ਲਾਕਡਾਊਨ ‘ਚ ਵਾਧੇ, ਪਰ ਪੰਜਾਬ ਦੇ 9 ਜਿਲਿਆਂ ‘ਚ ਕੁਝ ਸਰਤਾਂ ਤਹਿਤ ਢਿੱਲ ਮਿਲਣ ਦੇ ਆਸਾਰ

13418

ਚੰਡੀਗੜ, 27 ਅਪ੍ਰੈਲ (ਜਗਸੀਰ ਸਿੰਘ ਸੰਧੂ) : ਲਾਕਡਾਊਨ ਵਧਾਉਣ ਜਾਂ ਖਤਮ ਕਰਨ ਸਬੰਧੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਕੀਤੀ ਵੀਡੀਓ ਕਾਨਫਰੰਸਿੰਗ ਤੋਂ ਬਾਅਦ ਸੰਕੇਤ ਦਿੱਤੇ ਹਨ ਕਿ ਕੁਝ ਰਿਆਇਤਾਂ ਦੇ ਨਾਲ ਇੱਕ ਵਾਰ ਫਿਰ ਲੌਕਡਾਊਨ ‘ਚ ਵਾਧਾ ਕੀਤਾ ਜਾ ਸਕਦਾ ਹੈ, ਹਾਂਲਾਕਿ ਇਸ ਵਿਡੀਓ ਕਾਨਫਰੰਸਿਗ ਰਾਹੀਂ ਹੋਈ ਮੀਟਿੰਗ ਵਿੱਚ ਹਿਮਾਚਲ ਪ੍ਰਦੇਸ਼ ਅਤੇ ਮੇਘਾਲਿਆ ਨੂੰ ਛੱਡ ਕੇ ਬਾਕੀ ਸਾਰੇ ਹੀ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਪ੍ਰਧਾਨ ਮੰਤਰੀ ਨੂੰ ਲਾਕਡਾਊਨ ਖਤਮ ਕਰਨ ਦੀ ਸਲਾਹ ਦਿੱਤੀ ਹੈ। ਲਾਕਡਾਊਨ ਖਤਮ ਕਰਨ ਜਾਂ ਵਧਾਉਣ ਸਬੰਧੀ ਸਾਰੇ ਹੀ ਮੁੱਖ ਮੰਤਰੀਆਂ ਨੇ ਅੰਤਮ ਫੈਸਲੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਧਿਕਾਰ ਦਿੱਤੇ ਹਨ, ਜੋ 2 ਮਈ ਨੂੰ ਇਸ ‘ਤੇ ਕੋਈ ਫੈਸਲਾ ਕਰ ਸਕਦੇ ਹਨ।
ਉਧਰ ਪੰਜਾਬ ਦੇ ਵਿਧਾਇਕਾਂ ਤੇ ਮੰਤਰੀਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜੇ ਆਪੋ ਆਪਣੇ ਸੁਝਾਵਾਂ ‘ਚ ਕੁਝ ਸ਼ਰਤਾਂ ਤਹਿਤ ਕਾਰੋਬਾਰ ਤੇ ਦੁਕਾਨਾਂ ਖੋਲਣ ਦੀ ਆਗਿਆ ਦੇਣ ਦੀ ਗੱਲ ਕੀਤੀ ਹੈ। ਕਈ ਮੰਤਰੀਆਂ ਦਾ ਕਹਿਣਾ ਹੈ ਕਿ ਕਰਫ਼ਿਊ ਦੀ ਛੋਟ ਉੱਥੇ ਦੇਣੀ ਚਾਹੀਦੀ ਹੈ, ਜਿੱਥੇ ਫਿਲਹਾਲ ਕੋਈ ਕੇਸ ਸਾਹਮਣੇ ਨਹੀਂ ਆਇਆ ਤੇ ਜਿਸ ਖੇਤਰ ਨੂੰ ਗਰੀਨ ਜ਼ੋਨ ‘ਚ ਰੱਖਿਆ ਗਿਆ ਹੈ। ਮਸਲਨ ਪੰਜਾਬ ਦੇ ਤਿੰਨ ਜਿਲੇ ਬਠਿੰਡਾ, ਫਾਜ਼ਿਲਕਾ ਤੇ ਤਰਨਤਾਰਨ ਗਰੀਨ ਜ਼ੋਨ ‘ਚ ਹਨ, ਤਾਂ ਉਥੇ ਸਰਕਾਰ ਨੂੰ ਦੁਕਾਨਾਂ ਤੇ ਹੋਰ ਸੰਸਥਾਵਾਂ ਖੋਲਣ ਦੀ ਆਗਿਆ ਦੇ ਦੇਣੀ ਚਾਹੀਦੀ ਹੈ। ਇਸੇ ਤਰਾ ਬਰਨਾਲਾ, ਗੁਰਦਾਸਪੁਰ, ਰੋਪੜ, ਕਪੂਰਥਲਾ, ਮੋਗਾ ਤੇ ਫਤਹਿਗੜ ਸਾਹਿਬ ਜਿਲਿਆਂ ਵਿੱਚ ਵੀ ਫਿਲਹਾਲ ਕੋਰੋਨਾ ਦਾ ਕੋਈ ਐਕਟਿਵ ਕੇਸ ਨਹੀਂ ਹੈ, ਪਰ ਜਲੰਧਰ, ਪਠਾਨਕੋਟ, ਪਟਿਆਲਾ, ਮੁਹਾਲੀ ਤੇ ਲੁਧਿਆਣਾ ਇਸ ਸਮੇਂ ਕੋਰੋਨਾ ਦੇ ਹੌਟ-ਸਪੌਟ ਬਣੇ ਹੋਏ ਹਨ। ਇਸ ਲਈ ਪੰਜਾਬ ਦੇ ਵਿਧਾਇਕਾਂ ਤੇ ਮੰਤਰੀਆਂ ਦੀ ਸਲਾਹ ‘ਤੇ ਸੰਭਾਵਨਾ ਬਣੀ ਹੋਈ ਹੈ ਕਿ ਕੈਪਟਨ ਸਰਕਾਰ ਆਉਂਦੇ ਦਿਨਾਂ ਵਿੱਚ ਜੇਕਰ ਸਥਿਤੀ ਠੀਕ ਰਹਿੰਦੀ ਹੈ ਤਾਂ ਬਠਿੰਡਾ, ਫਾਜ਼ਿਲਕਾ, ਤਰਨਤਾਰਨ, ਬਰਨਾਲਾ, ਗੁਰਦਾਸਪੁਰ, ਰੋਪੜ, ਕਪੂਰਥਲਾ, ਮੋਗਾ ਤੇ ਫਤਹਿਗੜ ਸਾਹਿਬ ਜਿਲਿਆਂ ਵਿੱਚ ਕੁੱਝ ਸਰਤਾਂ ਤਹਿਤ ਕਰਫਿਊ ‘ਚ ਢਿੱਲ ਦੇ ਸਕਦੀ ਹੈ।

Real Estate