ਮੁੱਖ ਮੰਤਰੀ ਅਪਰਾਧਿਕ ਲਾਪਰਵਾਹੀ ਲਈ ਸਿਹਤ ਮੰਤਰੀ ਬਲਬੀਰ ਸਿੱਧੂ ਦੀ ਛੁੱਟੀ ਕਰਨ-ਸੁਖਬੀਰ

ਕਿਸੇ ਨੂੰ ਵੀ ਸ਼ਰਧਾਲੂਆਂ ਜਾਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ

ਚੰਡੀਗੜ੍ਹ/01 ਮਈ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ੍ਰ੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਦੀ ਵਾਪਸੀ ਦੇ ਪ੍ਰਬੰਧਾਂ ‘ਚ ਕੋਤਾਹੀ ਲਈ ਸਿੱਖ ਕੌਮ ਤੋਂ ਮੁਆਫੀ ਮੰਗਣ ਲਈ ਕਿਹਾ ਹੈ। ਇਸ ਦੇ ਨਾਲ ਹੀ ਉਹਨਾਂ ਸਿਹਤ ਸੰਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਲਈ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਅਹੁਦੇ ਤੋਂ ਹਟਾਉਣ ਲਈ ਕਿਹਾ ਹੈ, ਜਿਸ ਕਰਕੇ ਸ਼ਰਧਾਲੂਆਂ ਦੀ ਵੱਡੀ ਗਿਣਤੀ ਕੋਵਿਡ ਪਾਜ਼ੇਟਿਵ ਪਾਈ ਗਈ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਬਹੁਤ ਅਫਸੋਸ ਦੀ ਗੱਲ ਹੈ ਕਿ ਮੁੱਖ ਮੰਤਰੀ ਇਸ ਸੰਕਟ ਦੀ ਇਸ ਘੜੀ ਵਿਚ ਲੋੜੀਂਦੀ ਅਗਵਾਈ ਦੇਣ ਵਿਚ ਨਾਕਾਮ ਸਾਬਿਤ ਹੋਇਆ ਹੈ ਅਤੇ ਉਸ ਨੇ ਵਾਪਸੀ ਦੇ ਇਸ ਸਮੁੱਚੇ ਆਪਰੇਸ਼ਨ ਨੂੰ ਇੱਕ ਮੁਸੀਬਤ ਬਣਾ ਦਿੱਤਾ ਹੈ। ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਸਰਕਾਰ ਨੇ ਸ੍ਰੀ ਹਜ਼ੂਰ ਸਾਹਿਬ ਦੇ ਸ਼ਰਧਾਲੂਆਂ ਦੀ ਬੇਕਦਰੀ ਕੀਤੀ ਹੈ, ਉਸ ਤੋਂ ਪਤਾ ਚੱਲਦਾ ਹੈ ਕਿ ਜਦੋਂ ਤੋਂ ਸੂਬੇ ਅੰਦਰ ਕਰਫਿਊ ਲੱਗਿਆ ਹੈ, ਇਸ ਨੇ ਸਮਾਜ ਦੇ ਹਰ ਵਰਗ ਨਾਲ ਇਸੇ ਤਰ੍ਹਾਂ ਬਦਸਲੂਕੀ ਕੀਤੀ ਹੈ।

ਸਰਦਾਰ ਬਾਦਲ ਨੇ ਕਿਹਾ ਕਿ ਭਾਵੇਂਕਿ ਮੁੱਖ ਮੰਤਰੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦਾ ਹੈ, ਉਸ ਨੂੰ ਸ਼ਰਧਾਲੂਆਂ ਦੀ ਸੁਰੱਖਿਆ ਲਈ ਢੁੱਕਵੇਂ ਕਦਮ ਨਾ ਚੁੱਕ ਕੇ ਵਿਖਾਈ ਅਪਰਾਧਿਕ ਲਾਪਰਵਾਹੀ ਲਈ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੁ ਨੂੰ ਤੁਰੰਤ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਸ਼ਰਧਾਲੂਆਂ ਨੂੰ ਲਿਆਉਣ ਸਮੇਂ ਯਾਤਰਾ ਦੌਰਾਨ ਸਿਹਤ ਸੁਰੱਖਿਆ ਸੰਬੰਧੀ ਸਾਵਧਾਨੀਆਂ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ। ਉਹਨਾਂ ਕਿਹਾ ਕਿ ਉਹਨਾਂ ਨੂੰ ਕੁਆਰੰਟੀਨ ਅਤੇ ਟੈਸਟ ਕਰਕੇ ਅੱਗੇ ਭੇਜਣ ਤੋਂ ਪਹਿਲਾਂ ਇੱਕ ਥਾਂ ਉੱਤੇ ਇਕੱਠੇ ਨਹੀਂ ਕੀਤਾ ਗਿਆ, ਇਸ ਦੀ ਬਜਾਇ ਸਾਰੇ ਨਿਯਮਾਂ ਦੀ ਉਲੰਘਣਾ ਕਰਦਿਆਂ ਵੱਖ ਵੱਖ ਥਾਵਾਂ ਉੱਤੇ ਉਤਾਰ ਦਿੱਤਾ ਗਿਆ। ਇਸ ਵੱਡੀ ਲਾਪਰਵਾਹੀ ਲਈ ਇਕੱਲੀ ਸਰਕਾਰ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਇੰਜ ਜਾਪਦਾ ਹੈ ਕਿ ਸਰਕਾਰ ਵੱਲੋਂਂ ਆਪਣੀ ਗਲਤੀ ਸਵੀਕਾਰ ਕਰਨ ਦੀ ਬਜਾਇ ਸ਼ਰਧਾਲੂਆਂ ਨੂੰ ਬਲੀ ਦੇ ਬੱਕਰੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਅਜਿਹਾ ਨਹੀਂ ਹੋਣ ਦੇਵੇਗਾ। ਉਹਨਾਂ ਕਿਹਾ ਕਿ ਸ਼ਰਧਾਲੂਆਂ ਨੇ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਹੈ ਅਤੇ ਪੰਜਾਬ ਆਉਣ ਤੋਂ ਪਹਿਲਾਂ ਨਾਂਦੇੜ ਵਿਖੇ ਵੀ ਉਹਨਾਂ ਦੇ ਟੈਸਟ ਹੋਏ ਸਨ। ਉਹਨਾਂ ਕਿਹਾ ਕਿ ਜੇਕਰ ਸ਼ਰਧਾਲੂਆਂ ਵਿਚੋਂ ਹੁਣ ਵੱਡੀ ਗਿਣਤੀ ਵਿਚ ਕੋਵਿਡ ਪਾਜ਼ੇਟਿਵ ਨਿਕਲੇ ਹਨ ਤਾਂ ਇਹ ਸਰਕਾਰ ਵੱਲੋਂ ਪ੍ਰਬੰਧਾਂ ਵਿਚ ਕੀਤੀ ਕੋਤਾਹੀ ਦਾ ਨਤੀਜਾ ਹੈ। ਉਹਨਾਂ ਕਿਹਾ ਕਿ ਕਿਸੇ ਨੂੰ ਕਿਸੇ ਵੀ ਢੰਗ ਨਾਲ ਸ਼ਰਧਾਲੂਆਂ ਜਾਂ ਸ੍ਰੀ ਹਜ਼ੂਰ ਸਾਹਿਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।

