ਜਦੋਂ ਮੀਡੀਆ ਸਾਹਮਣੇ “ਵੱਡੇ ਸਾਹਬ” ਨੇ ਪੁਲਿਸ ਅਫ਼ਸਰਾਂ ਦੀ ਲਾਈ ਕਲਾਸ

2189

ਕਰਫਿਊ ਦੌਰਾਨ ਠੇਕੇ ਤੋਂ ਵਿਕਦੀ “ਲਾਲਪਰੀ” ਦੀ ਸ਼ਿਕਾਇਤ ਨੇ ਕੀਤਾ ਪੁਲਸ ਖਾਣੇ ਦਾ ਸਵਾਦ ਕਿਰਕਿਰਾ

ਬਰਨਾਲਾ, 28 ਅਪ੍ਰੈਲ (ਨਿਰਮਲ ਸਿੰਘ ਪੰਡੋਰੀ) : ਪਿਛਲੇ ਦਿਨੀਂ ਪੁਲਿਸ ਥਾਣਾ ਮਹਿਲ ਕਲਾਂ ਵਿਖੇ ਪੁੱਜੇ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਸਾਹਮਣੇ ਪਿੰਡ ਕਲਾਲਾ ਦੇ ਵਸਨੀਕ ਸੀਨੀਅਰ ਕਾਂਗਰਸੀ ਆਗੂ ਸਰਪੰਚ ਰਣਜੀਤ ਸਿੰਘ ਰਾਣਾ ਨੇ ਪਿੰਡ ਦੇ ਠੇਕੇ ਤੋਂ ਕਰਫਿਊ ਦੌਰਾਨ ਸ਼ਰੇਆਮ ਵਿਕਦੀ ਸ਼ਰਾਬ ਦੀ ਸ਼ਿਕਾਇਤ ਕੀਤੀ ਤਾਂ “ਵੱਡੇ ਸਾਹਿਬ” ਦਾ ਪਾਰਾ ਇਕਦਮ ਅਸਮਾਨੀ ਚੜ੍ਹ ਗਿਆ ਅਤੇ ਉਨ੍ਹਾਂ ਮੌਕੇ ‘ਤੇ ਹੀ ਆਪਣੀ “ਸਿੰਘਮਤਾ” ਦਾ ਖ਼ੂਬ ਮੁਜ਼ਾਹਰਾ ਕੀਤਾ । ਜ਼ਿਕਰਯੋਗ ਹੈ ਕਿ ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਅਤੇ ਲੋਕਾਂ ਨੂੰ ਇਸ ਦੇ ਖ਼ਤਰੇ ਤੋਂ ਬਚਾਉਣ ਲਈ ਡਾਕਟਰਾਂ ਦੇ ਨਾਲ ਮੁੱਢਲੇ ਮੁਹਾਜ਼ ‘ਤੇ ਲੜਾਈ ਲੜ ਰਹੀ ਪੰਜਾਬ ਪੁਲਿਸ ਦੇ ਸਬ ਡਵੀਜਨ ਮਹਿਲਕਲਾਂ ਅਧੀਨ ਪੈਂਦੇ ਥਾਣਾ ਟੱਲੇਵਾਲ, ਮਹਿਲਕਲਾਂ ਅਤੇ ਠੁੱਲੀਵਾਲ ਦੇ ਪੁਲਸ ਮੁਲਾਜ਼ਮਾਂ ਲਈ ਸਪੈਸ਼ਲ ਖਾਣੇ ਦਾ ਆਯੋਜਨ ਕੀਤਾ ਗਿਆ ਸੀ , ਜਿਸ ਵਿੱਚ ਜ਼ਿਲ੍ਹਾ ਪੁਲੀਸ ਮੁਖੀ ਨੇ ਵੀ ਵਿਸ਼ੇਸ਼ ਸ਼ਿਰਕਤ ਕਰਕੇ ਆਪਣੇ ਪੁਲਸ ਮੁਲਾਜ਼ਮਾਂ ਨਾਲ “ਖਾਣੇ ਦੀ ਬੁਰਕੀ” ਸਾਂਝੀ ਕੀਤੀ।ਇਸ ਮੌਕੇ ਵੱਡੀ ਗਿਣਤੀ ‘ਚ ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਕਰਮੀ ਵੀ ਹਾਜ਼ਰ ਸਨ । ਇਸ ਸਮਾਗਮ ਦਾ ਉਦੇਸ਼ ਕਰੋਨਾ ਖ਼ਿਲਾਫ਼ ਲੜਾਈ ਲੜ ਰਹੇ ਪੁਲਿਸ ਮੁਲਾਜ਼ਮਾਂ ਵਿੱਚ ਅਹੁਦੇ ਦਾ ਭੇਦ ਭਾਵ ਖ਼ਤਮ ਕਰਨਾ ਸੀ ਤਾਂ ਜੋ ਸਾਰੇ ਪੁਲੀਸ ਮੁਲਾਜ਼ਮਾਂ ਵਿੱਚ ਇਕਜੁੱਟਤਾ ਬਣੀ ਰਹੇ ਅਤੇ ਕਰੋਨਾ ਖ਼ਿਲਾਫ਼ ਜੰਗ ਜਿੱਤੀ ਜਾ ਸਕੇ।