ਪੰਜਾਬ ਦੇ ਰੈਡ ਜੋਨ ’ਚ ਚਲੇ ਜਾਣ ਦੀ ਜੁਮੇਵਾਰੀ ਬੀਬਾ ਬਾਦਲ ਕਬੂਲ ਕਰਨ :ਸੇਖੋਂ

201

ਬਠਿੰਡਾ/ 1 ਮਈ/ ਬਲਵਿੰਦਰ ਸਿੰਘ ਭੁੱਲਰ
ਕਰੋਨਾ ਬੀਮਾਰੀ ਦੀ ਮਹਾਂਮਾਰੀ ਤੋਂ ਕਾਫ਼ੀ ਹੱਦ ਤੱਕ ਬਚੇ ਰਹੇ ਪੰਜਾਬ ਸੂਬੇ ਦਾ ਗਰੀਨ ਜੋਨ ਤੋਂ ਰੈੱਡ ਜੋਨ ਵਿੱਚ ਚਲੇ ਜਾਣਾ ਚਿੰਤਾਜਨਕ ਹੈ, ਜਿਸਨੇ ਰਾਜ ਦੇ ਲੋਕਾਂ ਵਿੱਚ ਸਹਿਮ ਪਾ ਦਿੱਤਾ ਹੈ। ਪੰਜਾਬ ਦੇ ਬਾਹਰੋਂ ਆਉਣ ਵਾਲੇ ਲੋਕਾਂ ਕਾਰਨ ਫੈਲਾਅ ਵਧਿਆ ਹੈ, ਜਿਸ ਸਬੰਧੀ ਕੇਂਦਰ ਸਰਕਾਰ ਨੇ ਲੋੜੀਂਦੇ ਪ੍ਰਬੰਧ ਨਹੀਂ ਕੀਤੇ। ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਸਿਆਸੀ ਲਾਹਾ ਲੈਣ ਲਈ ਮੀਡੀਆ ਰਾਹੀਂ ਇਹ ਪ੍ਰਚਾਰ ਜੋਰ ਸ਼ੋਰ ਨਾਲ ਕਰਵਾਇਆ ਕਿ ਸ੍ਰੀ ਹਜੂਰ ਸਾਹਿਬ ’ਚ ਫਸੇ ਸਰਧਾਲੂਆਂ ਨੂੰ ਉਹਨਾਂ ਦੇ ਯਤਨਾਂ ਸਦਕਾ ਵਾਪਸ ਲਿਆਂਦਾ ਗਿਆ ਹੈ। ਜੇ ਸੱਚਮੁੱਚ ਅਜਿਹਾ ਹੈ ਤਾਂ ਹੁਣ ਬੀਬੀ ਬਾਦਲ ਪੰਜਾਬ ਦੇ ਰੈਡ ਜੋਨ ਵਿੱਚ ਚਲੇ ਜਾਣ ਦੀ ਜੁਮੇਵਾਰੀ ਵੀ ਕਬੂਲ ਕਰਨ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੀ ਪੀ ਆਈ ਐਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਦੇਸ ਵਿੱਚ ਸਭ ਤੋਂ ਵੱਧ ਕਰੋਨ ਬੀਮਾਰੀ ਦਾ ਫੈਲਾਅ ਮਹਾਂਰਾਸਟਰ ਰਾਜ ਵਿੱਚ ਹੈ, ਜਿੱਥੇ ਸ੍ਰੀ ਹਜੂਰ ਸਾਹਿਬ ਵਿੱਚ ਹਜ਼ਾਰਾਂ ਸਿੱਖ ਸਰਧਾਲੂ ਲਾਕਡਾਊਨ ਕਾਰਨ ਫਸ ਗਏ ਸਨ। ਇਹਨਾਂ ਸਰਧਾਲੂਆਂ ਨੂੰ ਘਰੋ ਘਰੀਂ ਪਹੰਚਾਉਣਾ ਜਰੂਰੀ ਵੀ ਸੀ ਅਤੇ ਵਾਪਸ ਪੰਜਾਬ ਲਿਆਉਣਾ ਚੰਗਾ ਤੇ ਸਲਾਘਾਯੋਗ ਕਦਮ ਵੀ ਕਿਹਾ ਜਾ ਸਕਦਾ ਹੈ। ਇਹਨਾਂ ਸਰਧਾਲੂਆਂ ਨੂੰ ਵਾਪਸ ਲਿਆਉਣ ਲਈ ਕੇਂਦਰ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਪ੍ਰਵਾਨਗੀ ਦਿੱਤੀ ਗਈ, ਜਦ ਕਿ ਬੱਸਾਂ ਜਾਂ ਹੋਰ ਲੋੜੀਂਦੇ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤੇ ਗਏ। ਦੂਜੇ ਰਾਜ ਚੋਂ ਸਰਧਾਲੂਆਂ ਨੂੰ ਲਿਆਉਣ ਲਈ ਕਈ ਰਾਜਾਂ ਵਿਚਦੀ ਲੰਘਣਾ ਸੀ ਅਤੇ ਬੀਮਾਰੀ ਤੋਂ ਕਾਫ਼ੀ ਬਚੇ ਰਹੇ ਪੰਜਾਬ ਵਿੱਚ ਪਹੁੰਚਣਾ ਸੀ। ਇਸ ਲਈ ਕੇਂਦਰ ਸਰਕਾਰ ਵੱਲੋਂ ਸ੍ਰੀ ਹਜੂਰ ਸਾਹਿਬ ਵਿਖੇ ਹੀ ਸਰਧਾਲੂਆਂ ਦੇ ਟੈਸਟ ਕਰਨੇ ਚਾਹੀਦੇ ਸਨ ਅਤੇ ਪੀੜਤ ਮਰੀਜਾਂ ਦਾ ਇਲਾਜ ਕਰਵਾ ਕੇ ਵਾਪਸ ਲਿਆਉਣੇ ਚਾਹੀਦੇ ਸਨ, ਪਰ ਕੇਂਦਰ ਸਰਕਾਰ ਨੇ ਇਸ ਅਹਿਮ ਜੁਮੇਵਾਰੀ ਨੂੰ ਅੱਖੋਂ ਪਰੋਖੇ ਕਰੀ ਰੱਖਿਆ। Harsimrat Badal
ਸੁਬਾਈ ਸਕੱਤਰ ਨੇ ਕਿਹਾ ਕਿ ਪੰਜਾਬ ਪਹੁੰਚਣ ਵਾਲੀਆਂ ਪਹਿਲੀਆਂ ਬੱਸਾਂ ਦੇ ਸਰਧਾਲੂ ਆਪੋ ਆਪਣੇ ਘਰੀਂ ਚਲੇ ਗਏ। ਜਦ ਪੰਜਾਬ ਸਰਕਾਰ ਨੂੰ ਇਸ ਸਬੰਧੀ ਜਾਣਕਾਰੀ ਮਿਲੀ ਤਾਂ ਮੁੱਖ ਮੰਤਰੀ ਪੰਜਾਬ ਨੇ ਸਖ਼ਤ ਆਦੇਸ ਦਿੱਤੇ ਕਿ ਪੰਜਾਬ ਤੋਂ ਬਾਹਰੋਂ ਆਉਣ ਵਾਲੇ ਹਰ ਵਿਅਕਤੀ ਨੂੰ ਇੱਕੀ ਦਿਨਾਂ ਲਈ ਇਕਾਂਤਵਾਸ ਰੱਖ ਕੇ, ਉਹਨਾਂ ਦੀਆਂ ਟੈਸਟਿੰਗ ਰਿਪੋਰਟਾਂ ਹਾਸਲ ਕਰਕੇ ਹੀ ਘਰਾਂ ਨੂੰ ਭੇਜੇ ਜਾਣ। ਇਹ ਹੁਕਮ ਲਾਗੂ ਕਰਦਿਆਂ ਬਾਕੀ ਸਾਰੇ ਸਰਧਾਲੂਆਂ ਨੂੰ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ ਅਤੇ ਪੀੜਤਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪਰ ਕੇਂਦਰ ਸਰਕਾਰ ਵੱਲੋਂ ਮਹਾਂਰਾਸਟਰ ਚੋਂ ਲਿਆਉਣ ਤੋਂ ਪਹਿਲਾਂ ਸਰਧਾਲੂਆਂ ਦੇ ਟੈਸਟ ਜਾਂ ਇਲਾਜ ਕਰਵਾਉਣ ਤੋਂ ਕਿਨਾਰਾ ਕਰਨਾ ਅੱਜ ਰਾਜ ਭਰ ’ਚ ਵੱਡੀ ਚਰਚਾ ਦਾ ਵਿਸਾ ਬਣਿਆ ਹੋਇਆ ਹੈ।