ਇਸ ਸਮੁੱਚੇ ਮਾਮਲੇ ਬਾਰੇ ਬੋਲਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਹਰ ਸੂਬੇ ਅਤੇ ਦੇਸ਼ ਦੀ ਆਪਣੇ ਨਾਗਰਿਕਾਂ ਪ੍ਰਤੀ ਜ਼ਿੰਮੇਵਾਰੀ ਹੁੰਦੀ ਹੈ। ਬਾਕੀ ਸੂਬੇ ਅਤੇ ਦੇਸ਼ ਇਸ ਤੋਂ 10 ਗੁਣਾ ਵੱਧ ਲੋਕਾਂ ਨੂੰ ਵਾਪਸ ਬੁਲਾ ਰਹੇ ਹਨ। ਉਹਨਾਂ ਕਿਹਾ ਕਿ ਲੋਕਾਂ ਨੂੰ ਵਾਪਸ ਉਹਨਾਂ ਦੇ ਪਰਿਵਾਰਾਂ ਕੋਲ ਲਿਆਉਣਾ ਸਾਡਾ ਫਰਜ਼ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਇਸ ਵਾਪਸੀ ਦੀ ਯੋਜਨਾ ਨੂੰ ਸਿਰੇ ਚੜਾਉਣ ਵਿਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ। ਉਹਨਾਂ ਕਿਹਾ ਕਿ ਸ਼ਰਧਾਲੂਆਂ ਦੇ ਵੇਰਵੇ ਲੈ ਕੇ ਉਹਨਾਂ ਨੂੰ ਕੁਆਰੰਟੀਨ ਕਰਨ ਵਾਸਤੇ ਲੋੜੀਂਦੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਸਨ। ਉਹਨਾਂ ਕਿਹਾ ਕਿ ਇਸ ਮੰਤਵ ਲਈ ਸਰਕਾਰ ਐਸਜੀਪੀਸੀ ਦੀਆਂ ਸਰਾਂਵਾਂ ਦਾ ਇਸਤੇਮਾਲ ਕਰ ਸਕਦੀ ਸੀ। ਉਹਨਾਂ ਕਿਹਾ ਕਿ ਅਜਿਹਾ ਕਰਨ ਦੀ ਬਜਾਇ ਅਧਿਕਾਰੀਆਂ ਨੂੰ ਆਪਾ-ਵਿਰੋਧੀ ਸੁਨੇਹੇ ਦਿੱਤੇ ਗਏ। ਪਹਿਲਾ 24 ਅਤੇ 25 ਅਪ੍ਰੈਲ ਨੂੰ ਸ਼ਰਧਾਲੂਆਂ ਨੂੰ ਆਪਣੇ ਘਰ ਜਾਣ ਦੀ ਆਗਿਆ ਦੇ ਦਿੱਤੀ ਅਤੇ ਫਿਰ 27 ਅਪ੍ਰੈਲ ਨੂੰ ਇਹ ਨਿਰਦੇਸ਼ ਜਾਰੀ ਕਰ ਦਿੱਤਾ ਕਿ ਸ਼ਰਧਾਲੂਆਂ ਨੂੰ ਕੁਆਰੰਟੀਨ ਕੀਤਾ ਜਾਣਾ ਚਾਹੀਦਾ ਹੈ ਅਤੇ ਫਿਰ ਟੈਸਟ ਤੋਂ ਬਾਅਦ ਹੀ ਘਰ ਜਾਣ ਦੀ ਆਗਿਆ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਰਕਾਰੀ ਪ੍ਰਬੰਧਾਂ ਵਿਚ ਅਜਿਹੀ ਕੋਤਾਹੀ ਹੀ ਪੰਜਾਬ ਅੰਦਰ ਕੋਵਿਡ ਕੇਸਾਂ ਵਿਚ ਵਾਧੇ ਅਤੇ ਇੰਨੇ ਲੰਬੇ ਕਰਫਿਊ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ।

Real Estate