17 ਸਾਲ ਦੀ ਮਾਸੂਮ ਨਾਲ ਬਲਾਤਕਾਰ , ਪੀੜਤ ਨੇ ਖੁਦਕਸ਼ੀ ਕੀਤੀ , ਪੰਚਾਇਤ ਨੇ ਮੂੰਹ ਕਾਲਾ ਕਰਕੇ ਦੋਸ਼ੀਆਂ ਨੂੰ 5-5 ਛਿੱਤਰ ਮਾਰ ਕੇ ਛੱਡਿਆ

1089

ਉਤਰਪ੍ਰਦੇਸ਼ ਦੇ ਅਲੀਗੜ੍ਹ ਜਿਲ੍ਹੇ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਮਾਸੂਮ ਕੁੜੀ ਦੀ ਇੱਜ਼ਤ ਦਾ ਮੁੱਲ ਪੰਚਾਇਤ ਨੇ ਸਿਰਫ਼ ਪੰਜ ਛਿੱਤਰ ਪਾਇਆ। ਪੰਚਾਇਤ ਨੇ ਦੋਸ਼ੀਆਂ ਨੂੰ ਪੰਜ-ਪੰਜ ਛਿੱਤਰ ਮਰਵਾਏ ਅਤੇ ਮੂੰਹ ਕਾਲਾ ਕਰਕੇ ਛੱਡ ਦਿੱਤਾ । ਪਰ ਪੰਚਾਇਤ ਦੇ ਫੁਰਮਾਨ ਤੋਂ ਦੁਖੀ ਹੋ ਕੇ ਪੀੜਤਾ ਨੇ ਘਰ ਵਿੱਚ ਆ ਕੇ ਫਾਹਾ ਲੈ ਲਿਆ। ਪੁਲੀਸ ਨੇ ਹੁਣ ਮੁਲਜਿ਼ਮਾਂ ਦੇ ਖਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਹੈ ਅਤੇ ਪੰਚਾਇਤ ਵਿਰੁੱਧ ਵੀ ਕਾਰਵਾਈ ਕਰਨ ਦੀ ਗੱਲ ਆਖੀ ਹੈ।
ਦਾਦੋਂ ਇਲਾਕੇ ਦੇ ਇੱਕ ਪਿੰਡ ਦੀ ਵਸਨੀਕ 17 ਸਾਲ ਲੜਕੀ ਦੀ 23 ਅਪ੍ਰੈਲ ਨੂੰ ਸਵੇਰੇ ਖੇਤ ਵਿੱਚ ਹਾਜ਼ਤ ਲਈ ਗਈ ਸੀ । ਘਰ ਵਾਪਸ ਮੁੜਦੇ ਸਮੇਂ ਪਿੰਡ ਦੇ ਦੋ ਵਿਅਕਤੀਆਂ ਨੇ ਉਸਨੂੰ ਦਬੋਚ ਲਿਆ ਅਤੇ ਜਿ਼ਆਦਤੀ ਕੀਤੀ। ਫਿਰ ਉਹ ਦੋਵੇ ਫਰਾਰ ਹੋ ਗਏ। ਹਾਲਾਂਕਿ ਪੀੜਤ ਕੁੜੀ ਦੇ ਪਰਿਵਾਰ ਦਾ ਦੋਸ਼ ਹੈ ਕਿ ਜਿ਼ਆਦਤੀ ਕਰਨ ਵਾਲੇ 5 ਵਿਅਕਤੀ ਸਨ । ਵਾਰਦਾਤ ਤੋਂ ਬਾਅਦ ਪੀੜਤ ਕੁੜੀ ਨਿਰਵਸਤਰ ਹੀ ਘਰ ਪਹੁੰਚੀ ਸੀ , ਜਿਸਨੂੰ ਦੇਖ ਕੇ ਘਰ ਵਾਲੇ ਹੈਰਾਨ ਰਹਿ ਗਏ। ਕੁੜੀ ਨੇ ਸਾਰੀ ਵਿਥਿਆ ਮਾਪਿਆਂ ਨੂੰ ਦੱਸੀ ।
ਮਾਮਲਾ ਪੁਲੀਸ ਤੱਕ ਪਹੁੰਚਦਾ ਕੁਝ ਲੋਕ ਇਸਨੂੰ ਦਬਾਉਣ ਵਿੱਚ ਜੁੱਟ ਗਏ। ਫਿਰ ਪੰਚਾਇਤ ਬੁਲਾਈ ਗਈ। ਪੀੜਤ ਕੁੜੀ ਨੂੰ ਵੀ ਸੱਦਿਆ ਗਿਆ । ਪਿੰਡ ਦੇ ਘੜੰਮ ਚੌਧਰੀਆਂ ਨੇ ਨਿਰਣਾ ਲਿਆ ਕਿ ਬਲਾਤਕਾਰੀ ਦੋਵੇ ਵਿਅਕਤੀਆਂ ਨੂੰ ਕੁੜੀ ਪੰਜ-ਪੰਜ ਛਿੱਤਰ ਮਾਰੇ। ਪੰਚਾਇਤ ਦੇ ਫੈਸਲੇ ਅੱਗੇ ਬੇਵੱਸ ਕੁੜੀ ਨੇ ਇਸ ਤਰ੍ਹਾਂ ਹੀ ਕੀਤਾ। ਫਿਰ ਦੋਵਾਂ ਦੇ ਮੂੰਹ ਕਾਲੇ ਕਰਕੇ ਭਵਿੱਖ ਅਜਿਹੀ ਹਰਕਤ ਨਾ ਕਰਨ ਦੀ ਚੇਤਾਵਨੀ ਦੇ ਛੱਡ ਦਿੱਤਾ ਗਿਆ।
ਦੋਸ਼ ਹੈ ਕਿ ਪੀੜਤ ਕੁੜੀ ਜਦੋਂ ਪੰਚਾਇਤ ਵਿੱਚੋਂ ਵਾਪਸ ਆਪਣੇ ਘਰ ਜਾ ਰਹੀ ਸੀ ਤਾਂ ਬਲਾਤਕਾਰੀਆਂ ਨੇ ਉਸਨੂੰ ਰਾਹ ਵਿੱਚ ਰੋਕ ਕੇ ਮਾਰਨ ਦੀ ਧਮਕੀ ਦਿੱਤੀ ਅਤੇ ਇਤਰਾਜ਼ਯੋਗ ਗੱਲਾਂ ਆਖੀਆਂ । ਇਸ ਤੋਂ ਪ੍ਰੇਸ਼ਾਨ ਹੋ ਕੇ ਉਸਨੇ ਘਰ ਵਿੱਚ ਫਾਹਾ ਲੈ ਕੇ ਜਾਨ ਦੇ ਦਿੱਤੀ ।
ਪੁਲੀਸ ਹੁਣ ਬਲਾਤਕਾਰੀਆਂ ਸਮੇਤ ਪੰਚਾਇਤ ਖਿਲਾਫ਼ ਵੀ ਕਾਰਵਾਈ ਕਰਨ ਦੀ ਗੱਲ ਆਖ ਰਹੀ ਹੈ।

Real Estate