ਕੋਰੋਨਾ ਮਗਰੋਂ, ਕਾਸ਼! ਅਜਿਹਾ ਹੋ ਜਾਵੇ   /      ਸੰਜੀਵਨ ਸਿੰਘ

693
ਸੰਜੀਵਨ ਸਿੰਘ

 94174-60656

ਵੈਸੇ ਤਾਂ ਸੁਪਨਿਆਂ ਦਾ ਮਰ ਜਾਣਾ ਵੀ ਖਤਰਨਾਕ ਹੁੰਦਾ ਹੈ ਪਰ ਵਿਸ਼ਵਾਸ਼ ਦਾ ਤਿੜਕ ਜਾਣਾ, ਭਰੋਸੇ ਦਾ ਟੁੱਟ ਜਾਣਾ ਵੀ ਘੱਟ ਖਤਰਨਾਕ ਨਹੀਂ ਹੁੰਦਾ।ਇਕ ਚੈਨਲ, ਮਨੁੱਖ ਵੱਲੋਂ ਆਪੇ ਸਹੇੜੀ ਕੋਰੋਨਾ ਵਰਗੀ ਸਭ ਤੋਂ ਭਿਅੰਕਰ ਤੇ ਖ਼ਤਰਨਾਕ ਬਿਪਤਾ ਦਾ ਮਨੁੱਖੀ ਪਲਾਜ਼ਮਾ ਰਾਹੀ ਇਲਾਜ਼ ਦਾ ਜ਼ਿਕਰ ਵਾਰ ਵਾਰ ਕਰ ਰਿਹਾ ਸੀ।ਉਸ ਚੈਨਲ ਦੇ ਅਨੁਸਾਰ ਅਮਰੀਕਾ, ਇੰਗਲੈਂਡ, ਕੇਨੈਡਾ ਅਤੇ ਯੂਰਪ ਦੇ ਹੋਰ ਮੁਲਕਾਂ ਤੋਂ ਇਲਾਵਾ ਭਾਰਤ ਵਿਚ ਕੇਰਲਾ ਤੇ ਪੰਜਾਬ ਵਿਚ ਪਲਾਜ਼ਮਾ ਰਾਹੀਂ ਕੋਰੋਨਾ ਦੇ ਇਲਾਜ਼ ਦੇ ਯਤਨ ਆਰੰਭੇ ਹੋ ਚੁੱਕੇ ਹਨ।ਇਹ ਪਲਾਜ਼ਮਾ ਕੋਰੋਨਾ ਦੀ ਬਿਮਾਰੀ ਤੋਂ ਉੱਭਰ ਚੁੱਕੇ ਮਰੀਜ਼ਾਂ ਦੇ ਖ਼ੂਨ ਵਿਚੋਂ ਲਿਆ ਜਾਂਦਾ ਹੈ ਤੇ ਅੱਗੋਂ ਚਾਰ ਮਰੀਜ਼ਾਂ ਨੂੰ ਉਹ ਪਲਾਜ਼ਮਾ ਚੜ੍ਹਾ ਦਿੱਤਾ ਜਾਂਦਾ ਹੈ।ਇਸ ਤਰਾਂ ਉਹ ਮਰੀਜ਼ ਬਹੱਤਰ ਘੰਟਿਆਂ ਵਿਚ ਕੋਰੋਨਾ ਦੀ ਬਿਮਾਰੀਉਪਰ ਜਿੱਤ ਪ੍ਰਾਪਤ ਕਰ ਲੈਂਦਾ ਹੈ।ਪਰ ਫੇਰ ਵੀ ਮੈਂ ਅਖ਼ਬਾਰ ਦਾ ਇੰਤਜ਼ਾਰ ਸਵੇਰ ਹੋਣ ਤੱਕ ਕੀਤਾ ਤਾਂ ਜੋ ਖਬਰ ਦੀ ਪੁਸ਼ਟੀ ਹੋ ਸਕੇ।ਇਹਨੂੰ ਕਹਿੰਦੇ ਨੇ ਵਿਸ਼ਵਾਸ਼ ਦਾ ਤਿੜਕ ਜਾਣਾ, ਭਰੋਸੇ ਦਾ ਟੁੱਟ ਜਾਣਾ।

