ ਅਤੇ ਸੇਵਾਦਾਰਾਂ ਵੱਲੋਂ ਕੀਤੀ ਸੇਵਾ ਦੇ ਸੋਹਲੇ ਗਾਏ ਜਾ ਰਹੇ ਹਨ। ਸ੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸਿੱਖਾਂ ਦੀ ਸੁਪਰੀਮ ਸੰਸਥਾ ਮੰਨੀ ਜਾਂਦੀ ਹੈ ਅਤੇ ਉਸਦਾ ਰਾਜ ਸਰਕਾਰਾਂ ਜਿੱਡਾ ਹੀ ਬੱਜਟ ਹੈ, ਪਰ ਉਹ ਵੀ ਪੈਸਾ ਇਕੱਠਾ ਕਰਨ ਤੱਕ ਹੀ ਸੀਮਤ ਰਹੀ ਸਿੱਖਾਂ ਦੀ ਵੱਖਰੀ ਪਹਿਚਾਣ ਬਣਾਉਣ ਲਈ ਕੋਈ ਯਤਨ ਨਾ ਕੀਤੇ। ਸਾਨੂੰ ਮਾਣ ਹੈ ਉਹਨਾਂ ਸਿੱਖ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਤੇ, ਜਿਹਨਾਂ ਨੇ ਸੇਵਾ ਦੇ ਰਸਤੇ ਚੱਲ ਕੇ ਇਹ ਵੱਡਾ ਕੰਮ ਕਰ ਦਿਖਾਇਆ। ਅਸੀਂ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਹੋਰ ਤਾਕਤ ਮਿਲੇ ਤੇ ਉਹ ਮਾਨਵਤਾ ਦੀ ਸੇਵਾ ਵਿੱਚ ਜੁਟੇ ਰਹਿਣ।
ਭੁੱਲਰ ਹਾਊਸ, ਗਲੀ ਨੰ: 12 ਭਾਈ ਮਤੀ ਦਾਸ ਨਗਰ,
ਬਠਿੰਡਾ। ਮੋਬਾ: 098882-75913

 

Real Estate