ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਕੀਤੇ ਜਾਣਗੇ ਝੰਡੇ ਝੁਲਾਕੇ ਰੋਸ ਪ੍ਰਦਰਸ਼ਨ

807

 ਚੰਡੀਗੜ, 27 ਅਪ੍ਰੈਲ (ਜਗਸੀਰ ਸਿੰਘ ਸੰਧੂ) : 9 ਖੱਬੇਪੱਖੀ ਜੱਥੇਬੰਦੀਆਂ ‘ਤੇ ਅਧਾਰਿਤ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਕੋਰੋਨਾ ਮਹਾਂਮਾਰੀ ਦੀ ਆੜ ਹੇਠ ਮਜ਼ਦੂਰਾਂ ਉੱਪਰ ਦਮਨਕਾਰੀ ਅਤੇ ਜਮਹੂਰੀ ਹੱਕਾਂ ਉੱਪਰ ਹਮਲਿਆਂ ਵਿਰੁੱਧ ਪਹਿਲੀ ਮਈ ਨੂੰ ਮਜ਼ਦੂਰ ਦਿਵਸ ਮੌਕੇ ਸਰੀਰਕ ਦੂਰੀ ਅਤੇ ਹੋਰ ਸਾਵਧਾਨੀਆਂ ਵਰਤਦਿਆਂ ਸਵੇਰੇ 8 ਤੋਂ 10 ਵਜੇ ਤੱਕ ਝੰਡੇ ਝੁਲਾਉਕੇ, ਮੁਹੱਲਿਆਂ ‘ਚ ਨਾਅਰੇ ਲਾਉਂਦਿਆਂ ਅਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਹ ਫੈਸਲਾ ਫਰੰਟ ਵਿੱਚ ਸ਼ਾਮਿਲ ਸਾਥੀਆਂ ਦੀ ਸਾਂਝੀ ਬੈਠਕ ਵਿੱਚ ਲਿਆ ਗਿਆ। ਇਹ ਫੈਸਲਾ ਮੀਟਿੰਗ ਵਿੱਚ ਲਾਕਡਾਊਨ ਦੇ ਚਲਦਿਆਂ ਨਾਂ ਪਹੁੰਚ ਸਕੇ ਸਾਥੀਆਂ ਨਾਲ ਫੋਨ ਰਾਹੀਂ ਗੱਲਬਾਤ ਕਰਕੇ ਸਹਿਮਤੀ ਨਾਲ ਲਿਆ ਗਿਆ। ਇਨ•ਾਂ ਹੋਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਸੂਬਾਈ ਆਗੂ ਨਰਾਇਣ ਦੱਤ ਨੇ ਦੱਸਿਆ ਕਿ ਹਾਲਤਾਂ ਦਾ ਫਾਇਦਾ ਲੈਂਦਿਆਂ ਸਰਕਾਰ ਬਹੁਕੌਮੀ ਕਾਰਪੋਰੇਸ਼ਨਾਂ ਦੇ ਹੱਕ ‘ਚ ਭੁਗਤਣ ਲਈ ਮਜ਼ਦੂਰਾਂ ਦੇ ਕੰਮ ਦੇ ਘੰਟੇ ਵਧਾ ਰਹੀ ਹੈ । ਕਿਰਤ ਕਾਨੂੰਨਾਂ ‘ਚ ਮਜ਼ਦੂਰ ਵਿਰੋਧੀ ਸੋਧਾਂ ਕੀਤੀਆਂ ਜਾ ਰਹੀਆਂ ਹਨ। ਸਰਕਾਰ ਦਾ ਵਿਰੋਧ ਕਰਨ ਵਾਲਿਆਂ, ਵੱਖਰੀ ਰਾਇ ਰੱਖਣ ਵਾਲਿਆਂ ਸਿਆਸੀ ਕਾਰਕੁੰਨਾਂ, ਲੇਖਕਾਂ, ਬੁੱਧੀਜੀਵੀਆਂ ਅਤੇ ਪੱਤਰਕਾਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ ਅਤੇ ਉਹਨਾਂ ਦੇ ਖ਼ਿਲਾਫ਼ ਨਫ਼ਰਤੀ ਪ੍ਰਚਾਰ ਕਰਕੇ ਉਹਨਾਂ ਨੂੰ ਦੇਸ਼-ਧ੍ਰੋਹੀ ਹੋਣ ਦਾ ਅਕਸ ਬਣਾਇਆ ਜਾ ਰਿਹਾ ਹੈ। ਤਾਲਾਬੰਦੀ ਕਾਰਨ ਭੁੱਖੇ ਬੇਰੁਜ਼ਗਾਰ ਲੋਕ ਹਜ਼ਾਰਾਂ ਮੀਲਾਂ ਦੀ ਦੂਰੀ ਤੋਂ ਆਪਣਿਆਂ ਸੂਬਿਆਂ, ਪਿੰਡਾਂ ਵੱਲ ਨੂੰ ਜਾਣ ਲਈ ਤਰਸ ਰਹੇ ਹਨ ਅਤੇ ਕਈ ਇਹਨਾਂ ਮੁਸ਼ਕਲ ਹਾਲਤਾਂ ਵਿੱਚ ਪੈਦਲ ਹੀ ਚੱਲਣ ਕਾਰਨ ਸੂਬਿਆਂ ਦੀਆਂ ਹੱਦਾਂ ਉੱਪਰ ਦੁਸ਼ਵਾਰੀਆਂ ਦਾ ਸਾਹਮਣਾ ਕਰ ਰਹੇ ਹਨ। ਫਰੰਟ ਦੇ ਆਗੂਆਂ ਨੇ ਲੋਕਾਂ ਨੂੰ ਪਹਿਲੀ ਮਈ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਸੱਦਾ ਦਿੰਦਿਆਂ ਲੁੱਟ ਅਧਾਰਿਤ ਸਮਾਜ ਜੋ ਕਾਰਪੋਰੇਟ ਪੱਖੀ ਅਤੇ ਲੋਕ ਵਿਰੋਧੀ ਨੀਤੀਆਂ ਕਰਕੇ ਜਿਸਨੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ ਨੂੰ ਬਦਲਣ ਲਈ ਵਿਸ਼ਾਲ ਲਾਮਬੰਦੀ ਅਤੇ ਸੰਘਰਸ਼ ਦਾ ਸੱਦਾ ਦਿੱਤਾ ਤਾਂ ਜੋ ਬਰਾਬਰੀ, ਜਮਹੂਰੀਅਤ ਪੱਖੀ ਅਤੇ ਸਹੀ ਅਰਥਾਂ ਵਿੱਚ ਧਰਮ-ਨਿਰਪੱਖ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਪਹਿਲੀ ਮਈ ਵਾਲੇ ਦਿਨ ਪਿੰਡਾਂ/ਕਸਬਿਆਂ/ਸ਼ਹਿਰਾਂ ਵਿੱਚ ਮਜਦੂਰ-ਕਿਸਾਨ-ਮੁਲਾਜਮ ਆਪੋ ਆਪਣੀਆਂ ਜਥੇਬੰਦੀਆਂ ਦੇ ਝੰਡੇ ਝੁਲਾਕੇ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਨਗੇ ਅਤੇ ਬਰਨਾਲਾ ਸ਼ਹਿਰ ਵਿੱਚ ਸਾਂਝੇ ਤੌਰ ਤੇ ਇੱਕ ਥਾਂ’ਤੇ ਇਕੱਤਰ ਹੋਕੇ ਹਾਲਤਾਂ ਅਨੁਸਾਰ ਝੰਡਾ ਰਸਮ ਕਰਕੇ ਫਾਸ਼ੀਵਾਦੀ ਹਮਲੇ ਵਿਰੋਧੀ ਫਰੰਟ ਦੀ ਅਗਵਾਈ ਹੇਠ ਬਾ ਜਾਬਤਾ ਸਮਾਗਮ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਕਰਮਜੀਤ ਬੀਹਲਾ, ਖੁਸ਼ੀਆ ਸਿੰਘ, ਖੁਸ਼ਮੰਦਰਪਾਲ, ਰਾਜੀਵ ਕੁਮਾਰ, ਸੋਹਣ ਸਿੰਘ ਮਾਝੀ, ਅਨਿਲ ਕੁਮਾਰ, ਗੁਰਪ੍ਰੀਤ ਰੂੜੇਕੇ ਅਤੇ ਚਰਨਜੀਤ ਕੌਰ ਸ਼ਾਮਿਲ ਹੋਏ।

Real Estate