ਵਿਸ਼ਵ ਦੇ ਇਤਿਹਾਸ ਵਿਚ ਕੋਰੋਨਾ ਪਹਿਲੀ ਮਹਾਂਮਾਰੀ ਹੈ ਜਿਸ ਨੇ ਪੂਰੀ ਦੁਨੀਆਂ ਨੂੰ ਆਪਣੀ ਜਕੜ ਤੇ ਪਕੜ ਵਿਚ ਲੈ ਲਿਆ ਹੈ।ਇਸ ਤੋਂ ਪਹਿਲਾਂ ਕਿਸੇ ਬਿਪਤਾ ਨੇ ਸਾਰੀ ਦੀ ਸਾਰੀ ਮਨੁੱਖਤਾ ਨੂੰ ਆਪਣੇ ਸ਼ਿਕੰਜੇ ਵਿਚ ਨਹੀਂ ਸੀ ਕੱਸਿਆ। ਕੁੱਝ ਕੁ ਮੁਲਕ ਹੀ ਅਸਰ ਅੰਦਾਜ਼ ਹੁੰਦੇ ਰਹੇ ਹਨ।ਸ਼ਾਇਦ ਇਸੇ ਲਈ ਕੁੱਝ ਕੁ ਦੇਸਾਂ ਤੋਂ ਇਲਾਵਾ ਹਰ ਇਨਸਾਨ ਇਕੋ ਜਿਹੀ ਮਨੋਅਵਸਥਾ, ਡਰ, ਭੈਅ ਤੇ ਸਹਿਮ ਦੇ ਮਾਹੌਲ ਵਿਚ ਵਿਚਰ ਰਿਹਾ ਹੈ।ਹਰ ਕਿਸੇ ਨੂੰ ਮੌਤ ਖਹਿਖਹਿ ਕੇ ਜਾਂਦੀ ਮਹਿਸੂਸ ਹੋ ਰਹੀ ਹੈ।ਹਰ ਕੋਈ ਹਰ ਕਿਸੇ ਤੋਂ ਬਚਣ ਦਾ ਯਤਨ ਕਰਦਾ ਲੱਗ ਰਿਹਾ ਹੈ।ਹਰ ਕੋਈ ਹਰ ਕਿਸੇ ਤੋਂ ਭੈਅਭੀਤ ਨਜ਼ਰ ਰਿਹਾ ਹੈ।

ਸੰਕਟ ਚਾਹੇ ਕਿੰਨਾ ਵੀ ਗੰਭੀਰ ਕਿਉਂ ਨਾ ਹੋਵੇ, ਬਿਪਤਾ ਚਾਹੇ ਕਿੰਨੀ ਖਤਰਨਾਕ ਕਿਉਂ ਨਾ ਹੋਵੇ, ਹਨੇਰਾ ਭਾਂਵੇਂ ਕਿੰਨਾ ਵੀ ਗਹਿਰਾ ਕਿਉਂ ਨਾ ਹੋਵੇ, ਆਪਣੀ ਹਿੰਮਤ, ਸੰਜਮ, ਹੌਸਲੇ ਤੇ ਅਕਲ ਦੀ ਬਦੌਲਤ ਮਨੁੱਖਤਾ ਨੇ ਇਸ ਵਿਚੋਂ ਉਭਰਨਾ ਹੀ ਉਭਰਨਾ ਹੈ।ਫੇਰ ਲਾਜ਼ਮੀ ਹੋਵੇਗਾ ਕੋਰੋਨਾ ਤੋਂ ਪਹਿਲਾਂ ਤੇ ਬਾਅਦ ਦੀ ਸਥਿਤੀਆਂ, ਪ੍ਰਸਿਥਤੀਆਂ, ਇਨਸਾਨੀ ਸੁਭਾਓ, ਵਤੀਰੇ ਤੇ ਕਾਰਵਿਵਹਾਰ ਦਾ ਮੁਲੰਅਕਣ।