ਕਾ: ਸੇਖੋਂ ਨੇ ਕਿਹਾ ਕਿ ਕੇਂਦਰੀ ਕੈਬਨਿਟ ਮੰਤਰੀ ਬੀਬੀ ਹਰਸਿਮਰਤ ਬਾਦਲ ਨੇ ਇਹ ਪ੍ਰਚਾਰ ਕਰਵਾਉਣ ’ਚ ਤਾਂ ਕੋਈ ਕਸਰ ਬਾਕੀ ਨਹੀਂ ਛੱਡੀ ਕਿ ਸਰਧਾਲੂਆਂ ਨੂੰ ਵਾਪਸ ਪੰਜਾਬ ਵਿੱਚ ਲਿਆਉਣ ਲਈ ਉਹਨਾਂ ਅਹਿਮ ਭੂਮਿਕਾ ਨਿਭਾਈ ਹੈ। ਪਰ ਸਰਧਾਲੂਆਂ ਦੇ ਮਹਾਂਰਾਸਟਰ ਵਿੱਚ ਟੈਸਟ ਕਰਵਾਉਣ ਜਾਂ ਇਲਾਜ ਕਰਾਉਣ ਦੀ ਗੱਲ ਕਰਦਿਆਂ ਉਹਨਾਂ ਦੀ ਜੁਬਾਨ ਕਿਉਂ ਬੰਦ ਹੋ ਜਾਂਦੀ ਹੈ? ਕਾ: ਸੇਖੋਂ ਨੇ ਕਿਹਾ ਕਿ ਸਰਧਾਲੂਆਂ ਦੇ ਪੰਜਾਬ ’ਚ ਆਉਣ ਸਦਕਾ ਰਾਜ ਦੇ ਰੈਡ ਜੋਨ ਵਿੱਚ ਚਲੇ ਜਾਣ ਦੀ ਜੁਮੇਵਾਰੀ ਵੀ ਬੀਬੀ ਬਾਦਲ ਕਬੂਲ ਕਰਨ। ਇਸਤੋਂ ਇਲਾਵਾ ਉਹ ਕੇਂਦਰ ਸਰਕਾਰ ਨੂੰ ਇਸ ਜੁਮੇਵਾਰੀ ਦਾ ਅਹਿਸਾਸ ਕਰਵਾ ਕੇ ਟੈਸਟਿੰਗ ਕਿੱਟਾਂ, ਲੋੜੀਦੀਆਂ ਦਵਾਈਆਂ ਆਦਿ ਦਾ ਪ੍ਰਬੰਧ ਕਰਨ ਵੱਲ ਧਿਆਨ ਦੇਣ। ਉਹਨਾਂ ਕਿਹਾ ਕਿ ਇਹ ਸਮਾਂ ਸਿਆਸੀ ਲਾਹਾ ਲੈਣ ਲਈ ਝੂਠਾ ਪ੍ਰਚਾਰ ਕਰਵਾਉਣ ਦਾ ਨਹੀਂ ਹੈ, ਇਸ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਅਮਲ ਵਿੱਚ ਕੰਮ ਕਰਨ ਦੀ ਜਰੂਰਤ ਹੈ।
ਕਾ: ਸੇਖੋਂ ਨੇ ਪੰਜਾਬ ਸਰਕਾਰ ਨੂੰ ਸੁਝਾਅ ਦਿੱਤਾ ਕਿ ਕੇਵਲ ਲਾਕਡਾਊਨ ਜਾਂ ਕਰਫਿਊ ਹੀ ਇਸ ਮਹਾਂਮਾਰੀ ਦੀ ਰੋਕਥਾਮ ਜਾਂ ਹੱਲ ਨਹੀਂ ਹੈ। ਬਚਾਅ ਲਈ ਸਿਹਤ ਵਿਭਾਗ ਨੂੰ ਲੋੜੀਂਦੇ ਸਮਾਨ ਤੇ ਦਵਾਈਆਂ ਦੇ ਪ੍ਰਬੰਧ ਕਰਕੇ ਅਤੇ ਭੁੱਖ ਬੈਠੇ ਗਰੀਬ ਲੋਕਾਂ ਨੂੰ ਰਾਸ਼ਨ ਪਹੁੰਚਾ ਕੇ ਹੀ ਬਚਾਅ ਕੀਤਾ ਜਾ ਸਕਦਾ ਹੈ। ਪੰਜਾਬ ਦੇ ਸਮੁੱਚੇ ਗਰੀਬਾਂ ਤੱਕ ਰਾਸ਼ਨ ਨਹੀਂ ਪਹੁੰਚ ਰਿਹਾ ਜਿਸ ਕਾਰਨ ਭੁੱਖਮਰੀ ਫੈਲਣ ਦਾ ਖਤਰਾ ਵਧ ਰਿਹਾ ਹੈ।

Real Estate