ਪੁਲਿਸ ਮੁਲਾਜ਼ਮਾਂ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਇਸ ਖਾਣੇ ਦਾ ਸਵਾਦ ਹੋਮਗਾਰਡ ਮੁਲਾਜ਼ਮ, ਸਿਪਾਰੀ ਰੈਂਕ ਤੋਂ ਲੈ ਕੇ ਐਸਐਸਪੀ ਨੇ ਇੱਕੋ ਟੇਬਲ ‘ਤੇ ਬੈਠ ਕੇ ਲਿਆ ਪਰ ਇਸ ਖਾਣੇ ਦਾ ਸਵਾਦ ਸਥਾਨਕ ਪੁਲਿਸ ਮੁਲਾਜ਼ਮਾਂ ਲਈ ਉਸ ਵੇਲੇ “ਕਿਰਕਰਾ” ਹੋ ਗਿਆ ਜਦ ਐੱਸਐੱਸਪੀ ਦੀ ਰਵਾਨਗੀ ਮੌਕੇ ਸਰਪੰਚ ਰਾਣਾ ਨੇ ਅੱਗੇ ਹੋ ਕੇ ਪਿੰਡ ‘ਚ ਸ਼ਰਾਬ ਦੇ ਠੇਕੇ ਤੋਂ ਕਰਫਿਊ ਦੌਰਾਨ ਸ਼ਰੇਆਮ ਵਿਕਦੀ “ਲਾਲਪਰੀ” ਦੀ ਸ਼ਿਕਾਇਤ ਕਰ ਦਿੱਤੀ।ਵਿਸ਼ੇਸ਼ ਖਾਣੇ ਦੇ ਚੰਗੇ ਪ੍ਰਬੰਧਾਂ ਲਈ ਸਥਾਨਕ ਪੁਲਸ ਅਫਸਰਾਂ ਦੀ ਪਿੱਠ ਥਾਪੜਨ ਵਾਲੇ “ਵੱਡੇ ਸਾਹਬ” ਦਾ ਪਾਰਾ ਸਰਪੰਚ ਰਾਣੇ ਦੀ ਸ਼ਿਕਾਇਤ ਤੋਂ ਬਾਅਦ ਇਕਦਮ ਵਧ ਗਿਆ ਤੇ ਫਿਰ ਵੱਡੇ ਸਾਹਬ ਨੇ ਮੀਡੀਆ ਦੇ ਸਾਹਮਣੇ ਹੀ ਆਪਣੇ ਅਫਸਰਾਂ ਦੀ ਕਲਾਸ ਲਗਾ ਦਿੱਤੀ।ਕਰਫਿਊ ਦੌਰਾਨ ਠੇਕੇ ਤੋਂ ਵਿਕਦੀ ਸ਼ਰਾਬ ਦੀ ਸ਼ਿਕਾਇਤ ਸੁਣ ਕੇ ਵੱਡੇ ਸਾਹਬ ਨੇ ਆਪਣੇ ਸਥਾਨਕ ਪੁਲਸ ਅਫਸਰਾਂ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ “ਇਹ ਤੁਹਾਡੀ ਕੁਰਪਸ਼ਨ ਦਾ ਮਾਮਲਾ ਹੈ”…ਤੇ ਨਾਲ ਹੀ ਸਖਤੀ ਨਾਲ ਕਿਹਾ ਕਿ ਅਜਿਹੀ ਸ਼ਿਕਾਇਤ ਦੁਬਾਰਾ ਨਹੀਂ ਮਿਲਣੀ ਚਾਹੀਦੀ। ਸਰਪੰਚ ਦੀ ਸ਼ਿਕਾਇਤ ਤੋਂ ਬਾਅਦ ਵੱਡੇ ਸਾਹਬ ਦੇ ਹਾਵ ਭਾਵ ਅਤੇ ਸਥਾਨਕ ਪੁਲਸ ਅਫਸਰਾਂ ਦੇ ਚਿਹਰੇ ਦਾ ਰੰਗ ਵੇਖ ਕੇ ਮੌਕੇ ‘ਤੇ ਹਾਜ਼ਰ ਕੁੱਝ ਮੀਡੀਆ ਕਰਮੀਆਂ ਨੇ ਤਨਜ਼ ਕੱਸਿਆ ਕਿ “ਲਾਲਪਰੀ ਦੇ ਜਿਕਰ ਨੇ ਖਾਣੇ ਦਾ ਸੁਆਦ ਵਿਗਾੜ ਦਿੱਤਾ” ਤਾਂ ਅੱਗੋਂ ਇੱਕ ਪੁਲਸ ਅਧਿਕਾਰੀ ਨੇ ਵੀ ਮੀਸਣਾ ਜਿਹਾ ਜਵਾਬ ਦਿੰਦਿਆਂ ਕਿਹਾ ‘ਹੋਰ ਯਾਰ ! ਪਤਾ ਨਹੀਂ ਕਿਧਰੋਂ ਆ ਗਿਆ ਇਹ ਸਰਪੰਚ, ਸਾਰਾ ਕੀਤਾ ਕਰਾਇਆ ਈ ਖੇਹ ਕਰ ਗਿਆ”।

Real Estate