ਕੋਰੋਨਾ ਵਰਗੇ ਅੱਖ ਦੇ ਫੋਰ ਵਿਚ ਫੈਲਣ ਵਾਲੇ ਵਾਇਰਸ ਤੋਂ ਹਿਫ਼ਾਜ਼ਤ ਲਈ ਜਿਸਮਾਨੀ ਫ਼ਾਸਲੇ ਤੇ ਪ੍ਰਹੇਜ਼ ਦੀ ਜ਼ਰੂਰਤ ਵੀ ਹੈ ਤੇ ਲਾਜ਼ਮੀ ਵੀ ਪਰ ਸਮਾਜਿਕ ਦੂਰੀ ਤੇ ਜਿਸਮਾਨੀ ਫਾਸਲੇ ਨੂੰ ਰੱਲਗੱਡ ਕਰ ਕੇ ਪ੍ਰਚਾਰਿਆ ਤੇ ਪ੍ਰਸਾਰਿਆ ਜਾ ਰਿਹਾ ਹੈ।ਸਮਾਜਿਕ ਦੂਰੀ ਤਾਂ ਸਮਾਜ ਅਤੇ ਮਨੁੱਖ ਰੂਪੀ ਸਮਾਜਿਕ ਪ੍ਰਾਣੀ ਦੇ ਸੁਭਾਅ ਵਿਚ ਮੁੱਢੋਂ ਹੀ ਹੈ।ਜਾਤਪਾਤ ਦੇ ਰੂਪ ਵਿਚ, ਧਾਰਿਮਕ ਕਟੜਤਾ ਤੇ ਫਿਰਕਾ ਪ੍ਰਸਤੀ ਦੀ ਸ਼ਕਲ ਵਿਚ, ਮਹਿਲਾਂ ਤੇ ਝੁੱਗੀਆਂ ਦੇ ਰੂਪ ਵਿਚ, ਨਸਲੀ ਵਿਤਕਰੇ ਦੀ ਸ਼ਕਲ ਵਿਚ ਤੇ ਔਰਤ ਨੂੰ ਪੈਰ ਦੀ ਜੁੱਤੀ ਸਮਝਣ ਦੇ ਰੂਪ ਵਿਚ।ਤਕਰੀਬਨ ਤਕਰੀਬਨ ਪੂਰੇ ਦੇ ਪੂਰੇ ਸੰਸਾਰ ਵਿਚ ਅਜਿਹਾ ਵਰਤਾਰਾ ਵਾਪਰ ਰਿਹਾ ਹੈ।

ਕੁੱਝ ਮਹੀਨੇ ਪਹਿਲਾਂ ਊਚਨੀਚ, ਜਾਤਪਾਤ, ਧਾਰਮਿਕ ਕਟੜਤਾ, ਨਸਲ ਤੇ ਰੰਗ ਦੇ ਵਿਤਕਰੇ ਦੀਆਂ ਵੱਲਗਣਾਂ ਬਹੁਤ ਹੀ ਮਜ਼ਬੂਤ ਤੇ ਗਹਿਰੀਆਂ ਸਨ।ਮਹਿਲ, ਝੁੱਗੀਆਂ ਵਿਚ ਦੀਵਾਂ ਬੱਲਦਾ ਵੀ ਬਰਦਾਸ਼ਤ ਨਹੀਂ ਸਨ ਕਰਦੇ, ਸਵਰਣ ਜਾਤਾਂ ਆਪਣੇ ਤੋਂ ਨੀਵੀਆਂ ਜਾਤਾਂ ਨਾਲ ਗੁਲਾਮਾਂ ਵਾਲਾ ਵਤੀਰਾ ਤੇ ਨਫ਼ਰਤ ਕਰਦੀਆਂ, ਇਕ ਧਰਮ ਨੂੰ ਮੰਨਣ ਵਾਲੇ ਆਪਣੇ ਧਰਮ ਨੂੰ ਸਰਵਉੱਚ ਤੇ ਦੂਸਰੇ ਧਰਮ ਨੂੰ ਧਰਮ ਹੀ ਨਾ ਸਮਝਦੇ, ਗੋਰਾ ਭੁਰੇ ਨੂੰ ਤੇ ਭੂਰਾ ਕਾਲੇ ਨੂੰ ਅੰਤਾਂ ਦੀ ਨਫ਼ਰਤ ਕਰਦਾ।ਕੀ ਕੋਰੋਨਾ ਤੋਂ ਬਾਅਦ ਇਨਸਾਨ ਨੂੰ ਕੋਈ ਸੋਝੀ ਆਵੇਗੀ? ਕੀ ਔਰਤ ਨੂੰ ਉਸ ਦਾ ਬਣਦਾ ਹੱਕ ਦੇਣ ਬਾਰੇ ਅਸੀਂ ਕਦੇ ਸੋਚਾਂਗੇ? ਕੀ ਸ਼ੇਰ ਬੱਕਰੀ ਦਾ ਇਕ ਘਾਟਤੇ ਪਾਣੀ  ਪੀਣਾ ਸੰਭਵ ਹੋ ਸਕੇਗਾ? ਕਾਸ਼! ਅਜਿਹਾ ਹੋ ਜਾਵੇ।

