ਫਿਰੋਜ਼ਪੁਰ ਵਿਚ ਹੁਣ ਕੋਈ ਵੀ ਕੋਰੋਨਾ ਪੋਜ਼ਿਟਿਵ ਮਰੀਜ਼ ਨਹੀਂ : ਡਿਪਟੀ ਕਮਿਸ਼ਨਰ

426

ਫਿਰੋਜ਼ਪੁਰ ਦੇ ਕੋਰੋਨਾ ਮਰੀਜ਼ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਹਸਪਤਾਲ ਤੋਂ ਮਿਲੀ ਛੁੱਟੀ,

ਡੀਸੀ ਅਤੇ ਹੋਰ ਅਫ਼ਸਰਾਂ ਨੇ ਫ਼ੁਲ ਦੇ ਕੇ ਪਰਮਜੋਤ ਨੂੰ ਤੰਦਰੁਸਤ ਹੋਣ ਦੀ ਦਿੱਤੀ ਵਧਾਈ
ਫਿਰੋਜਪੁਰ,  30 ਅਪ੍ਰੈਲ ( ਬਲਬੀਰ ਸਿੰਘ ਜੋਸਨ) : ਫਿਰੋਜ਼ਪੁਰ ਜ਼ਿਲ੍ਹੇ ਵਿਚ ਆਏ ਪਹਿਲੇ ਕੋਰੋਨਾ ਪੋਜ਼ਿਟਿਵ ਮਰੀਜ਼ ਕਾਂਸਟੇਬਲ ਪਰਮਜੋਤ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਬੁੱਧਵਾਰ ਨੂੰ ਹਸਪਤਾਲ ਤੋਂ ਡਿਸਚਾਰਜ ਕਰ ਕੇ ਘਰ ਭੇਜਿਆ ਗਿਆ ਹੈ। ਹਸਪਤਾਲ ਤੋਂ ਬਾਹਰ ਨਿਕਲਣ ਤੇ ਕਾਂਸਟੇਬਲ ਪਰਮਜੋਤ ਤੇ ਡਿਪਟੀ ਕਮਿਸ਼ਨਰ ਸ੍ਰ: ਕੁਲਵੰਤ ਸਿੰਘ ਅਤੇ ਹੋਰ ਅਫ਼ਸਰਾਂ ਨੇ ਫੁੱਲਾਂ ਦੀ ਵਰਖਾ ਕੀਤੀ ਅਤੇ ਉਸ ਨੂੰ ਤੰਦਰੁਸਤ ਹੋਣ ਤੇ ਵਧਾਈ ਵੀ ਦਿੱਤੀ ਤੇ ਉਸ ਨੂੰ ਹਸਪਤਾਲ ਦੀ ਡਿਸਚਾਰਜ ਸਲਿਪ ਵੀ ਦਿਤੀ।
ਡਿਪਟੀ ਕਮਿਸ਼ਨਰ ਨੇ ਪਰਮਜੋਤ ਅਤੇ ਸਮੂਹ ਡਾਕਟਰੀ ਟੀਮ ਨੂੰ ਵਧਾਈ ਦਿੰਦੇ ਕਿਹਾ ਕਿ ਇਹ ਡਾਕਟਰਾਂ ਦੀ ਮਿਹਨਤ ਅਤੇ ਪਰਮਜੋਤ ਦੇ ਹੌਸਲੇ ਸਦਕਾ ਹੀ ਉਸ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਅਤੇ ਅੱਜ ਤੰਦਰੁਸਤ ਹੋਣ ਤੋਂ ਬਾਅਦ ਉਸ ਨੂੰ ਵਾਪਸ ਉਸ ਦੇ ਘਰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਰਮਜੋਤ ਦਾ 27 ਅਪ੍ਰੈਲ ਨੂੰ ਪਹਿਲਾ ਸੈਂਪਲ ਲਿਆ ਗਿਆ ਸੀ ਅਤੇ ਦੂਜਾ ਸੈਂਪਲ 28 ਅਪ੍ਰੈਲ ਨੂੰ ਲੈ ਕੇ ਫ਼ਰੀਦਕੋਟ ਮੈਡੀਕਲ ਕਾਲਜ ਜਾਂਚ ਲਈ ਭੇਜਿਆ ਗਿਆ ਸੀ ਅਤੇ ਦੋਵਾਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਅੱਜ ਉਸ ਨੂੰ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਗੱਲ ਦੀ ਸਾਨੂੰ ਸਾਰਿਆਂ ਨੂੰ ਖ਼ੁਸ਼ੀ ਹੈ ਕਿ ਹੁਣ ਫਿਰੋਜ਼ਪੁਰ ਜ਼ਿਲ੍ਹੇ ਵਿਚ ਕੋਈ ਵੀ ਕੋਰੋਨਾ ਪੋਜ਼ਿਟਿਵ ਮਰੀਜ਼ ਨਹੀਂ ਹੈ ਅਤੇ ਅਸੀਂ ਫਿਰ ਕੋਰੋਨਾ ਮੁਕਤ ਜ਼ਿਲ੍ਹਿਆਂ ਵਿਚ ਸ਼ਾਮਲ ਹਾਂ।
ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਨੇ ਇਸ ਮੌਕੇ ਸਿਹਤ ਵਿਭਾਗ ਦੇ ਮੁਲਾਜਮਾਂ ਅਤੇ ਅਫਸਰਾਂ ਦੀ ਹੌੰਸਲਾ ਅਵਜਾਹੀ ਕੀਤੀ ਜਿਹੜੇ ਅਗੇ ਆਕੇ ਕੋਰੋਨਾ ਵਾਇਰਸ ਦੇ ਖਿਲਾਫ ਆਪਣੀ ਜੰਗ ਲੜ ਰਹੇ ਹਣ। ਡਿਪਟੀ ਕਮਿਸ਼ਨਰ ਨੇ ਕਹਾ ਕਿ ਕੋਰੋਨਾ ਖਿਲਾਫ ਲੜ ਰਹੇ ਸਾਰੇ ਮੁਲਾਜਮ ਅਤੇ ਅਧਿਕਾਰੀ ਵਧਾਈ ਦੇ ਪਾਤਰ ਹਨ, ਜਿਨਾੰ ਦੀ ਦਿਨ-ਰਾਤ ਮਿਹਨਤ ਸਦਕਾ ਸਾਡਾ ਜਿਲਾ ਕੋਰੋਨਾ ਮੁਕਤ ਹੋ ਸਕਿਆ ਹੈ।
ਇਸ ਮੌਕੇ ਕਾਂਸਟੇਬਲ ਪਰਮਜੋਤ ਜਿਸ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲੀ ਹੈ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਹਸਪਤਾਲ ਵਿਚ ਆਈਸੋਲੇਸ਼ਨ ਦੌਰਾਨ ਡਾਕਟਰਾਂ ਵੱਲੋਂ ਪੂਰੀ ਚੰਗੀ ਤਰ੍ਹਾਂ ਉਸ ਦਾ ਖ਼ਿਆਲ ਰੱਖਿਆ ਗਿਆ ਹੈ, ਉਸ ਨੂੰ ਦਵਾਈ ਤੋਂ ਲੈ ਕੇ ਖਾਣੇ ਤੱਕ ਹਰ ਚੀਜ਼ ਸਮੇਂ ਤੇ ਅਤੇ ਵਧੀਆ ਮਿਲਦੀ ਰਹੀ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਵੀ ਅਫ਼ਸਰਾਂ ਦੇ ਉਸ ਨੂੰ ਫ਼ੋਨ ਆਉਂਦੇ ਰਹੇ ਹਨ ਅਤੇ ਉਸ ਦਾ ਹਾਲ-ਚਾਲ ਪੁੱਛਿਆ ਜਾਂਦਾ ਸੀ। ਪਰਮਜੋਤ ਨੇ ਸਮੂਹ ਡਾਕਟਰ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ।
ਸਿਵਿਲ ਸਰਜਨ ਡਾੱ. ਨਵਦੀਪ ਸਿੰਘ ਨੇ ਕਿਹਾ ਕਿ ਫਿਰੋਜਪੁਰ ਸਿਵਿਲ ਹਸਪਤਾਲ ਵਿਚ ਸਥਾਪਿਤ ਆਈਸੋਲੇਸ਼ਨ ਵਾਰਡ ਵਿਚ ਸਿਰਫ ਇਕ ਹੀ ਮਰੀਜ ਕਾਂਸਟੇਬਲ ਪਰਮਜੋਤ ਸਿੰਘ ਦਾਖਿਲ ਸੀ, ਜੋਕਿ ਕੋਰੋਨਾ ਮੁਕਤ ਹੋਣ ਤੋ ਬਾਅਦ ਅੱਜ ਹਸਪਤਾਲ ਵਿਚੋਂ ਡਿਸਚਾਰਜ ਹੋਕੇ ਘਰ ਜਾ ਰਿਹਾ ਹੈ। ਉਨਾੰ ਕਿਹਾ ਕਿ ਹਸਪਤਾਲ ਸਟਾਫ ਦੀ ਮਿਹਨਤ ਸਦਕਾ ਹੀ ਇਹ ਕਾਮਯਾਬੀ ਹਾਸਿਲ ਹੋ ਸਕੀ ਹੈ।

Real Estate