ਕਰੋਨਾ ਮੁਕਤ ਹੋਇਆ ਵੁਹਾਨ – ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਜ਼ੀਰੋ ਹੋਈ

1145

ਚੀਨ ਦੇ ਜਿਸ ਸ਼ਹਿਰ ਵੁਹਾਨ ਤੋਂ ਕਰੋਨਾਵਾਇਰਸ ਦੀ ਸੁਰੂਆਤ ਹੋਈ ਸੀ ਹੁਣ ਉੱਥੋਂ ਦੇ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਜ਼ੀਰੋ ਹੋ ਗਈ ਹੈ। ਚੀਨ ਦੇ ਸਿਹਤ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ । ਉਹਨਾਂ ਨੇ ਦੱਸਿਆ ਕਿ ਹੁਬੇਈ ਰਾਜ ਦੀ ਰਾਜਧਾਨੀ ਵੁਹਾਨ ਦੇ ਹਸਪਤਾਲਾਂ ਵਿੱਚ ਹੁਣ ਕੋਈ ਵੀ ਕਰੋਨਾ ਦਾ ਮਰੀਜ਼ ਦਾਖਿਲ ਨਹੀਂ ਹੈ। ਉੱਥੋਂ ਅੱਠ ਅਪ੍ਰੈਲ ਨੂੰ 76 ਦਿਨਾਂ ਬਾਅਦ ਲੌਕਡਾਊਨ ਹਟਾਇਆ ਗਿਆ ।
ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਦੇ ਬੁਲਾਰੇ ਮਿ ਫੇਂਗ ਨੇ ਬੀਜਿੰਗ ਵਿੱਚ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਮੈਡੀਕਲ ਵਰਕਰ ਦੀਆਂ ਸਖਤ ਕੋਸਿਸ਼ਾਂ ਅਤੇ ਲੋਕਾਂ ਦੀ ਮਿਹਨਤ ਨਾਲ ਇਹ ਟੀਚਾ ਹਾਸਲ ਹੋ ਸਕਿਆ । ਵੁਹਾਨ ਵਿੱਚੋਂ ਆਖਰੀ ਮਰੀਜ਼ ਵੀ ਸੁੱਕਰਵਾਰ ਨੂੰ ਠੀਕ ਹੋਇਆ।
ਅਧਿਕਾਰੀਆਂ ਨੇ ਦੱਸਿਆ ਕਿ ਹੁਬੇਈ ਸੂਬੇ ਵਿੱਚ ਹੁਣ 50 ਤੋਂ ਵੀ ਘੱਟ ਮਰੀਜ਼ ਰਹਿ ਗਏ ਹਨ। ਇੱਥੇ ਪਿਛਲੇ 20 ਦਿਨਾਂ ਵਿੱਚ ਕੋਈ ਲਾਗ ਦਾ ਮਰੀਜ਼ ਨਹੀਂ ਆਇਆ । ਚੀਨ ਵਿੱਚ ਪਿਛਲੇ 24 ਘੰਟਿਆਂ ਵਿੱਚ 11 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਵਿੱਚੋਂ 5 ਮਰੀਜ਼ ਬਾਹਰ ਦੇ ਸਨ , ਜਦਕਿ 6 ਮਰੀਜ਼ ਲੋਕਲ ਟ੍ਰਾਂਸਮਿਸ਼ਨ ਦੇ ਸਨ। 5 ਮਰੀਜ਼ਾਂ ਨੂੰ ਹੇਈਲੌਂਗਜਿਯਾਂਗ ਸੂਬੇ ਵਿੱਚ ਭਰਤੀ ਕਰਾਇਆ ਗਿਆ ਹੈ। ਚੀਨ ਦਾ ਸੂਬਾ ਰੂਸ ਨਾਲ ਲੱਗਦਾ ਹੈ। ਇੱਥੋਂ ਦੀ ਰਾਜਥਾਨੀ ਹਾਬਿਨ ਅਤੇ ਇੱਕ ਹੋਰ ਸ਼ਹਿਰ ਸੁਈਫੇਨੇ ਵਿੱਚ ਮਰੀਜ਼ ਤੇਜ਼ੀ ਨਾਲ ਵਧੇ ਹਨ। ਜਿਸ ਮਗਰੋਂ ਰੂਸ ਦੀ ਸਰਹੱਦ ਨੂੰ ਬੰਦ ਕਰ ਦਿੱਤਾ ਗਿਆ ਹੈ। ਪਿਛਲੇ 11 ਦਿਨਾਂ ਵਿੱਚ ਚੀਨ ਵਿੱਚ ਇੱਕ ਵੀ ਮੌਤ ਨਹੀਂ ਹੋਈ । ਚੀਨ ਵਿੱਚ ਹੁਣ ਤੱਕ ਕੁੱਲ੍ਹ 82 ਹਜ਼ਾਰ ਮਾਮਲੇ ਸਾਹਮਣੇ ਆਏ ਹਨ , ਜਿੰਨ੍ਹਾਂ ਵਿੱਚੋਂ 4632 ਲੋਕਾਂ ਦੀ ਮੌਤ ਹੋ ਚੁੱਕੀ ਹੈ।

Real Estate