ਚੰਡੀਗੜ, 28 ਅਪ੍ਰੈਲ (ਜਗਸੀਰ ਸਿੰਘ ਸੰਧੂ) : ਤਖਤ ਸ੍ਰੀ ਹਜੂਰ ਸਾਹਿਬ ਨਾਂਦੇੜ (ਮਹਾਂਰਾਸਟਰ) ਤੋਂ ਲਿਆਂਦੇ ਸਿੱਖ ਸਰਧਾਲੂਆਂ ਵਿਚੋਂ ਕੁਝ ਦੀ ਜਾਂਚ ਰਿਪੋਰਟ ਕੋਰੋਨਾ ਪਾਜੇਟਿਵ ਆਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਕਿ ਹੁਣ ਬਾਹਰਲੇ ਸੂਬਿਆਂ ਤੋਂ ਪੰਜਾਬ ਵਿੱਚ ਆਉਣ ਵਾਲੇ ਹਰ ਵਿਅਕਤੀ ਦੀ ਕੋਰੋਨਾ ਜਾਂਚ ਕੀਤੀ ਜਾਵੇਗੀ ਅਤੇ ਹਰ ਵਿਅਕਤੀ ਨੂੰ 21 ਦਿਨ ਲਈ ਸਰਕਾਰ ਦੀ ਦੇਖਰੇਖ ਹੇਠ ਇਕਾਂਤਵਾਸ ਵਿੱਚ ਰਹਿਣਾ ਪਵੇਗਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਵੇਂ ਆਉਂਦੇ ਦਿਨਾਂ ਵਿੱਚ ਬੰਦਸ਼ਾਂ ਤੇ ਸਾਵਧਾਨੀਆਂ ਦੇ ਨਾਲ ਕੁਝ ਛੋਟਾਂ ਦੇਣ ਦੇ ਸੰਕੇਤ ਦਿੱਤੇ ਗਏ ਪਰ ਨਾਲ ਹੀ ਉਨ੍ਹਾਂ ਮੰਗਲਵਾਰ ਨੂੰ ਐਲਾਨ ਕੀਤਾ ਕਿ ਕੋਵਿਡ ਦੇ ਫੈਲਾਅ ਦੀ ਰੋਕਥਾਮ ਲਈ ਹੋਰਨਾਂ ਥਾਵਾਂ ਤੋਂ ਪੰਜਾਬ ਆਉਣ ਵਾਲੇ ਹਰੇਕ ਨਾਗਰਿਕ ਨੂੰ ਲਾਜ਼ਮੀ 21 ਦਿਨਾਂ ਦੇ ਏਕਾਂਤਵਾਸ ‘ਤੇ ਭੇਜਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਨਾਂਦੇੜ ਸਾਹਿਬ ਤੋਂ ਆਉਣ ਵਾਲੇ ਸ਼ਰਧਾਲੂਆਂ ਅਤੇ ਰਾਜਸਥਾਨ ਤੋਂ ਆਉਣ ਵਾਲੇ ਵਿਦਿਆਰਥੀਆਂ ਤੇ ਮਜ਼ਦੂਰਾਂ ਨੂੰ ਸਰਹੱਦ ਉਤੇ ਹੀ ਰੋਕ ਕੇ ਸਰਕਾਰੀ ਏਕਾਂਤਵਾਸ ਕੇਂਦਰਾਂ ਉਤੇ ਭੇਜਿਆ ਜਾਵੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ 21 ਦਿਨਾਂ ਲਈ ਉਹ ਦੂਜੇ ਲੋਕਾਂ ਨਾਲ ਘੁਲ-ਮਿਲ ਨਾ ਸਕਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਸਹਾਇਤਾ ਨਾਲ ਪਿਛਲੇ ਤਿੰਨ ਦਿਨਾਂ ਤੋਂ ਪਰਤ ਰਹੇ ਲੋਕਾਂ ਲਈ ਰਾਧਾ ਸੁਆਮੀ ਸਤਿਸੰਗ ਡੇਰਿਆਂ ਨੂੰ ਵੀ ਏਕਾਂਤਵਾਸ ਸਥਾਨ ਵਜੋਂ ਵਰਤਿਆ ਜਾਵੇਗਾ। ਵਰਨਣਯੋਗ ਹੈ ਕਿ ਪੰਜਾਬ ਸਰਕਾਰ ਲਗਪਗ 7000 ਲੋਕਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਲਗਪਗ 3500 ਸ਼ਰਧਾਲੂ ਸ੍ਰੀ ਹਜ਼ੂਰ ਸਾਹਿਬ ਵਿਖੇ ਫਸੇ ਹੋਏ ਸੀ, ਜਦੋਂਕਿ ਲੌਕਡਾਊਨ ਕਾਰਨ ਰਾਜਸਥਾਨ ‘ਚ 2800 ਮਜ਼ਦੂਰ ਫਸੇ ਹੋਏ ਸੀ। ਇਸ ਦੇ ਨਾਲ ਹੀ ਬਠਿੰਡਾ ਦੇ 153 ਵਿਦਿਆਰਥੀ ਰਾਜਸਥਾਨ ਦੇ ਕੋਟਾ ਤੋਂ ਆਏ ਹਨ। ਉਨ੍ਹਾਂ ਨੂੰ ਅਧਿਕਾਰਤ ਤੌਰ ‘ਤੇ ਕੁਆਰੰਟੀਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਤਖਤ ਸ੍ਰੀ ਹਜੂਰ ਸਾਹਿਬ ਨਾਂਦੇੜ (ਮਹਾਂਰਾਸਟਰ) ਤੋਂ ਲਿਆਂਦੇ ਸਾਰੇ ਸਰਧਾਲੂਆਂ ਵੀ ਵੱਖ-ਵੱਖ ਥਾਂਈ 14 ਦਿਨਾਂ ਲਈ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ।
ਤਖਤ ਸ੍ਰੀ ਹਜੂਰ ਸਾਹਿਬ ਨਾਂਦੇੜ (ਮਹਾਂਰਾਸਟਰ) ਤੋਂ ਲਿਆਂਦੇ ਸ਼ਰਧਾਲੂ :
ਜ਼ਿਲ੍ਹਾ ਸ਼ਰਧਾਲੂ ਕਿਥੇ ਇਕਾਂਤਵਾਸ ਰੱਖਿਆ
ਤਰਨਤਾਰਨ 74 ਖਡੂਰ ਸਾਹਿਬ
ਫਿਰੋਜ਼ਪੁਰ 50 ਘਰਾਂ ‘ਚ ਕੀਤਾ ਇਕਾਂਤਵਾਸ
ਹੁਸ਼ਿਆਰਪੁਰ 42 ਘਰਾਂ ‘ਚ ਕੀਤਾ ਇਕਾਂਤਵਾਸ
ਕਪੂਰਥਲਾ 25 ਸਿਵਲ ਹਸਪਤਾਲ ਅਤੇ ਗੁਰੂਦੁਆਰਾ ਸਾਹਿਬ
ਬਠਿੰਡਾ 21 ਸਰਕਾਰੀ ਸਕੂਲ
ਫਰੀਦਕੋਟ 20 ਸਰਕਾਰੀ ਸਕੂਲ
ਸੰਗਰੂਰ 14 ਘਰਾਂ ‘ਚ ਕੀਤਾ ਇਕਾਂਤਵਾਸ
ਫਾਜ਼ਿਲਕਾ 9 ਸਰਕਾਰੀ ਸਕੂਲ
ਰੂਪਨਗਰ 6 ਘਰਾਂ ‘ਚ ਕੀਤਾ ਇਕਾਂਤਵਾਸ
ਮੋਗਾ 3 ਬਾਘਾਪੁਰਾਣਾ
ਨਵਾਂਸ਼ਹਿਰ 2 ਘਰਾਂ ‘ਚ ਕੀਤਾ ਇਕਾਂਤਵਾਸ