ਕੁੱਝ ਮਹੀਨੇ ਪਹਿਲਾਂ ਆਪੋਧਾਪੀ, ਭੱਜਨੱਠ, ਇਕ ਦੂਜੇ ਦੇ ਪੈਰ ਮਿੱਧ ਕੇ ਅਗਾਂਹ ਵੱਧਣ, ਆਪਸੀ ਨਫ਼ਰਤ, ਸਾੜਾ, ਈਰਖ਼ਾ, ਰਿਸ਼ਤੇਨਾਤੇ ਤੇ ਸਾਕਸਕੀਰੀਆਂ ਦਾ ਮਤਲਬ ਤੇ ਸਵਾਰਥ ਦੇ ਆਲੇ ਦੁਆਲੇ ਘੁੰਮਣ ਦਾ ਸਿਲਸਲਾ ਕੀ ਇਸ ਸੰਕਟ ਤੋਂ ਬਾਅਦ ਖਤਮ ਹੋ ਜਾਵੇਗਾ? ਠਰੰਮਾ, ਠਹਿਰਾਂ, ਹਮਦਰਦੀ, ਪਿਆਰ, ਸਤਿਕਾਰ, ਨਿਮਰਤਾ, ਨਿੱਘਨੇੜਤਾ ਕੀ ਮਨੁੱਖੀ ਫਿਤਰ ਦਾ ਹਿੱਸਾ ਬਣ ਜਾਣਗੇ? ਕਾਸ਼! ਅਜਿਹਾ ਹੋ ਜਾਵੇ।

ਸੂਬੇ ਜਾਂ ਮੁਲਕ ਵਿਚ ਹੀ ਨਹੀਂ ਬਲਿਕ ਸਾਰੇ ਸੰਸਾਰ ਵਿਚ ਰਾਜਨੀਤਿਕ ਤੇ ਵਪਾਰਕ ਹਿੱਤ ਭਾਰੂ ਹਨ।ਤਕੜਾ ਮਾੜੇ ਨੂੰ ਦੱਬਣ ਨੂੰ ਫਿਰਦਾ ਹੈ, ਦਾਬੇ ਮਾਰਦਾ ਹੈ, ਹੜੱਪਣ ਨੂੰ ਤਕਾਉਂਦਾ ਹੈ। ਮਨੁੱਖ ਸਿਹਤ ਲਈ ਖਤਰਨਾਕ ਉਦਯੋਗ ਆਪਣੇ ਵਾਲੇ ਪਾਸਿਓਂ ਪੁੱਟ ਕੇ, ਮਾੜਿਆਂ ਵਾਲੇ ਪਾਸੇ ਲਿਜਾ ਰਿਹਾ ਹੈ।ਕੋਰੋਨਾ ਨੇ ਕੀ ਤਕੜੇ, ਕੀ ਮਾੜੇ ਸਭ ਰਗੜ ਕੇ ਰੱਖ ਦਿੱਤੇ।ਸਭ ਨੂੰ ਯਮ ਦਿਸ ਰਹੇ ਹਨ।ਸਭ ਆਪਣੇ ਆਪਣੇ ਰੱਬ ਨੂੰ ਧਿਆ ਰਹੇ ਹਨ।ਕੀ ਇਸ ਸੰਕਟ ਤੋਂ ਬਾਅਦ ਇਨਸਾਨੀ ਸੁਭਾਅ/ਫਿਤਰਤ ਵਿਚ ਕੋਈ ਤਬਦੀਲੀ ਆਵੇਗੀ? ਕਾਸ਼! ਕੁਦਰਤ ਦਾ ਕ੍ਰਿਸ਼ਮਾ ਹੋ ਹੀ ਜਾਵੇ।

ਕੋਰੋਨਾ ਸੰਕਟ ਤੋਂ ਨਿਜ਼ਾਤ ਪਾਉਣ ਤੋਂ ਬਾਅਦ ਸੰਸਾਰ ਵਿਚ ਬਿਨਾਂ ਸ਼ੱਕ ਸਾਹਿਤ, ਨਾਟਕਾਂ, ਫਿਲਮਾਂ, ਕੀ ਅਜੌਕੀ ਪ੍ਰਚਲਿਤ ਗਾਇਕੀ ਦੇ ਵਿਸ਼ਿਆਂ ਅਤੇ ਸੁਭਾਅ ਵਿਚ ਕੀ ਸਾਕਾਰਆਤਮਕ ਤੇ ਹਾਂਪੱਖੀ ਤਬਦੀਲੀਆਂ ਆਉਂਣਗੀਆਂ? ਕੀ ਕਲਮਾਂ ਦੇ ਜਜ਼ਬੀਆਂ ਤੇ ਭਾਵਨਾਵਾਂ ਵਿਚ ਬਦਲਾਅ ਆਵੇਗਾ? ਕਾਸ਼! ਅਜਿਹਾ ਹੋ ਜਾਵੇ।

ਮਨੁੱਖ ਵਿਕਾਸ ਦੀ ਅੰਨੀ ਦੌੜ ਵਿਚ ਅੱਗਾ ਦੋੜ, ਪਿੱਛਾ ਚੌੜ ਵਾਲੇ ਰਾਹ ਪਿਆ ਹੋਇਆ ਹੈ।ਪੈਦਾਵਾਰ ਵਧਾਉਣ ਦੇ ਚੱਕਰ ਵਿਚ ਮਨੁੱਖ ਰੂਪੀ ਪ੍ਰਾਣੀ ਵਾਤਾਵਰਣ ਦੀ ਸ਼ਰੇਆਮ ਧੱਜੀਆਂ ਉਡਾ ਰਹੇ ਹਾਂ।ਪੈਦਾਵਾਰ ਚਾਹੇ ਉਦਯੋਗਿਕ ਹੋਵੇ ਜਾਂ ਫ਼ਸਲੀ, ਪਾਣੀ ਦੀ ਬੇਕਿਰਕ ਵਰਤੋਂ, ਜੰਗਲਾਂਦਰਖਤਾਂ ਦਾ ਬੇਰਹਿਮੀ ਨਾਲ ਵਢਾਂਗਾਨਦੀਆਨਾਲਿਆਂ ਵਿਚ ਜ਼ਹਿਰੀ ਤੇਜ਼ਾਬ ਤੇ ਹੋਰ ਜ਼ਹਿਰੀਲੇ ਪਦਾਰਥਾਂ ਦੀ ਮਿਲਾਵਟ।ਮਲਤਬ ਕਿ ਮਨੁੱਖ ਜਿਸ ਟਾਹਣੀ ਉਪਰ ਬੈਠਾ ਹੈ, ੳੇਸੇ ਉਪਰ ਆਰੀ ਚਲਾ ਰਿਹਾ ਹੈ।ਆਪਣੇ ਮਿੱਤਰ ਜੀਵਜੰਤੂਆਂ ਮਗਰ ਵੀ ਇਨਸਾਨ ਹੱਥ ਧੋ ਕੇ ਪਿਆ ਹੋਇਆ ਹੈ।ਜਿਸ ਦੇ ਨਤੀਜੇ ਇਨਸਾਨ ਕੋਰੋਨਾ ਵਰਗੀਆਂ ਮਹਾਂਮਾਰੀ ਤੇ ਹੋਰ ਆਪੇ ਸਹੇੜੇ ਸਿਆਪਿਆਂ ਦੇ ਰੂਪ ਵਿਚ ਭੁਗਤ ਰਿਹਾ ਹੈ।ਕੋਰੋਨਾ ਕਰਕੇ ਠਹਿਰੇ ਜੀਵਨ ਦੀ ਬਦੌਲਤ ਸ਼ੁੱਧ ਵਾਤਾਵਰਣ, ਕੁਦਰਤੀ ਸਰੋਤਾਂ ਦਾ ਨਿਰਮਲ ਜੱਲ, ਚਿੜੀਆਂ, ਘੁੱਗੀਆਂਗਟਾਂਰਾਂ ਤੇ ਕੋਇਲਾਂ ਦੀਆਂ ਵੰਨਸੁਵੰਨੀਆਂ ਤੇ ਮਨਮੋਹਣੀਆਂ ਅਵਾਜ਼ਾਂ ਇਨਸਾਨੀ ਜ਼ਿੰਦਗੀ ਨੂੰ ਅੱਜ ਦੇ ਸਮੇਂ ਬੋਝਲ ਤੇ ਨੀਰਸ ਹੋਣ ਤੋਂ ਬਚਾਉਣ ਵਿਚ ਆਪਣਾ ਵਿਸ਼ੇਸ਼ ਯੋਗਦਾਨ ਪਾ ਰਹੀਆਂ ਹਨ।ਕੀ ਕੋਰੋਨਾ ਤੋਂ ਬਾਅਦ ਦਾ ਮਨੁੱਖ ਇਸ ਸ਼ੁੱਧ ਵਾਤਾਵਣ ਤੇ ਨਿਰਮਲ ਮਾਹੌਲ ਨੂੰ ਬਰਕਰਾਰ ਰੱਖਣ ਵਿਚ ਆਪਣਾ ਵੀ ਤਿੱਲਫੁੱਲ ਪਾਵੇਗਾ? ਕਾਸ਼! ਅਜਿਹਾ ਹੋ ਜਾਵੇ।

                                                          

 

 

Real Estate